ਵੈਨਕੂਵਰ: ਬ੍ਰਿਟਿਸ਼ ਕੋਲੰਬੀਆ ‘ਚ ਇੱਕ ਸਾਬਕਾ ਰੇਜ਼ੀਡੈਂਸ਼ੀਅਲ ਸਕੂਲ ਦੇ ਨੇੜ੍ਹੇ 182 ਨਿਸ਼ਾਨ-ਰਹਿਤ ਕਬਰਾਂ ਮਿਲੀਆਂ ਹਨ। ਫ਼ਸਟ ਨੇਸ਼ਨ ਨੇ ਨਿਸ਼ਾਨ-ਰਹਿਤ ਕਬਰਾਂ ਖੋਜੇ ਜਾਣ ਦੀ ਤਸਦੀਕ ਕੀਤੀ ਹੈ।
ਬੁੱਧਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਲੋਅਰ ਕੂਟਨੇ ਬੈਂਡ (Lower Kootenay Band) ਨੇ ਕਿਹਾ ਕਿ ਕਰੈਨਬਰੂਕ ਨੇੜ੍ਹੇ ਪੁਰਾਣੇ ਸੇਂਟ ਯੂਜੀਨਜ਼ ਮਿਸ਼ਨ ਸਕੂਲ ਕੋਲੋਂ ਬਿਨਾਂ ਨਿਸ਼ਾਨਬੱਧ ਕਬਰਾਂ ‘ਚੋਂ 182 ਪਿੰਜਰ ਮਿਲੇ ਹਨ।
ਕਰੈਨਬਰੂਕ ਸ਼ਹਿਰ ਦੇ ਨੇੜ੍ਹੇ ਵਸੇ ਕਤੁਨਕਸਾ ਨੇਸ਼ਨ (Ktunaxa Nation) ਦੇ ਭਾਈਚਾਰੇ ਨੇ ਜ਼ਮੀਨ ਦੇ ਅੰਦਰ ਤੱਕ ਜਾਣ ਵਾਲੀ ਰਡਾਰ ਦੀ ਮਦਦ ਨਾਲ ਸੇਂਟ ਯੂਜੀਨਜ਼ ਮਿਸ਼ਨ ਸਕੂਲ ਨਜ਼ਦੀਕ ਇਹਨਾਂ ਨਿਸ਼ਾਨ-ਰਹਿਤ ਕਬਰਾਂ ਬਾਰੇ ਪਤਾ ਲਗਾਇਆ। ਦੱਸਿਆ ਜਾ ਰਿਹਾ ਹੈ ਕਿ ਇਹ ਜ਼ਿਆਦਾ ਡੂੰਘੀਆਂ ਵੀ ਨਹੀਂ ਹਨ, ਇਹਨਾਂ ਨੂੰ ਬਣਾਉਣ ਲਈ ਜ਼ਮੀਨ ਨੂੰ ਲਗਭਗ ਇੱਕ ਮੀਟਰ ਤੱਕ ਹੀ ਪੁੱਟਿਆ ਗਿਆ ਸੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੈਨੇਡਾ ‘ਚ ਦੋ ਸਾਬਕਾ ਰੇਜ਼ੀਡੈਂਸ਼ੀਅਲ ਸਕੂਲਾਂ ਦੇ ਨਜ਼ਦੀਕ ਨਿਸ਼ਾਨ-ਰਹਿਤ ਕਬਰਾਂ ਮਿਲ ਚੁੱਕੀਆਂ ਹਨ।