ਹੁਣ ਭਗਵੰਤ ਮਾਨ ਤੋਂ ਰਾਜਨੀਤੀ ਦੇ ਦਾਅ ਪੇਚ ਸਿੱਖੇਗਾ ਸੰਨੀ ਦਿਓਲ? ਦੇਖੋ ਵੀਡੀਓ

TeamGlobalPunjab
4 Min Read

ਚੰਡੀਗੜ੍ਹ : ਬੀਤੇ ਦਿਨੀਂ ਜਦੋਂ ਗੁਰਦਾਸਪੁਰ ਤੋਂ ਤਾਜੇ ਤਾਜੇ ਚੁਣੇ ਗਏ ਮੈਂਬਰ ਪਾਰਲੀਮੈਂਟ ਅਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਵੱਲੋਂ ਜਾਰੀ ਕੀਤੀ ਗਈ ਉਹ ਚਿੱਠੀ ਵਾਇਰਲ ਹੋਈ ਸੀ ਜਿਸ ਵਿੱਚ ਸੰਨੀ ਨੇ ਗੁਰਦਾਸਪੁਰ ਤੋਂ ਆਪਣਾ ਪ੍ਰਤੀਨਿਧ ਲੇਖਕ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਨਿਯੁਕਤ ਕੀਤਾ ਸੀ ਤਾਂ ਉਸ ਵੇਲੇ ਸੰਨੀ ਦਿਓਲ ਆਪਣੇ ਵਿਰੋਧੀ ਸਿਆਸਤਦਾਨਾਂ ਦੇ ਨਿਸ਼ਾਨੇ ‘ਤੇ ਆ ਗਏ ਸਨ। ਹਾਲਾਤ ਇਹ ਸਨ ਕਿ ਲੋਕ ਗੁਰਦਾਸਪੁਰੀਆਂ ਨੂੰ ਇਹ ਚਿੱਠੀ ਦਿਖਾ ਦਿਖਾ ਕੇ ਮਜਾਕ ਕਰਦਿਆਂ ਚੁੱਲੂ ਭਰ ਪਾਣੀ ਅਤੇ ਡੁੱਬ ਮਰਨ ਵਾਲੀਆਂ ਕਹਾਵਤਾਂ ਸੁਣਾ ਰਹੇ ਸਨ। ਹਾਲਾਂਕਿ ਸੰਨੀ ਦਿਓਲ ਨੇ ਸਫਾਈ ਦੇ ਕੇ ਇਸ ਮਾਮਲੇ ਨੂੰ ਕੁਝ ਸ਼ਾਂਤ ਕਰਨ ਦੀ ਕੋਸ਼ਿਸ਼ ਜਰੂਰ ਕੀਤੀ ਸੀ ਪਰ ਹੁਣ ਉਨ੍ਹਾਂ ਦੇ ਪਿਤਾ ਅਤੇ ਬਾਲੀਵੁੱਡ ਦੇ ਮਾਚੋਮੈਨ ਕਹੇ ਜਾਂਦੇ ਧਰਮਿੰਦਰ ਦਿਓਲ ਨੇ ਇੱਕ ਅਜਿਹਾ ਟਵੀਟ ਕੀਤਾ ਹੈ ਜਿਸ ਬਾਰੇ ਚਰਚਾ ਹੈ ਕਿ ਇਸ ਟਵੀਟ ਨੇ ਸੰਨੀ ਦਿਓਲ ਦੀ ਸਿਆਸਤ ਨੂੰ ਚਾਰੋਂ ਖਾਨੇ ਚਿੱਤ ਕਰਨ ਵਿੱਚ ਕੋਈ ਕੋਰ ਕਸਰ ਬਾਕੀ ਨਹੀਂ ਛੱਡੀ ਹੈ। ਜੀ ਹਾਂ ਇਸ ਟਵੀਟ ਵਿੱਚ ਧਰਮਿੰਦਰ ਨੇ ਸੰਨੀ ਨੂੰ ਸਲਾਹ ਦਿੰਦਿਆਂ ਕਿਹਾ ਹੈ ਕਿ ਤੁਸੀਂ ਭਗਵੰਤ ਮਾਨ ਤੋਂ ਸਿੱਖਣ ਦੋ ਕੋਸ਼ਿਸ਼ ਕਰੋ, ਜਿਸ ਨੇ ਦੇਸ਼ ਸੇਵਾ ਖਾਤਰ ਆਪਣਾ ਕਰੋੜਾਂ ਦਾ ਪੇਸ਼ਾ ਛੱਡ ਦਿੱਤਾ। ਜਿਸ ‘ਤੇ ਧਰਮਿੰਦਰ ਨੇ ਮਾਨ ‘ਤੇ ਮਾਣ ਕੀਤਾ ਹੈ। ਧਰਮਿੰਦਰ ਦੇ ਇਸ ਟਵੀਟ ਤੋਂ ਬਾਅਦ ਜਦੋਂ ਚਾਰੇ ਪਾਸੇ ਇਸ ਗੱਲ ਦਾ ਰੌਲਾ ਪੈ ਗਿਆ ਕਿ ਸੰਨੀ ਦਿਓਲ ਵੱਲੋਂ ਗੁਰਦਾਸਪੁਰ ‘ਚ ਆਪਣਾ ਪ੍ਰਤੀਨਿਧ ਨਿਯੁਕਤ ਕਰਨ ਦੀ ਧਰਮਿੰਦਰ ਨੇ ਵੀ ਨੁਕਤਾਚੀਨੀ ਕਰ ਦਿੱਤੀ ਹੈ, ਤਾਂ ਪਹਿਲਾਂ ਤਾਂ ਧਰਮਿੰਦਰ ਨੇ ਟਵੀਟਰ ‘ਤੇ ਹੀ ਲੋਕਾਂ ਨੂੰ ਉਨ੍ਹਾਂ ਦੀਆਂ ਟਿੱਪਣੀਆਂ ਦਾ ਜਵਾਬ ਦਿੱਤਾ ਪਰ ਬਾਅਦ ਵਿੱਚ ਮਾਮਲਾ ਵਧਦਿਆਂ ਦੇਖ ਆਪਣੇ ਟਵੀਟ ਨੂੰ ਹੀ ਟਵੀਟਰ ਹੈਂਡਲ ਤੋਂ ਹਟਾ ਦਿੱਤਾ।

