ਨਵੀਂ ਦਿੱਲੀ : ਪਿਛਲੇ ਦਿਨੀ ਇੱਥੋਂ ਦੇ ਮੁਖਰਜੀ ਨਗਰ ‘ਚ ਸਿੱਖ ਆਟੋ ਡਰਾਈਵਰ ਅਤੇ ਉਸ ਦੇ ਨਾਬਾਲਗ ਮੁੰਡੇ ਦੇ ਨਾਲ ਪੁਲਿਸ ਮੁਲਾਜ਼ਮਾਂ ਵਲੋਂ ਕੀਤੀ ਗਈ ਕੁੱਟਮਾਰ ਦਾ ਮੁੱਦਾ ਹੁਣ ਸੰਸਦ ‘ਚ ਵੀ ਗੂੰਜ ਉਠਿਆ ਹੈ। ਲੋਕ ਸਭਾ ਹਲਕਾ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਿੱਖ ਆਟੋ ਡਰਾਈਵਰ ਸਰਬਜੀਤ ਸਿੰਘ ਅਤੇ ਉਸ ਦੇ ਮੁੰਡੇ ਦੇ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਬੀਜੇਪੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਜਵਾਬ ਮੰਗਿਆ ਹੈ।
ਇਸ ਸਬੰਧ ‘ਚ ਰਵਨੀਤ ਬਿੱਟੂ ਨੇ ਸੰਸਦ ‘ਚ ਸਿੱਖ ਆਟੋ ਡਰਾਇਵਰ ਬਾਰੇ ਬੋਲਦਿਆਂ ਦਿੱਲੀ ਪੁਲਿਸ ‘ਤੇ ਦੋਸ਼ ਲਾਇਆ ਕਿ ਉਹ ਸਿੱਖ ਡਰਾਈਵਰ ਸਰਬਜੀਤ ਸਿੰਘ ਆਪਣਾ ਟੈਂਪੂ ਲੈ ਕੇ ਜਾ ਰਿਹਾ ਸੀ ਤਾਂ ਪਿੱਛੋਂ ਪੁਲਿਸ ਦੀ ਜਿਪਸੀ ਆਈ ਤੇ ਉਸ ਨੇ ਸਰਬਜੀਤ ਨੂੰ ਹਫਤਾ ਦੇਣ ਲਈ ਕਿਹਾ। ਰਵਨੀਤ ਬਿੱਟੂ ਅਨੁਸਾਰ ਜਦੋਂ ਸਰਬਜੀਤ ਨੇ ਹਫਤਾ ਦੇਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਪੁਲਿਸ ਦੀ ਜਿਪਸੀ ਉਸ ਦੇ ਪਿੱਛੇ ਪਿੱਛੇ ਚਲਦੀ ਗਈ ਤੇ ਸਿੱਖ ਡਰਾਈਵਰ ਜਦੋਂ ਆਪਣਾ ਟੈਂਪੂ ਲੈ ਕੇ ਥਾਣਾ ਮੁਖਰਜੀ ਨਗਰ ਇਲਾਕੇ ‘ਚ ਪਹੁੰਚਿਆ ਤਾਂ ਪੁਲਿਸ ਨੇ ਉਸ ਨੂੰ ਦੁਬਾਰਾ ਰੋਕਿਆ ਅਤੇ ਸਿੱਧਾ ਉਸ ‘ਤੇ ਪਿਸਟਲ ਤਾਣ ਕੇ ਉਸ ਨੂੰ ਹਫਤਾ ਦੇਣ ਲਈ ਕਿਹਾ। ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਸਰਬਜੀਤ ਨੇ ਆਤਮ ਰੱਖਿਆ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵਾਲਾ ਥਾਣੇ ਅੰਦਰ ਜਾ ਕੇ ਹੋਰ ਪੁਲਿਸ ਵਾਲਿਆਂ ਨੂੰ ਬੁਲਾ ਲਿਆਇਆ ਜਿਨ੍ਹਾਂ ਨੇ ਬਿਨਾਂ ਦੇਖੇ ਸਰਬਜੀਤ ਸਿੰਘ ਅਤੇ ਉਸ ਦੇ ਪੁੱਤਰ ਨੂੰ ਰਾਇਫਲਾਂ ਅਤੇ ਡੰਡਿਆਂ ਨਾਲ ਇੰਨੀ ਬੁਰੀ ਤਰ੍ਹਾਂ ਕੁੱਟਿਆ ਜਿਸ ਨੂੰ ਸੋਸ਼ਲ ਮੀਡੀਆ ‘ਤੇ ਸਾਰਿਆਂ ਨੇ ਦੇਖਿਆ ਹੈ। ਇੱਥੇ ਬਿੱਟੂ ਨੇ ਬੋਲਦਿਆਂ ਇੱਕ ਸਿੱਖ ਲਈ ਦਸਤਾਰ ਅਤੇ ਕੇਸਾਂ ਦੀ ਮਹੱਤਤਾ ਨੂੰ ਬਿਆਨ ਕੀਤਾ ਅਤੇ ਨਾਲ ਹੀ ਇਹ ਮੰਗ ਕੀਤੀ ਕਿ ਇਸ ਕੇਸ ‘ਚ 295 ਏ ਧਾਰਾ ਲੱਗਣੀ ਚਾਹੀਦੀ ਹੈ।
ਰਵਨੀਤ ਬਿੱਟੂ ਨੇ ਇੱਥੇ ਬੋਲਦਿਆਂ ਕਈ ਅਹਿਮ ਖੁਲਾਸੇ ਕੀਤੇ ਹਨ ਕੀ ਉਹ ਖੁਲਾਸੇ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ ।
https://youtu.be/9Y8T47kG0X4