ਹੋਰ ਲਵੋ ਪੰਗੇ! ਵਿਧਾਇਕ ਜ਼ੀਰਾ ਮੁਅੱਤਲ ਤੇ ਪੀਏ ਗ੍ਰਿਫਤਾਰ, ਕੁਝ ਤਾਂ ਗੜਬੜ ਹੈ!

Prabhjot Kaur
5 Min Read

ਮੋਗਾ : ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਨਸ਼ਿਆਂ ਦੇ ਮਾਮਲੇ ਵਿੱਚ ਆਪਣੀ ਹੀ ਸਰਕਾਰ ਨੂੰ ਸ਼ਰੇਆਮ ਸਟੇਜ ‘ਤੇ ਘੇਰਨ ਤੋਂ ਬਾਅਦ ਪੰਜਾਬ ਪੁਲਿਸ ਐਕਸ਼ਨ ਮੋਡ ਵਿੱਚ ਆ ਗਈ ਹੈ ਤੇ ਜਿਹੜਾ ਐਕਸ਼ਨ ਪੁਲਿਸ ਨੇ ਸਭ ਤੋਂ ਪਹਿਲਾਂ ਲਿਆ ਹੈ ਉਹ ਹੈ ਜ਼ੀਰਾ ਦਾ ਪੀਏ ਦੱਸੇ ਜਾ ਰਹੇ ਨੀਰਜ ਸ਼ਰਮਾ ਨੂੰ ਗ੍ਰਿਫਤਾਰ ਕਰਨ ਦਾ । ਪੁਲਿਸ ਅਨੁਸਾਰ ਵਿਧਾਇਕ ਦਾ ਇਹ ਪੀਏ ਸ਼ਰਾਬ ਕਾਰੋਬਾਰੀਆਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਵਸੂਲੀ ਕਰਦਾ ਸੀ ਤੇ ਅਗਸਤ 2015 ਤੋਂ ਭਗੌੜੇ ਇਸ ਵਿਅਕਤੀ ਦੀ ਤਲਾਸ਼ ਪੁਲਿਸ ਪਿਛਲੇ ਲੰਬੇ ਸਮੇਂ ਤੋਂ ਕਰ ਰਹੀ ਸੀ।

ਦੱਸ ਦਈਏ ਕਿ ਹਲਕਾ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਬੀਤੇ ਦਿਨੀਂ ਪੰਚਾਂ ਸਰਪੰਚਾਂ ਨੂੰ ਸਹੁੰ ਚੁੱਕਵਾਉਣ ਵਾਲੇ ਇੱਕ ਸਰਕਾਰੀ ਸਮਾਗਮ ਦੌਰਾਨ ਸਟੇਜ ‘ਤੇ ਮਨਪ੍ਰੀਤ ਬਾਦਲ ਦੀ ਹਾਜ਼ਰੀ ਵਿੱਚ ਆਪਣੀ ਹੀ ਸਰਕਾਰ ਅਤੇ ਪੁਲਿਸ ਦੇ ਖਿਲਾਫ ਇਹ ਕਹਿੰਦਿਆਂ ਤਾਬੜ-ਤੋੜ ਹਮਲੇ ਕੀਤੇ ਸਨ ਕਿ ਇਹ ਪੰਚ ਸਰਪੰਚ ਨਸ਼ਾ ਰੋਕਣ ਲਈ ਸਹੁੰ ਕਿਸ ਗੱਲ ਦੀ ਚੁੱਕਣ ? ਕਿਉਂਕਿ ਨਸ਼ਾ ਤਾਂ ਸਾਡੀ ਪੁਲਿਸ ਆਪ ਵਿਕਵਾ ਰਹੀ ਹੈ ਇਸ ਮੌਕੇ ਜ਼ੀਰਾ ਨੇ ਫਿਰੋਜ਼ਪੁਰ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਦੇ ਖਿਲਾਫ ਦੱਬਕੇ ਭੜਾਸ ਕੱਢਦਿਆਂ ਕਿਹਾ ਸੀ ਕਿ ਇਹ ਆਈਜੀ ਮੁਜ਼ਰਮਾ ਨੂੰ ਸ਼ਹਿ ਦਿੰਦਾ ਹੈ ਲਿਹਾਜਾ ਇਸ ਦੇ ਨਾਲ ਮੈਂ ਸਟੇਜ ਵੀ ਸਾਂਝੀ ਨਹੀਂ ਕਰ ਸਕਦਾ । ਇਹ ਕਹਿ ਕੇ ਜ਼ੀਰਾ ਉੱਥੋਂ ਤਾਂ ਚਲਾ ਗਿਆ ਪਰ ਦੂਜੇ ਦਿਨ ਕਾਗਜਾ ਤੇ ਤਸਵੀਰਾਂ ਸਮੇਤ ਡੀਜੀਪੀ ਪੰਜਾਬ ਵਿੱਚ ਜਾ ਬੱਜਾ ਸੀ ਜਿਥੇ ਉਸ ਨੇ ਆਈਜੀ ਮੁਖਵਿੰਦਰ ਛੀਨਾ ਨੂੰ ਦੋਸ਼ੀ ਠਹਿਰਾਉਦੀਆਂ ਉਸ ਦੇ ਖਿਲਾਫ ਸਬੂਤ ਦੇਣ ਦਾ ਦਾਅਵਾ ਕੀਤਾ ਸੀ ।

ਜ਼ੀਰਾ ਦੀ ਇਸ ਕਾਰਵਾਈ ਤੋਂ ਬਾਅਦ ਸਮਝਿਆ ਤਾਂ ਇਹ ਜਾ ਰਿਹਾ ਸੀ ਕਿ ਹੁਣ ਫਿਰੋਜ਼ਪੁਰ ਪੁਲਿਸ ਦੀ ਖੇਰ ਨਹੀਂ ਪਰ ਉਸੇ ਦਿਨ ਕੁਝ ਸ਼ਰਾਬ ਕਾਰੋਬਾਰੀਆਂ ਨੇ ਪੱਤਰਕਾਰ ਸਮੇਲਨ ਦੌਰਾਨ ਵਿਧਾਇਕ ਜ਼ੀਰਾ ਅਤੇ ਉਸ ਦੇ ਪੀਏ ਨੂੰ ਦੋਸ਼ੀ ਠਹਿਰਾਉਦਿਆਂ ਕਹਿ ਦਿੱਤਾ ਕੀ ਇਹ ਵਿਧਾਇਕ ਅਤੇ ਇਸ ਦਾ ਪੀਏ ਤਾਂ ਸ਼ਰਾਬ ਕਾਰੋਬਾਰੀਆਂ ਤੋਂ ਆਪ ਵਸੂਲੀਆਂ ਕਰਦੇ ਫਿਰਦੇ ਹਨ । ਕਾਰੋਬਾਰੀਆਂ ਅਨੁਸਾਰ ਕੁਲਬੀਰ ਸਿੰਘ ਜ਼ੀਰਾ ਉਨ੍ਹਾਂ ਤੋਂ ਪੰਜਾਹ ਲੱਖ ਰੁਪਏ ਦੀ ਮੰਗ ਕਰ ਰਿਹ  ਹੈ ਤੇ ਮੰਗ ਨਾ ਪੂਰੀ ਹੋਣ ਉੱਤੇ ਪਹਿਲਾਂ ਵੀ ਪਰਚੇ ਕਰਵਾ ਚੁੱਕਿਆ ਹੈ । ਇਸ ਪੱਤਰਕਾਰ ਸਮੇਲਨ ਵਿੱਚ ਇਨ੍ਹਾਂ ਕਾਰੋਬਾਰੀਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਜ਼ੀਰਾ ਦਾ ਪੀਏ ਇੱਕ ਭਗੌੜਾ ਮੁਜ਼ਰਮ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਜ਼ੀਰਾ ਦੀ ਸਰਪਰਸਤੀ ਹੇਠ ਖੁੱਲ੍ਹਾ ਘੁੰਮ ਰਿਹਾ ਹੈ ।

