100 ਸਾਲ ਦਾ ਬਜ਼ੁਰਗ ਵੀ ਨਹੀਂ ਘਬਰਾਉਂਦਾ ਕਿਸਾਨ ਸੰਘਰਸ਼ ਵਿਚ ਜਾਣ ਤੋਂ

TeamGlobalPunjab
3 Min Read

-ਅਵਤਾਰ ਸਿੰਘ

ਕੇਂਦਰ ਦੀ ਮੋਦੀ ਸਰਕਾਰ ਵਲੋਂ ਤਿਆਰ ਕੀਤੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਵਿਚ ਕਿਸਾਨ ਮੋਰਚੇ ‘ਤੇ ਡਟੇ ਹੋਏ ਹਨ। ਉਨ੍ਹਾਂ ਦਾ ਮਨੋਬਲ ਵਧਾਉਣ ਲਈ ਵੱਖ ਵੱਖ ਧਿਰਾਂ ਸਾਥ ਦੇ ਰਹੀਆਂ ਹਨ। ਇਨ੍ਹਾਂ ਵਿਚ ਗਾਇਕ, ਕਲਾਕਾਰ, ਮੁਲਾਜ਼ਮ, ਬੁਧੀਜੀਵੀ ਅਤੇ ਹੋਰ ਵਰਗ ਵੀ ਸ਼ਾਮਿਲ ਹਨ। ਪਿਛਲੇ ਤਿੰਨ ਹਫਤਿਆਂ ਤੋਂ ਵੱਧ ਸਮੇਂ ਤੋਂ ਕਿਸਾਨ ਟੋਲ ਪਲਾਜ਼ਿਆਂ ਅਤੇ ਰੇਲ ਪਟੜੀਆਂ ਉਪਰ ਧਰਨੇ ਦੇ ਰਹੇ ਹਨ। ਉਨ੍ਹਾਂ ਦੀ ਇਸ ਹਠਧਰਮੀ ਨੂੰ ਦੇਖ ਕੇ ਹਰੇਕ ਦਾ ਮਨ ਪਸੀਜ ਰਿਹਾ ਹੈ। ਇਸੇ ਤਰ੍ਹਾਂ ਜਲੰਧਰ ਨੇੜਲੇ ਪਿੰਡ ਮਹਿਤਪੁਰ ਦੇ ਟੋਲ ਪਲਾਜ਼ਾ ਉਪਰ ਧਰਨਾ ਦੇ ਰਹੇ ਕਿਸਾਨਾਂ ਦਾ ਮਨੋਬਲ ਉਚਾ ਚੁੱਕਣ ਲਈ 70 ਸਾਲ ਦੇ ਪ੍ਰੀਤਮ ਸਿੰਘ ਆਪਣੇ 102 ਸਾਲ ਦੀ ਉਮਰ ਦੇ ਪਿਤਾ ਇੰਦਰ ਸਿੰਘ ਨੂੰ ਨਾਲ ਲੈ ਕੇ ਲਗਾਤਾਰ ਧਰਨਿਆਂ ਵਿੱਚ ਪਹੁੰਚ ਰਿਹਾ ਹੈ।

ਵਡੇਰੀ ਉਮਰ ਹੋਣ ਇੰਦਰ ਸਿੰਘ ਨੂੰ ਵਿਸਥਾਰ ਵਿੱਚ ਤਾਂ ਕੁਝ ਸਮਝ ਨਹੀਂ ਆ ਰਿਹਾ ਪਰ ਇੰਨਾ ਕੁ ਪਤਾ ਲਗ ਰਿਹਾ ਕਿ ਦੇਸ਼ ਵਿੱਚ ਅੱਜ ਕਿਸਾਨੀ ਨਾਲ ਕੁਝ ਠੀਕ ਨਹੀਂ ਹੋ ਰਿਹਾ ਜਿਸ ਕਰਕੇ ਦੇਸ਼ ਦਾ ਕਿਸਾਨ ਇਸ ਨੂੰ ਬਚਾਉਣ ਲਈ ਜੂਝ ਰਿਹਾ ਹੈ।

ਪ੍ਰੀਤਮ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਦਾ ਪੂਰਾ ਜੀਵਨ ਕਿਸਾਨੀ ਵਿਚ ਵਿਚਰਿਆ ਹੈ। ਇਸ ਕਰਕੇ ਦੋਵੇਂ ਪਿਉ ਪੁੱਤ ਧਰਨਿਆਂ ਵਿਚ ਸ਼ਾਮਿਲ ਹੋ ਕੇ ਇਹ ਸੁਨੇਹਾ ਦੇ ਰਹੇ ਕਿ ਸੰਘਰਸ਼ ਕਰ ਰਿਹਾ ਕਿਸਾਨ ਇੱਕੱਲਾ ਨਹੀਂ ਹੈ। ਪ੍ਰੀਤਮ ਸਿੰਘ ਦਾ ਹਾਲ ਹੀ ਵਿਚ ਅਪ੍ਰੇਸ਼ਨ ਹੋਇਆ ਹੈ ਫਿਰ ਵੀ ਉਹ ਹਜ਼ਾਰਾਂ ਦੀ ਗਿਣਤੀ ਵਿਚ ਦਿਨ ਰਾਤ ਧਰਨਾ ਦੇ ਰਹੇ ਕਿਸਾਨਾਂ ਦੀ ਹਮਾਇਤ ਵਿਚ ਓਹਨਾ ਦੇ ਨਾਲ ਖੜਾ ਹੈ।

- Advertisement -

ਇਸੇ ਤਰ੍ਹਾਂ ਪਿੰਡ ਮੂਸੇਪੁਰ ਦੇ ਕਿਰਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਦੀ 91 ਸਾਲ ਦੀ ਮਾਂ ਅਤੇ ਪਤਨੀ ਜੋ ਅਧਰੰਗ ਤੋਂ ਪੀੜਤ ਹੈ, ਘਰ ਮੰਜੇ ਤੇ ਪਈ ਹੈ ਫਿਰ ਉਸ ਨੇ ਕਿਸਾਨ ਸੰਘਰਸ਼ ਵਿਚ ਹਾਜ਼ਰੀ ਭਰਨੀ ਇਕ ਦਿਨ ਵੀ ਨਹੀਂ ਛੱਡੀ। ਉਸ ਦਾ ਕਹਿਣਾ ਹੈ ਕਿ ਘਰ ਵਿਚਉਹ ਹੀ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਹੈ। ਉਸ ਦਾ ਧਿਆਨ ਦੁਵਲੇ ਵੰਡਿਆ ਹੋਇਆ ਹੈ। ਉਸ ਨੂੰ ਆਪਣੀ ਪਤਨੀ, ਮਾਂ ਅਤੇ ਆਪਣੇ ਖੇਤਾਂ ਦੀ ਚਿੰਤਾ ਹੈ। ਉਸ ਦਾ ਪੁੱਤਰ ਵਿਦੇਸ਼ ਰਹਿੰਦਾ ਹੈ, ਪਰ ਮਜੂਦਾ ਹਾਲਾਤ ਦੇ ਮੱਦੇਨਜ਼ਰ ਆਪਣੇ ਪੁੱਤਰ ਨੂੰ ਕਦੇ ਵੀ ਖੇਤੀ ਸੰਭਲਣ ਲਈ ਨਹੀਂ ਕਿਹਾ। ਉਸ ਦਾ ਕਹਿਣਾ ਹੈ ਕਿ ਆਪਣੀ ਕਿਸਾਨ ਬਰਾਦਰੀ ਨੂੰ ਬਚਾਉਣ ਲਈ ਹਰ ਤਰ੍ਹਾਂ ਲੜਨ ਲਈ ਤਿਆਰ ਹੈ।

ਇਸੇ ਤਰ੍ਹਾਂ ਪਿੰਡ ਹੁਸ਼ਿਆਰਪੁਰ ਦੇ ਨੌਜਵਾਨ ਕਿਸਾਨ ਨੂੰ ਇਕ ਦਿਨ ਉਸ ਦੇ ਇਕ ਰਿਸ਼ਤੇਦਾਰ ਦਾ ਫੋਨ ਆਇਆ ਕਿ ਉਸ ਦੇ ਪਿਤਾ ਨੂੰ ਦਿਲ ਦਾ ਦੌਰਾ ਪੈ ਗਿਆ। ਉਹ ਤੁਰੰਤ ਆਪਣੇ ਘਰ ਗਿਆ ਅਤੇ ਖ਼ਬਰ ਸਾਰ ਲੈ ਕੇ ਦੂਜੇ ਦਿਨ ਆ ਕੇ ਧਰਨੇ ‘ਤੇ ਬੈਠ ਗਿਆ। ਇਸ ਤਰ੍ਹਾਂ ਕਿਸਾਨਾਂ ਦੇ ਇਸ ਸੰਘਰਸ਼ ਵਿਚ ਹਰ ਸਖ਼ਸ਼ ਉਨ੍ਹਾਂ ਨਾਲ ਹਮਾਇਤ ਰੱਖਦਾ ਹੈ।

Share this Article
Leave a comment