ਵੱਡੇ ਢੀਂਡਸਾ ਨੇ ਕਹਿ ਹੀ ਦਿੱਤੀ ਦਿਲ ਦੀ ਗੱਲ, ਹੁਣ ਸੁਖਬੀਰ ਦਾ ਹੋਵੇਗਾ ਪਾਰਟੀ ‘ਚੋਂ ਸੂਪੜਾ ਸਾਫ!

Prabhjot Kaur
6 Min Read

ਸੰਗਰੂਰ : ਜਿਸ ਦਿਨ ਤੋਂ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ, ਉਸੇ ਦਿਨ ਤੋਂ ਸਾਰੇ ਅੰਦਰੋਂ ਅੰਦਰੀਂ ਚੁਗਲਮ-ਚੁਗਲੀ ਹੋ ਰਹੇ ਸਨ ਕਿ ਆਖ਼ਰ ਢੀਂਡਸਾ ਚੁੱਪ ਕਿਉਂ ਹਨ? ਨਾ ਉਹ ਬਾਦਲਾਂ ਦੇ ਹੱਕ ‘ਚ ਬੋਲਦੇ ਨੇ, ਤੇ ਨਾ ਵਿਰੁੱਧ। ਉਹ ਪਾਰਟੀ ਮੈਂਬਰਸ਼ਿਪ ਵੀ ਨਹੀਂ ਛੱਡ ਰਹੇ। ਆਖ਼ਰ ਉਹ ਚਾਹੁੰਦੇ ਕੀ ਨੇ? ਕੁਝ ਮਹੀਨਿਆਂ ਦੀ ਚੁੱਪੀ ਤੋਂ ਬਾਅਦ ਆਖ਼ਰਕਾਰ ਢੀਂਡਸਾ ਨੇ ਹੁਣ ਆਪਣੇ ਦਿਲ ਦੀ ਗੱਲ ਕਹਿ ਹੀ ਦਿੱਤੀ ਹੈ ਤੇ ਉਹ ਵੀ ਉਸ ਅੰਦਾਜ਼ ਵਿੱਚ ਕਿ ਸਾਰਿਆਂ ਨੂੰ ਲੱਗਦਾ ਹੈ ਕਿ ਇਹ ਤਾਂ ਉਨ੍ਹਾਂ ਨੇ ਕੱਛ ‘ਚੋਂ ਮੁੰਗਲਾ ਕੱਢ ਮਾਰਿਆ ਹੈ। ਜੀ ਹਾਂ! ਇਹ ਸੱਚ ਹੈ, ਕਿਉਕਿ ਪੱਤਰਕਾਰਾਂ ਨਾ ਗੱਲਬਾਤ ਕਰਦਿਆਂ ਢੀਂਡਸਾ ਨੇ ਸ਼ਰੇਆਮ ਕਹਿ ਦਿੱਤਾ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਸੁਖਬੀਰ ਬਾਦਲ ਨੂੰ ਪਾਰਟੀ ਪ੍ਰਧਾਨ ਦੇ ਆਹੁਦੇ ਤੋਂ ਲਾਂਭੇ ਹੋਣਾ ਹੀ ਪਵੇਗਾ।

ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਨੂੰ ਨਵੇਂ ਪ੍ਰਧਾਨ ਦੀ ਲੋੜ ਹੈ ਤਾਂ ਕਿ ਲੋਕਾਂ ਦੇ ਗੁੱਸੇ ਨੂੰ ਦੇਖਦਿਆਂ ਮੌਜੂਦਾ ਹਾਲਾਤ ‘ਤੇ ਕਾਬੂ ਪਾਇਆ ਜਾ ਸਕੇ। ਢੀਂਡਸਾ ਦੇ ਇਸ ਬਿਆਨ ਨਾਲ ਉਨ੍ਹਾਂ ਹਾਲਾਤਾਂ ਵਿੱਚ ਬਾਦਲਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰੀ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਨ੍ਹਾਂ ਵਿੱਚ ਪਾਰਟੀ ਦੇ 3 ਸੀਨੀਅਰ ਟਕਸਾਲੀ ਆਗੂਆਂ ਨੇ ਅਕਾਲੀ ਦਲ ਛੱਡ ਮਾਝੇ ਵਿੱਚੋਂ ਪਹਿਲਾਂ ਹੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਮੌਕੇ ਢੀਂਡਸਾ ਨੇ ਇਹ ਵੀ ਕਿਹਾ ਉਨ੍ਹਾਂ ਨੇ ਆਪਣੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਵੀ ਕਿਹਾ ਹੈ ਕਿ ਉਹ ਆਉਂਦੀਆਂ ਲੋਕ ਸਭਾ ਚੋਣਾਂ ਨਾ ਲੜਨ ਕਿਉਂਕਿ ਲੋਕਾਂ ਦਾ ਮੂਡ ਪਾਰਟੀ ਦੇ ਹੱਕ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਨਾਂ ਅੰਦਰ ਕੁਝ ਆਗੂਆਂ ਖ਼ਿਲਾਫ ਗੁੱਸਾ ਹੈ ਨਾ ਕਿ ਪਾਰਟੀ ਖ਼ਿਲਾਫ। ਢੀਂਡਸਾ ਨੇ ਦਾਅਵਾ ਕੀਤਾ ਕਿ ਜੇਕਰ ਇਹ ਆਗੂ ਪਿੱਛੇ ਹਟ ਜਾਣ ਤਾਂ ਪਾਰਟੀ ਕੁਝ ਦਿਨਾਂ ਵਿੱਚ ਹੀ ਮੁੜ ਪੈਰਾਂ ਸਿਰ ਹੋ ਜਾਵੇਗੀ।