ਹੁਣ ਤੱਕ ਦੋਸ਼ ਦੋਵਾਂ ਧਿਰਾਂ ‘ਤੇ ਬਰਾਬਰ ਦੇ ਲੱਗ ਚੁੱਕੇ ਹਨ ਪਰ ਉਮੀਦ ਦੇ ਉਲਟ ਕਾਰਵਾਈ ਜ਼ੀਰਾ ਦੇ ਖਿਲਾਫ ਹੀ ਸ਼ੁਰੂ ਹੋ ਗਈ ਪਹਿਲਾਂ ਕਾਂਗਰਸ ਪਾਰਟੀ ਦੀ ਅਨੁਸ਼ਾਸਨੀਕ ਕਮੇਟੀ ਨੇ ਜ਼ੀਰਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਤੇ ਜ਼ਵਾਬ ਮਿਲਣ ਤੋਂ ਬਾਅਦ ਹੁਣ ਉਸ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਫਿਰੋਜ਼ਪੁਰ ਪੁਲਿਸ ਨੇ ਜ਼ੀਰਾ ਦੇ ਪੀਏ ਦੱਸੇ ਜਾ ਰਹੇ ਨੀਰਜ ਸ਼ਰਮਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ । ਸਵਾਲ ਇਹ ਨਹੀਂ ਹੈ ਕਿ ਜ਼ੀਰਾ ਨੂੰ ਪਾਰਟੀ ‘ਚੋਂ ਬਾਹਰ ਕਿਉਂ ਕੱਢਿਆ ਗਿਆ ਤੇ ਨੀਰਜ ਸ਼ਰਮਾ ਨੂੰ ਗ੍ਰਿਫਤਾਰ ਕਿਉਂ ਕਰ ਲਿਆ ਗਿਆ ? ਸਵਾਲ ਇਹ ਹੈ ਕਿ ਜ਼ੀਰਾ ਵੱਲੋਂ ਲਾਏ ਗਏ ਉਨ੍ਹਾਂ ਇਲਜ਼ਾਮਾਂ ‘ਤੇ ਵੀ ਕਾਰਵਾਈ ਉਨੀ ਤੇਜ਼ੀ ਨਾਲ ਕਿਉਂ ਨਹੀਂ ਕੀਤੀ ਗਈ ਜਿਨ੍ਹੀ ਤੇਜ਼ੀ ਜ਼ੀਰਾ ਨੂੰ ਪਾਰਟੀ ‘ਚੋਂ ਬਾਹਰ ਕੱਢਣ ਤੇ ਉਸ ਦੇ ਪੀਏ ਨੂੰ ਫੜਕੇ ਅੰਦਰ ਦੇਣ ‘ਚ ਦਿਖਾਈ ਗਈ ਹੈ ?

- Advertisement -

ਇਥੇ ਚਿੜੇ ਤੇ ਬਾਂਦਰ ਦੀ ਉਹ ਕਹਾਣੀ ਬਿਲਕੁਲ ਫਿਟ ਬੈਠ ਰਹੀ ਹੈ ਜਿਸ ਵਿੱਚ ਮੀਂਹ ਨਾਲ ਭਿੱਝ ਰਹੇ ਬਾਂਦਰ ਨੂੰ ਜਦੋ ਉਸ ਦੇ ਜਿਗਰੀ ਦੋਸਤ ਚਿੜੇ ਨੇ ਯਾਦ ਦੁਆਇਆ ਕਿ ਜੇ ਤੂੰ ਮੇਰੀ ਗੱਲ ਮੰਨ ਕੇ ਆਪਣਾ ਘਰ ਬਣਾ ਲੈਂਦਾ ਤਾਂ ਅੱਜ ਮੀਂਹ ਵਿੱਚ ਨਾ ਭਿੱਝਦਾ । ਇਨ੍ਹਾਂ ਸੁਣਦਿਆਂ ਹੀ ਬਾਂਦਰ ਨੇ ਚਿੜੇ ਦਾ ਆਲਣਾ ਵੀ ਢਾਹ ਦਿੱਤਾ ਸੀ ਹੁਣ ਬਾਂਦਰ ਤੇ ਚਿੜਾ ਭਾਵੇਂ ਇਸ ਕਹਾਣੀ ਦੇ ਪਾਤਰ ਨੇ ਪਰ ਇਹ ਪੜ੍ਹਕੇ ਲੋਕ ਸਰਕਾਰ ਅਤੇ ਜ਼ੀਰਾ ਵਿੱਚੋਂ ਇਹ ਪਾਤਰਾ ਨੂੰ ਤਲਾਸ਼ਣ ਦੀ ਕੋਸ਼ਿਸ਼ ਜ਼ਰੂਰ ਕਰਨਗੇ ਤੇ ਜਦੋਂ ਸਮਝ ਆ ਗਈ ਤਾਂ ਸਿਆਣਿਆਂ ਦੀ ਬੇਨਤੀ ਹੈ ਕਿ ਆਪਣੇ ਅੰਦਰ ਦਾ ਸਿਆਣਾ ਵੋਟਰ ਆਉਂਦੀਆਂ ਵੋਟਾਂ ਤੱਕ ਸਾਂਤ ਕਰਕੇ ਰੱਖਿਓ ਉਦੋ ਕੰਮ ਆਏਗਾ ।

Share this Article
Leave a comment