ਚੰਡੀਗੜ੍ਹ : ਬੀਤੀ ਕੱਲ੍ਹ ਵਿਧਾਨ ਸਭਾ ਦੇ ਇਜਲਾਸ ਦਾ ਆਖਰੀ ਦਿਨ ਸੀ। ਇਸ ਇਜਲਾਸ ਤੋਂ ਪਹਿਲਾਂ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਵੱਲੋਂ ਸੱਤਾਧਾਰੀ ਕਾਂਗਰਸ ਪਾਰਟੀ ਅਤੇ ਸਾਬਕਾ ਅਕਾਲੀ-ਭਾਜਪਾ ਸਰਕਾਰ ਖਿਲਾਫ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਦੱਬ ਕੇ ਭੜਾਸ ਕੱਢੀ ਗਈ। ਪੰਜਾਬ ਵਿਧਾਨ ਸਭਾ ਦੇ ਬਾਹਰ ਆਮ ਆਦਮੀ ਪਾਰਟੀ ਵੱਲੋਂ ਇਸ ਸਬੰਧੀ ਕੀਤੇ ਗਏ ਇੱਕ ਰੋਸ ਪ੍ਰਦਰਸ਼ਨ ਦੌਰਾਨ ‘ਆਪ’ ਵਾਲਿਆਂ ਨੇ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਨਸ਼ਿਆਂ ਦਾ ਇੱਕ ਪੁਤਲਾ ਵੀ ਰੱਖਿਆ ਗਿਆ ਅਤੇ ਇਸ ਦਾ ਜਿੰਮੇਵਾਰ ਉਨ੍ਹਾਂ ਸਾਬਕਾ ਅਕਾਲੀ ਭਾਜਪਾ ਸਰਕਾਰ ਨੂੰ ਠਹਿਰਾਇਆ। ਇਸ ਮੌਕੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾਂ ਨੇ ਦੋਸ਼ ਲਾਇਆ ਕਿ ਨਸ਼ਾ ਸਾਬਕਾ ਸਰਕਾਰ ਦੌਰਾਨ ਬੜੇ ਹੀ ਯੋਜਨਾਬੱਧ ਢੰਗ ਨਾਲ ਫੈਲਾਇਆ ਗਿਆ ਅਤੇ ਸੱਤਾਧਾਰੀ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾਣ ਦੇ ਬਾਵਜੂਦ ਵੀ ਢਾਈ ਸਾਲਾਂ ਤੱਕ ਇਸ ਸਬੰਧੀ ਕੁਝ ਨਹੀਂ ਕੀਤਾ।
ਆਮ ਆਦਮੀ ਪਾਰਟੀ DE ਵਿਧਾਇਕ ਹਰਪਾਲ ਚੀਮਾਂ ਨੇ ਦੋਸ਼ ਲਾਇਆ ਕਿ ਇਹ ਨਸ਼ੇ ਦਾ ਕਾਰੋਬਾਰ ਇਸ ਲਈ ਧੜੱਲੇ ਨਾਲ ਚੱਲ ਰਿਹਾ ਹੈ ਕਿਉਂਕਿ ਨਸ਼ਾ ਤਸਕਰਾਂ ਨੂੰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਸਰਪ੍ਰਸਤੀ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ਾ ਹੁਣ ਇਸ ਕਦਰ ਵਧ ਗਿਆ ਹੈ ਕਿ ਇਸ ਨੇ ਐਚਆਈਵੀ ਜਿਹੀਆਂ ਹੋਰ ਭਿਆਨਕ ਬਿਮਾਰੀਆਂ ਨੂੰ ਵੀ ਜਨਮ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਇਲਾਵਾ ‘ਆਪ’ ਆਗੂ ਅਮਨ ਅਰੋੜਾ ਨੇ ਵੀ ਇਹ ਦੋਸ਼ ਲਾਇਆ ਕਿ ਇਸ ਭੈੜੇ ਨਸ਼ੇ ਤੋਂ ਹੁਣ ਲੜਕਿਆਂ ਦੇ ਨਾਲ ਨਾਲ ਲੜਕੀਆਂ ਵੀ ਬਚ ਨਹੀਂ ਸਕੀਆਂ ਜਿਸ ਦਾ ਸਬੂਤ ਨਸ਼ੇ ਦੀ ਓਵਰਡੋਜ਼ ਜਾਂ ਨਸ਼ੇ ਦੀ ਤੋੜ ਕਾਰਨ ਬਠਿੰਡਾ ਅਤੇ ਲੁਧਿਆਣਾ ਦੇ ਆਲਮਗੀਰ ‘ਚ ਹੋਈਆਂ ਕੁੜੀਆਂ ਦੀ ਮੌਤਾਂ ਤੋਂ ਮਿਲਦਾ ਹੈ।