ਸੁਖਦੇਵ ਸਿੰਘ ਢੀਂਡਸਾ ਨੇ ਇੱਥੋਂ ਤੱਕ ਦਾਅਵਾ ਕੀਤਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਜਿਹੜੇ ਟਕਸਾਲੀ ਆਗੂ ਤੇ ਹੋਰ ਲੋਕ ਪਾਰਟੀ ਛੱਡ ਗਏ ਹਨ, ਉਹ ਮੁੜ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ ਤੇ ਜਿਹੜੇ ਇਸ ਸਿਸਟਮ ਤੋਂ ਦੁਖੀ ਹੋ ਕੇ ਆਪੋ ਆਪਣੇ ਘਰਾਂ ਵਿੱਚ ਜਾ ਬੈਠੇ ਹਨ ਉਹ ਮੁੜ ਸਰਗਰਮ ਹੋਣਗੇ। ਵੱਡੇ ਢੀਂਡਸਾ ਅਨੁਸਾਰ ਲੋਕਾਂ ਦੇ ਗੁੱਸੇ ਲਈ ਸਿਰਫ ਪਾਰਟੀ ਪ੍ਰਧਾਨ ਨੂੰ ਹੀ ਜਿੰਮੇਵਾਰ ਠਹਿਰਾਇਆ ਜਾਵੇਗਾ ਕਿਉਂਕਿ ਜੇਕਰ ਜਿੱਤ ਦਾ ਸਿਹਰਾ ਪ੍ਰਧਾਨ ਨੂੰ ਜਾਂਦਾ ਹੈ ਤਾਂ ਹਾਰ ਵੀ ਉਸ ਦੇ ਹਿੱਸੇ ਹੀ ਆਵੇਗੀ। ਢੀਂਡਸਾ ਨੇ ਕਿਹਾ ਕਿ 2017 ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਮੈਂ ਸੁਖਬੀਰ ਨੂੰ ਪ੍ਰਧਾਨਗੀ ਛੱਡਨ ਲਈ ਕਿਹਾ ਸੀ ਪਰ ਮੇਰੀ ਕਿਸੇ ਨੇ ਨਹੀਂ ਸੁਣੀ। ਜੇਕਰ ਉਸ ਵੇਲੇ ਸੁਖਬੀਰ ਪ੍ਰਧਾਨਗੀ ਛੱਡ ਦਿੰਦਾ ਤਾਂ ਲੋਕਾਂ ਦਾ ਗੁੱਸਾ ਖਤਮ ਹੋ ਜਾਣਾ ਸੀ। ਸੁਖਦੇਵ ਸਿੰਘ ਢੀਂਡਸਾ ਅਨੁਸਾਰ ਲੋਕ ਸੁਖਬੀਰ ਅਤੇ ਕੁਝ ਹੋਰ ਖ਼ਾਸ ਅਕਾਲੀ ਆਗੂਆਂ ਦੇ ਖ਼ਿਲਾਫ ਹਨ, ਨਾ ਕਿ ਸ਼੍ਰੋਮਣੀ ਅਕਾਲੀ ਦਲ ਦੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਅਧਾਰ ਹੈ, ਪਰ ਲੋਕ ਕੁਝ ਖ਼ਾਸ ਆਗੂਆਂ ਨੂੰ ਪਸੰਦ ਨਹੀਂ ਕਰਦੇ।

ਆਪਣੇ ਦਿਲ ਦੀ ਪੂਰੀ ਭੜਾਸ ਕੱਢਦਿਆਂ ਵੱਡੇ ਢੀਂਡਸਾ ਨੇ ਕਿਹਾ ਕਿ ਜਿਹੜੇ ਲੋਕ ਪਾਰਟੀ ‘ਤੇ ਕਾਬਜ਼ ਹਨ ਜੇਕਰ ਉਹ ਅਕਾਲੀ ਦਲ ਨੂੰ ਬਚਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਅਹੁਦਿਆਂ ਦਾ ਬਲੀਦਾਨ ਦੇਣਾ ਹੀ ਪਵੇਗਾ। ਇਸ ਮੌਕੇ ਢੀਂਡਸਾ ਨੇ ਕਿਹਾ ਕਿ ਜੇਕਰ ਸੁਖਬੀਰ ਆਪਣੇ ਅਹੁਦੇ ਤੋਂ ਹਟਦੇ ਹਨ ਤਾਂ ਇਹ ਫੈਸਲਾ ਪਾਰਟੀ ਵਰਕਰਾਂ ਨੇ ਕਰਨਾ ਹੈ ਕਿ ਅਗਲਾ ਪ੍ਰਧਾਨ ਕੌਣ ਬਣੇ ਕਿਉਂਕਿ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਉਨ੍ਹਾਂ ਗੱਲਾਂ ਗੱਲਾਂ ‘ਚ ਇਹ ਵੀ ਸਾਫ ਕਰ ਦਿੱਤਾ ਕਿ ਉਹ ਪਾਰਟੀ ਦੇ ਕਿਸੇ ਵੀ ਅਹੁਦੇ ਵਾਲੀ ਰੇਸ ਵਿੱਚ ਨਹੀਂ ਹਨ।

- Advertisement -

ਇਸ ਸਬੰਧ ਵਿੱਚ ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਇਹ ਸਾਫ ਕਰ ਦਿੱਤਾ ਹੈ ਕਿ ਅਕਾਲੀ ਦਲ ਬਾਦਲ ਪਰਿਵਾਰ ਦੀ ਜ਼ਗੀਰ ਨਹੀਂ ਹੈ ਕਿਉਂਕਿ ਪਾਰਟੀ ਕੋਲ ਇੱਕ ਲੋਕਤੰਤਰਿਕ ਢਾਂਚਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਕੋਰ ਕਮੇਟੀ, ਜਿਹੜੀ ਕਿ ਪਾਰਟੀ ਦਾ ਸਰਵ ਉੱਚ ਢਾਂਚਾ ਹੁੰਦਾ ਹੈ, ਉਸ ਤੋਂ ਇਲਾਵਾ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਉਨ੍ਹਾਂ (ਸੁਖਬੀਰ ਬਾਦਲ) ਵਿੱਚ ਵਿਸ਼ਵਾਸ ਜਤਾ ਕਿ ਪ੍ਰਧਾਨਗੀ ਵਾਲੀ ਇਹ ਡਿਊਟੀ ਉਨ੍ਹਾਂ ਨੂੰ ਦਿੱਤੀ ਹੈ। ਪਰ ਸੁਖਬੀਰ ਬਾਦਲ ਨੇ ਢੀਂਡਸਾ ਵੱਲੋਂ ਚੁੱਕੇ ਗਏ ਮਸਲਿਆਂ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਕੁਲ ਮਿਲਾ ਹਾਲਾਤ ਇਹ ਹਨ ਕਿ ਸਿਆਸੀ ਮਾਹਰ ਢੀਂਡਸਾ ਦੇ ਇਸ ਬਿਆਨ ਨੂੰ ਬਾਦਲਾਂ ‘ਤੇ ਕੱਛ ‘ਚੋਂ ਮੁੰਗਲਾ ਕੱਢ ਮਾਰਨਾਂ ਕਰਾਰ ਦੇ ਰਹੇ ਹਨ, ਤੇ ਅਚਾਨਕ ਵੱਜੇ ਇਸ ਮੁੰਗਲੇ ਨਾਲ, ਨਾ ਤਾਂ ਬਾਦਲਾਂ ਨੂੰ ਸਮਝ ਆ ਰਹੀ ਹੈ, ਕਿ ਉਹ ਇਸ ਦਾ ਕੀ ਜਵਾਬ ਦੇਣ ਤੇ ਨਾਂ ਹੀ ਪਾਰਟੀ ਵਰਕਰਾਂ ਨੂੰ। ਲਿਹਾਜ਼ਾ ਚਾਰੇ ਪਾਸੇ ਹੈਰਾਨੀ ਨਾਲ ਮੂੰਹ ਖੁੱਲੇ ਹਨ। ਇਸ ਮੌਕੇ ਮਾਹਰਾਂ ਦੀ ਇਹ ਸਲਾਹ ਹੈ ਕਿ ਇਨ੍ਹਾਂ ਖੁਲ੍ਹੇ ਮੂੰਹਾਂ ਨੂੰ ਜਲਦੀ ਬੰਦ ਕਰ ਲਿਆ ਜਾਵੇ, ਨਹੀਂ ਤਾਂ ਵਿਰੋਧੀ ਇਨ੍ਹਾਂ ਵਿੱਚੋਂ ਮਨ ਮਰਜ਼ੀ ਦੇ ਬਿਆਨ ਪਾ ਕੇ ਬਾਹਰ ਕੱਢ ਲੈਣਗੇ।

Share this Article
Leave a comment