ਦੱਸ ਦਈਏ ਕਿ ਆਪਣੇ ਇਸ ਟਵੀਟ ਵਿੱਚ ਧਰਮਿੰਦਰ ਨੇ ਸੰਨੀ ਦਿਓਲ ਨੂੰ ਸਲਾਹ ਦਿੰਦਿਆਂ ਲਿਖਿਆ ਸੀ, ਕਿ ”ਸੰਨੀ ਮੇਰੇ ਬੇਟੇ ਸੰਗਰੂਰ ਤੋਂ ਮੇਰੇ ਬੇਟੇ ਵਰਗੇ ਹੀ ਭਗਵੰਤ ਮਾਨ ਕੋਲੋਂ ਸਿੱਖਣ ਦੀ ਕੋਸ਼ਿਸ਼ ਕਰੋ । ਜਿਸ ਨੇ ਭਾਰਤ ਮਾਤਾ ਦੀ ਸੇਵਾ ਲਈ ਕਿੰਨੀ ਕੁਰਬਾਨੀ ਕੀਤੀ। ਜਿਉਂਦੇ ਰਹੋ ਮਾਨ, ਬਹੁਤ ਮਾਣ ਹੈ ਮੈਨੂੰ ਤੁਹਾਡੇ ‘ਤੇ।” ਧਰਮਿੰਦਰ ਦਾ ਇਹ ਟਵੀਟ ਜਿਉਂ ਹੀ ਜਨਤਕ ਹੋਇਆ ਉਸ ਤੋਂ ਤੁਰੰਤ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ । ਇਸ ਦੌਰਾਨ ਇੱਕ ਯੁਜ਼ਰ ਨੇ ਧਰਮਿੰਦਰ ਤੋਂ ਪੁੱਛਿਆ ਕਿ,”ਮਾਨ ਨੇ ਕੀ ਕੁਰਬਾਨੀ ਦਿੱਤੀ ਹੈ?” ਜਿਸ ‘ਤੇ ਸਫਾਈ ਦਿੰਦਿਆਂ ਧਰਮਿੰਦਰ ਨੇ ਕਿਹਾ ਕਿ ਮਾਨ ਨੇ ਆਪਣਾ ਕਰੋੜਾਂ ਦਾ ਪੇਸ਼ਾ ਯਾਨੀ ਫਿਲਮੀ ਕਰੀਅਰ ਛੱਡ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਰਾਜਨੀਤੀ ‘ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਇਸ ਵਾਰ ਇਕਲੌਤੇ ਸੰਸਦ ਮੈਂਬਰ ਬਣੇ ਭਗਵੰਤ ਮਾਨ ਮਸ਼ਹੂਰ ਕਲਾਕਾਰ ਅਤੇ ਅਦਾਕਾਰ ਸਨ, ਪਰ ਸਾਲ 2011 ‘ਚ ਮਾਨ ਰਾਜਨੀਤੀ ‘ਚ ਆ ਗਏ ਅਤੇ ਸਾਲ 2014 ‘ਚ ਉਹ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਕਲਾਕਾਰੀ ਵਾਲਾ ਪੇਸ਼ਾ ਛੱਡ ਦਿੱਤਾ ਸੀ।

ਇੱਧਰ ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਸੰਨੀ ਦਿਓਲ ਜਿਹੜੇ ਕਿ ਆਪਣਾ ਪ੍ਰਤੀਨਿਧੀ ਚੁਣੇ ਜਾਣ ‘ਤੇ ਪਹਿਲਾਂ ਹੀ ਅਲੋਚਨਾ ਦਾ ਸਾਹਮਣਾ ਕਰ ਰਹੇ ਸਨ ਉਨ੍ਹਾਂ ਨੇ ਹਾਲਾਂਕਿ ਆਪਣੀ ਸਫਾਈ ਵਿੱਚ ਇਹ ਕਿਹਾ ਸੀ ਕਿ ਇਹ ਨਿਯੁਕਤੀ ਉਨ੍ਹਾਂ ਨੇ ਇਸ ਲਈ ਕੀਤੀ ਹੈ ਕਿਉਂਕਿ ਜਦੋਂ ਉਹ ਆਪਣੇ ਲੋਕ ਸਭਾ ਹਲਕੇ ਤੋਂ ਬਾਹਰ ਹੋਣ ਤਾਂ ਕੰਮ ਪ੍ਰਭਾਵਿਤ ਨਾ ਹੋਵੇ, ਪਰ ਧਰਮਿੰਦਰ ਦੇ ਇਸ ਟਵੀਟ ਨੇ ਸੰਨੀ ਨੂੰ ਇੱਕ ਵਾਰ ਫਿਰ ਆਪਣਾ ਬਚਾਅ ਕਰਨ ਲਈ ਮਜਬੂਰ ਕਰ ਦਿੱਤਾ।

- Advertisement -

ਕੀ ਹੈ ਪੂਰਾ ਮਾਮਲਾ, ਤੇ ਕਿਵੇਂ ਪੈ ਗਿਆ ਰੌਲਾ ਇਹ ਦੇਖਣ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

Share this Article
Leave a comment