ਲਓ ਬਈ ਕੁੰਵਰ ਵਿਜੇ ਵੀ ਤੁਰ ਪਏ ਸਿੱਧੂ ਦੀ ਰਾਹ ‘ਤੇ, ਆਹ ਦੇਖੋ ਪਾ ‘ਤੇ ਪਟਾਕੇ!

TeamGlobalPunjab
9 Min Read

ਫ਼ਰੀਦਕੋਟ : ਇੰਝ ਜਾਪਦਾ ਹੈ ਜਿਵੇਂ ਸਾਲ 2015 ਦੌਰਾਨ ਵਾਪਰੀਆਂ ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਐਸਆਈਟੀ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਆਪਣੇ ਵਿਰੋਧੀਆਂ ਨੂੰ ਜਵਾਬ ਦੇਣ ਲਈ ਸ਼ਾਇਰੋ ਸ਼ਾਇਰੀ ਦਾ ਨਵਾਂ ਅੰਦਾਜ ਅਪਣਾ ਲਿਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇੱਕ ਅਨੁਸਾਸ਼ਨਿਕ ਮਹਿਕਮੇ ਦਾ ਅਧਿਕਾਰੀ ਹੋਣ ਦੇ ਨਾਤੇ ਉਹ ਆਪਣੇ ਵਿਰੋਧੀ ਮੰਨੇ ਜਾ ਰਹੇ ਲੋਕਾਂ ਨੂੰ ਸਿੱਧੇ ਤੌਰ ‘ਤੇ ਤਾਂ ਕੋਈ ਜਵਾਬ ਨਹੀਂ ਦੇ ਪਾ ਰਹੇ, ਲੇਕਿਨ ਬੀਤੇ ਤਿੰਨ ਚਾਰ ਦਿਨਾਂ ਤੋਂ ਉਨ੍ਹਾਂ ਨੇ ਇੱਕ ਇੱਕ ਕਰਕੇ ਉੱਤੇ ਥੱਲੇ ਕਈ ਅਜਿਹੇ ਟਵੀਟ ਕੀਤੇ ਹਨ ਜਿਨ੍ਹਾਂ ਦਾ ਸਿੱਧਾ ਵਾਸਤਾ ਐਸਆਈਟੀ ਮੈਂਬਰਾਂ ਵਿੱਚ ਪਈ ਤਰੇੜ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਨ੍ਹਾਂ ਟਵੀਟਾਂ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਿੱਥੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਚੰਗਾ ਕੰਮ ਕਰਨ ਤੋਂ ਕਦੇ ਟਲਨਾ ਨਹੀਂ ਚਾਹੀਦਾ, ਅਜਿਹੇ ਵਿੱਚ ਜੇਕਰ ਕੋਈ ਗੱਲ ਨਾ ਵੀ ਸੁਣੇ ਤਾਂ ਇਕੱਲੇ ਤੁਰਦੇ ਚਲੇ ਜਾਓ, ਕਿਉਂਕਿ ਦਸ਼ਮੇਸ਼ ਪਿਤਾ ਦਾ ਇਕੱਲਾ ਸ਼ਿਪਾਹੀ ਹੀ ਲੱਖਾਂ ਦੇ ਬਰਾਬਰ ਹੁੰਦਾ ਹੈ ਤੇ ਉਹ ਵਕਤ ਆਉਣ ‘ਤੇ ਆਪਣੇ ਦੁਸ਼ਮਣਾ ਨੂੰ ਢੁਕਵਾਂ ਜਵਾਬ ਦਿੰਦਾ ਹੈ। ਭਾਵੇਂ ਕਿ ਇਹ ਚਾਰੇ ਟਵੀਟ ਅਲੱਗ ਅਲੱਗ ਸਮੇਂ ‘ਤੇ ਅਲੱਗ ਅਲੱਗ ਦਿਨ ਪਾਏ ਗਏ ਸਨ, ਪਰ ਇਨ੍ਹਾਂ ਨੂੰ ਜੋੜ ਕੇ ਦੇਖਣ ‘ਤੇ ਇਹ ਸਾਰੇ ਟਵੀਟਾਂ ਨੂੰ ਕੁੰਵਰ ਵਿਜੇ ਵੱਲੋਂ ਆਪਣੇ ਵਿਰੋਧੀਆਂ ਨੂੰ ਚੁੱਪ ਚਾਪ ਦਿੱਤੇ ਗਏ ਜਵਾਬ ਵਜੋਂ ਦੇਖਿਆ ਜਾ ਰਿਹਾ ਹੈ। ਇੱਕ ਅਜਿਹੇ ਅੰਦਾਜ ਵਿੱਚ ਦਿੱਤੇ ਗਏ ਜਵਾਬ ਦੇ ਰੂਪ ਵਿੱਚ, ਜਿਸ ਦੀ ਸ਼ੁਰੂਆਤ ਹੁਣੇ ਜਿਹੇ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਗਈ ਸੀ ਤੇ ਉਸੇ ਅੰਦਾਜ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਟਵੀਟ ਕਰਕੇ ਮੋੜਵਾਂ ਜਵਾਬ ਵੀ ਦਿੱਤਾ ਸੀ।

ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਪੰਜਾਂ ਮੈਂਬਰਾਂ ਵਿਚਕਾਰ ਇਕ ਦੂਜੇ ਵਿਰੁੱਧ ਉਭਰੇ ਨੁਕਤਾ ਚੀਨੀ ਦੇ ਸੁਰਾਂ ਵਾਲੀਆਂ ਘਟਨਾਵਾਂ ਨੂੰ ਜੇਕਰ ਇੱਕ ਇੱਕ ਕਰਕੇ ਜੋੜਿਆ ਜਾਵੇ ਤਾਂ ਸਾਨੂੰ ਅਹਿਸਾਸ ਹੋਵੇਗਾ ਕਿ ਕਿਤੇ ਨਾ ਕਿਤੇ ਕੁੰਵਰ ਵਿਜੇ ਸ਼ਿਅਰੋ ਸ਼ਾਇਰੀ ਵਿੱਚ ਬਹੁਤ ਕੁਝ ਕਹਿ ਕੇ ਵੀ ਚੁੱਪ ਹਨ, ਪਰ ‘ਸਿੱਟ’ ਦੇ ਬਾਕੀ ਚਾਰ ਮੈਂਬਰ ਡੀਜੀਪੀ ਨੂੰ ਚਿੱਠੀ ਲਿਖਣ ਕਾਰਨ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਹਨ। ਜੇਕਰ ਤੁਹਾਨੂੰ ਯਾਦ ਹੋਵੇ, ਤਾਂ ਇਹ ਵਿਵਾਦ ਸ਼ੁਰੂ ਹੋਇਆ ਸੀ 28 ਮਈ ਨੂੰ, ਜਦੋਂ ‘ਸਿੱਟ’ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਫ਼ਰੀਦਕੋਟ ਦੀ ਅਦਾਲਤ ਵਿੱਚ ਬੇਅਦਬੀ ਕਾਂਡ ਨਾਲ ਸਬੰਧਤ ਚਲਾਨ ਪੇਸ਼ ਕਰਕੇ ਪਹਿਲੀ ਵਾਰ ਇਸ ਕੇਸ ਵਿੱਚ ਵੱਡੇ-ਛੋਟੇ ਬਾਦਲ, ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ, ਅਕਸ਼ੈ ਕੁਮਾਰ ਅਤੇ ਰਾਮ ਰਹੀਮ ਦਾ ਨਾਮ ਲਿਖਤੀ ਤੌਰ ‘ਤੇ ਲਿਆਂਦਾ ਸੀ।

ਇਸ ਘਟਨਾ ਨੇ ਜਿੱਥੇ ਸਿਆਸੀ ਤੇ ਸਮਾਜਿਕ ਹਲਕਿਆਂ ਵਿੱਚ ਜ਼ਬਰਦਸਤ ਹਲਚਲ ਪੈਦਾ ਕੀਤੀ ਉੱਥੇ ਇੱਕ ਜੂਨ ਵਾਲੇ ਦਿਨ ਮੀਡੀਆ ਨੇ ਰਿਪੋਰਟ ਕੀਤਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ‘ਸਿੱਟ’ ਦੇ 4 ਮੈਂਬਰਾਂ ਏਡੀਜੀਪੀ ਪ੍ਰਬੋਧ ਕੁਮਾਰ, ਆਈਜੀ ਅਰੁਣਪਾਲ ਸਿੰਘ, ਐਸਪੀ ਭੁਪਿੰਦਰ ਸਿੰਘ ਤੇ ਐਸਐਸਪੀ ਕਪੂਰਥਲਾ ਸਤਿੰਦਰ ਸਿੰਘ ਨੇ ਪੰਜਾਬ ਦੇ ਡੀਜੀਪੀ ਨੂੰ ਇੱਕ ਪੱਤਰ ਲਿਖ ਕੇ ਉਨ੍ਹਾਂ ਦੀ ਸ਼ਿਕਾਇਤ ਕਰਦਿਆਂ ਇਹ ਕਿਹਾ ਸੀ, ਕਿ ਕੁੰਵਰ ਵਿਜੇ ਵੱਲੋਂ ਇਸ ਮਾਮਲੇ ਵਿੱਚ ਅਦਾਲਤ ਅੰਦਰ ਪੇਸ਼ ਕੀਤੇ ਗਏ ਚਲਾਨ ਨਾਲ ਉਹ ਸਾਰੇ ਸਹਿਮਤ ਨਹੀਂ ਹਨ ਇਨ੍ਹਾਂ ਚਾਰਾਂ ‘ਸਿੱਟ’ ਮੈਂਬਰਾਂ ਨੇ ਉਸ ਵੇਲੇ ਆਪਣੇ ਆਪ ਨੂੰ ਇਸ ਕੇਸ ਤੋਂ ਵੱਖ ਕਰ ਲਿਆ ਸੀ‘ਸਿੱਟ’ ਦੀ ਇਸ ਫੁੱਟ ਕਾਰਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਲਾਏ ਜਾ ਰਹੇ ਦੋਸ਼ਾਂ ਨੂੰ ਬਲ ਦਿੱਤਾ ਸੀ ਤੇ ਉਹ ਉਸ ਮਗਰੋਂ ਦੁੱਗਣੇ ਜੋਸ਼ ਨਾਲ ਕੁੰਵਰ ਵਿਜੇ ਵੱਲੋਂ ਕੀਤੀ ਜਾ ਰਹੀ ਜਾਂਚ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਣ ਲੱਗ ਪਏ ਸਨ, ਉੱਥੇ ਮਾਹਰਾਂ ਅਨੁਸਾਰ ਦੂਜੇ ਪਾਸੇ ਸਰਕਾਰ ਵੀ ਇਸ ਮਾਮਲੇ ਵਿੱਚ ਬੈਕਫੁੱਟ ‘ਤੇ ਆ ਗਈ ਸੀ

ਉਸ ਵੇਲੇ ਏਡੀਜੀਪੀ ਪ੍ਰਬੋਧ ਕੁਮਾਰ ਵੱਲੋਂ ਡੀਜੀਪੀ ਨੂੰ ਲਿਖੀ ਗਈ ਚਿੱਠੀ ਵਿੱਚ ਸਾਫ ਤੌਰ ‘ਤੇ ਕਿਹਾ ਗਿਆ ਸੀ, ਕਿ ਇਸ ਕੇਸ ਦੀ ਜਾਂਚ ਤੋਂ ਬਾਅਦ ਚਲਾਨ ਤਿਆਰ ਕਰਨ ਲੱਗਿਆਂ ਕੁੰਵਰ ਵਿਜੇ ਨੇ ਐਸਆਈਟੀ ਦੇ ਬਾਕੀ ਚਾਰ ਮੈਂਬਰਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਸੀ ਚਿੱਠੀ ਵਿੱਚ ਇਹ ਤਰਕ ਦਿੱਤਾ ਗਿਆ ਸੀ, ਕਿ ਜੇਕਰ ਸਰਕਾਰ ਅਦਾਲਤ ਅੰਦਰ ਇਹ ਕੇਸ ਹਾਰਦੀ ਹੈ ਤਾਂ ਇਸ ਗੱਲ ਦੀ ਸਾਰੀ ਜਿੰਮੇਵਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਹੋਵੇਗੀ ਸੂਤਰ ਦੇ ਹਵਾਲੇ ਨਾਲ ਉਸ ਵੇਲੇ ਇਹ ਖ਼ਬਰ ਵੀ ਆਈ ਸੀ, ਕਿ ਇਹੋ ਸ਼ਿਕਾਇਤ ‘ਸਿੱਟ’ ਦੇ ਸੀਨੀਅਰ ਮੈਂਬਰ ਪ੍ਰਬੋਧ ਕੁਮਾਰ ਨੇ ਮੁੱਖ ਮੰਤਰੀ ਨੂੰ ਮਿਲ ਕੇ ਜ਼ੁਬਾਨੀ ਕਲਾਮੀ ਵੀ ਕੀਤੀ ਸੀ। ਜਿਸ ਬਾਰੇ ਆਪੁਸ਼ਟ ਸੂਤਰਾਂ ਦਾ ਕਹਿਣਾ ਸੀ, ਕਿ ਸਾਰੀ ਗੱਲ ਸੁਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਇਹ ਕਹਿ ਕੇ ਗੱਲ ਸਿਰੇ ਲਾ ਦਿੱਤੀ ਸੀ, ਕਿ ਮਾਮਲਾ ਅਦਾਲਤ ਵਿੱਚ ਹੈ ਲਿਹਾਜਾ ਫੈਸਲਾ ਵੀ ਅਦਾਲਤ ਨੇ ਹੀ ਕਰਨਾ ਹੈ

- Advertisement -

ਇਹ ਖ਼ਬਰ ਆਉਂਦਿਆਂ ਹੀ ਜਿੱਥੇ ਸੂਬੇ ਦੀ ਸਿਆਸਤ ‘ਚ ਭੁਚਾਲ ਆ ਗਿਆ ਉੱਥੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੀਡੀਆ ਨੂੰ ਤਾਂ ਭਾਵੇਂ ਕੁਝ ਨਹੀਂ ਕਿਹਾ, ਪਰ ਚੁੱਪ ਚਾਪ ਆਪਣੇ ਟਵੀਟਰ ਹੈਂਡਲ ‘ਤੇ ਇੱਕ ਟਵੀਟ ਜਰੂਰ ਪਾ ਦਿੱਤਾ ਕਿ, “ਸ਼ੁਭ ਕਰਮਨ ‘ਤੇ ਕਬਹੂੰ ਨ ਟਰੋਂ।” ਯਾਨੀਕਿ ਸੁਭ ਕੰਮ ਕਰਨ ਤੋਂ ਕਦੇ ਟਲਨਾ ਨਹੀਂ ਚਾਹੀਦਾ। ਇਸ ਤੋਂ ਬਾਅਦ 1 ਜੂਨ ਦੀ ਉਸੇ ਰਾਤ 8 ਵੱਜ ਕੇ 41 ਮਿੰਟ ‘ਤੇ ਕੁੰਵਰ ਵਿਜੇ ਨੇ ਰਵਿੰਦਰ ਨਾਥ ਟੈਗੋਰ ਦੀ ਇੱਕ ਕਵਿਤਾ ਦੇ ਰੂਪ ਵਿੱਚ ਇੱਕ ਹੋਰ ਟਵੀਟ ਕਰਦਿਆਂ ਲਿਖਿਆ ਕਿ, “ਜੇਕਰ ਤੇਰੀ ਪੁਕਾਰ ਸੁਣੇ ਨ ਕੋਇ, ਜੇਕਰ ਤੇਰਾ ਸਾਥ ਦੇਵੇ ਨਾ ਕੋਈ, ਇਕੱਲਾ ਚੱਲੋ, ਇਕੱਲਾ ਚੱਲੋ, ਇਕੱਲਾ ਚੱਲੋ ਰੇ।”  ਇਨ੍ਹਾਂ ਦੋਵਾਂ ਟਵੀਟਾਂ ਨੂੰ ਸਿੱਧਾ ਸਿੱਧਾ ਉਨ੍ਹਾਂ ‘ਸਿੱਟ’ ਮੈਂਬਰਾਂ ਨੂੰ ਕੁੰਵਰ ਵਿਜੇ ਵੱਲੋਂ ਦਿੱਤਾ ਗਿਆ ਜਵਾਬ ਮੰਨਿਆ ਗਿਆ ਸੀ ਕਿ, “ਮੈਂ ਸ਼ੁਭ ਕਰਮ ਕਰਨ ਲੱਗਿਆਂ ਟਲਾਂਗਾ ਨਹੀਂ, ਇਸ ਲਈ ਭਾਵੇਂ ਕੋਈ ਮੇਰਾ ਸਾਥ ਦੇਵੇ ਜਾਂ ਨਾ, ਮੈਂ ਇਕੱਲਾ ਹੀ ਚਲਦਾ ਚਲਾ ਜਾਵਾਂਗਾ।”

ਉਸ ਤੋਂ ਬਾਅਦ ਭਾਵੇਂ ਡੀਜੀਪੀ ਨੇ ਇਨ੍ਹਾਂ ਸਾਰਿਆਂ ‘ਸਿੱਟ’ ਮੈਂਬਰਾਂ ਨੂੰ 3 ਜੂਨ ਵਾਲੇ ਦਿਨ ਸੱਦ ਕੇ ਇੱਕ ਬੰਦ ਕਮਰਾ ਮੀਟਿੰਗ ਵੀ ਕੀਤੀ, ਪਰ ਪਤਾ ਲੱਗਾ ਹੈ ਕਿ ਉਸ ਮੀਟਿੰਗ ਅੰਦਰ ਵੀ ਕੁਝ ਗਰਮਾਂ ਗਰਮੀਂ ਹੋਈ ਸੀ। ਜਿਸ ਦੀ ਕਿ ਭਾਵੇਂ ਕਿਸੇ ਨੇ ਭਾਵੇਂ ਪੁਸ਼ਟੀ ਤਾਂ ਨਹੀਂ ਕੀਤੀ, ਪਰ ਕੁੰਵਰ ਵਿਜੇ ਪ੍ਰਤਾਪ ਸਿੰਘ 4 ਜੂਨ ਨੂੰ ਇੱਕ ਵਾਰ ਫਿਰ ਆਪਣੇ ਟਵੀਟਰ ਹੈਂਡਲ ‘ਤੇ ਆਏ ਤੇ ਉਨ੍ਹਾਂ ਨੇ ਇੱਕ ਹੋਰ ਟਵੀਟ ਦਾਗਦਿਆਂ ਲਿਖ ਦਿੱਤਾ ਕਿ, “ਪਿਤਾ ਦਸ਼ਮੇਸ਼ ਦਾ ਇੱਕ ਸੱਚਾ ਸਿਪਾਹੀ ਪੂਰੀ ਤਰ੍ਹਾਂ ਸਮਰੱਥ ਹੁੰਦਾ ਹੈ ਸਵਾ ਲੱਖ ਦੁਸ਼ਟਾਂ ਦਾ ਸੰਹਾਰ ਕਰਨ ਲਈ।” ਇਸ ਟਵੀਟ ਨੂੰ ਵੀ ਸਿਆਸੀ ਲੋਕਾਂ ਅਤੇ ਆਪਣਿਆਂ ਦੇ ਵਿਰੋਧ ਦੌਰਾਨ ਇਕੱਲੇ ਹੋ ਚੁਕੇ ਕੁੰਵਰ ਵਿਜੇ ਦੇ ਜਵਾਬ ਵਜੋਂ ਦੇਖਿਆ ਗਿਆ, ਕਿ ਉਹ ਭਾਵੇਂ ਇਕੱਲੇ ਹੋ ਗਏ ਹਨ ਪਰ ਫਿਰ ਵੀ ਸਵਾ ਲੱਖ ਵਿਰੋਧੀਆਂ ਨਾਲ ਲੜਨ ਦਾ ਜਿਗਰਾ ਰੱਖਦੇ ਹਨ, ਤੇ ਅੱਜ 6 ਜੂਨ ਵਾਲੇ ਦਿਨ ਉਨ੍ਹਾਂ ਇਸੇ ਲੜੀ ਦਾ ਇੱਕ ਹੋਰ ਟਵੀਟ ਕਰਦਿਆਂ ਇੱਥੋਂ ਤੱਕ ਲਿਖ ਦਿੱਤਾ ਹੈ ਕਿ, “ਵਕਤ ਆਨੇ ਪਰ ਕਰਵਾ ਦੇਂਗੇ ਹੱਦੋਂ ਕਾ ਅਹਿਸਾਸ। ਕੁਝ ਤਾਲਾਬ ਖੁਦ ਕੋ, ਸਮੰਦਰ ਸਮਝ ਬੈਠੇ ਹੈਂ।” ਤਾਜੇ ਆਏ ਇਸ ਟਵੀਟ ਨੇ ਤਾਂ ਗੱਲ ਸਿਰੇ ਹੀ ਲਾ ਦਿੱਤੀ ਹੈ ਤੇ ਇਸ ਨੂੰ ਆਪਣੇ ਵਿਰੋਧੀਆਂ ਖਿਲਾਫ ਕੁੰਵਰ ਵਿਜੇ ਦੀ ਸਿੱਧੀ ਸਿੱਧੀ ਚੇਤਾਵਨੀ ਮੰਨਿਆ ਜਾ ਰਿਹਾ ਹੈ, ਕਿ ਵਕਤ ਆਉਣ ‘ਤੇ ਉਹ ਆਪਣੇ ਉਨ੍ਹਾਂ ਵਿਰੋਧੀਆਂ ਨੂੰ ਢੁਕਵਾਂ ਜਵਾਬ ਦੇਣਗੇ, ਜੋ ਕਿ ਹੁਣ ਵਧ ਚੜ੍ਹ ਕੇ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ।

ਕੁੱਲ ਮਿਲਾ ਕੇ ਇੰਝ ਜਾਪਦਾ ਹੈ ਜਿਵੇਂ ਸਿੱਧੂ ਵੱਲੋਂ ਕੀਤੀ ਗਈ, ਸ਼ਿਅਰੋ ਸ਼ਾਇਰੀ ਵਿੱਚ ਜਵਾਬ ਦੇਣ ਦੀ ਪਰੰਪਰਾ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਅਪਣਾਉਂਦਿਆਂ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਜਿਨ੍ਹਾਂ ਲੋਕਾਂ ਵੱਲ ਇਸ ਸ਼ਿਅਰੋ ਸ਼ਾਇਰੀ ਦਾ ਇਸ਼ਾਰਾ ਜਾਂਦਾ ਹੈ ਗੱਲ ਸਮਝ ਆਉਣ ਤੋਂ ਬਾਅਦ ਉਹ ਲੋਕ ਵੀ ਆਪਣਾ ਜਵਾਬ ਸ਼ਿਅਰੋ ਸ਼ਾਇਰੀ ਵਿੱਚ ਹੀ ਦਿੰਦੇ ਹਨ ਜਾਂ ਲੜਾਈ ਖੁੱਲ੍ਹ ਕੇ ਮੈਦਾਨ ਵਿੱਚ ਹੋਵੇਗੀ। ਕੁੱਲ ਮਿਲਾ ਕੇ ਸਿੱਧੂ ਵੱਲੋਂ ਸ਼ੁਰੂ ਕੀਤੀ ਇਸ ਪਰੰਪਰਾ ਨੇ ਅਸਿੱਧੇ ਢੰਗ ਨਾਲ ਹੀ ਸਹੀ ਜਨਤਾ ਨੂੰ ਅੰਦਰ ਹੋ ਰਹੀ ਘੁਸਰ ਮੁਸਰ ਨੂੰ ਸਮਝਣ ਦਾ ਕੁਝ ਮੌਕਾ ਤਾਂ ਦੇ ਹੀ ਦਿੱਤਾ ਹੈ। ਸ਼ਾਇਦ ਤਾਂਹੀਓਂ ਲੋਕ ਅਜਿਹੀਆਂ ਚੀਜ਼ਾਂ ਦੇ ਮਜੇ ਲੈਣ ਤੋਂ ