ਖਡੂਰ ਸਾਹਿਬ : ਪੰਜਾਬ ਦੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਪਿੰਡ ਸਰਲੀ ਕਲਾਂ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਵੋਟ ਪਾਉਣ ਜਾ ਰਹੇ ਇੱਕ ਨੋਜਵਾਨ ਦਾ ਉਸ ਦੇ ਘਰ ਦੇ ਬਾਹਰ ਹੀ ਕੁਝ ਵਿਅਕਤੀਆਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦਾਅਵਾ ਕੀਤਾ ਹੈ ਕਿ ਉਹ ਕਾਂਗਰਸ ਪਾਰਟੀ ਦੇ ਸਮਰਥਕ ਹਨ, ਤੇ ਹਮਲਾਵਰ ਅਕਾਲੀ ਦਲ ਨਾਲ ਸਬੰਧ ਰੱਖਦੇ ਸਨ, ਜਿਨ੍ਹਾਂ ਨੇ ਉਨ੍ਹਾਂ ਦੇ ਪੁੱਤਰ ਬੰਟੀ ਨੂੰ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ ਤੋਂ ਰੋਕਣ ਲਈ ਉਸ ਦਾ ਕਤਲ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਬੰਟੀ ਸਿੰਘ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਸਵੇਰੇ ਆਪਣੇ ਘਰ ਤੋ ਵੋਟ ਪਾਉਣ ਲਈ ਪੋਲਿੰਗ ਬੂਥ ਵੱਲ ਜਾ ਰਿਹਾ ਸੀ, ਕਿ ਦੋ ਨੌਜਵਾਨਾਂ ਨੇ ਉਸ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਹੀ ਘੇਰ ਲਿਆ ਤੇ ਪੁੱਛਣ ਲੱਗੇ ਕਿ ਕਿੱਧਰ ਜਾ ਰਿਹਾ ਹੈ? ਤਾਂ ਬੰਟੀ ਨੇ ਕਿਹਾ ਕਿ ਵੋਟ ਪਾਉਣ। ਚਰਨਜੀਤ ਸਿੰਘ ਅਨੁਸਾਰ ਇਸ ‘ਤੇ ਹਮਲਾਵਰਾਂ ਨੇ ਬੰਟੀ ਨੂੰ ਪੁੱਛਿਆ ਕਿ ਕਿਸ ਨੂੰ ਵੋਟ ਪਾਵੇਂਗਾ? ਤਾਂ ਉਹ ਕਹਿਣ ਲੱਗਾ ਕਿ ਜਿਸ ਨੂੰ ਮਰਜੀ ਪਾਵਾਂਗਾ। ਚਰਨਜੀਤ ਦਾ ਦੋਸ਼ ਹੈ ਕਿ ਉੱਥੋਂ ਗੱਲ ਵਧ ਗਈ ਤੇ ਉਨ੍ਹਾਂ ਹਮਲਾਵਰਾਂ ਨੇ ਬੰਟੀ ‘ਤੇ ਦਾਤ ਅਤੇ ਹਾਕੀਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਦਾਤ ਬੰਟੀ ਦੀ ਗਰਦਨ ‘ਤੇ ਵੱਜੀ ਤੇ ਬਾਅਦ ਵਿੱਚ ਜਖਮਾਂ ਦੀ ਤਾਬ ਨਾ ਚਲਦਿਆਂ ਹੋਇਆਂ ਉਸ ਦੀ ਮੌਤ ਹੋ ਗਈ। ਬੰਟੀ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਲੜਕੇ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ਉਹੋ ਜਿਹੀ ਹੀ ਸਜ਼ਾ ਬੰਟੀ ਦੇ ਕਾਤਲਾਂ ਨੂੰ ਵੀ ਦਿੱਤੀ ਜਾਵੇ। ਪੁਲਿਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰ ਰਹੀ ਹੈ।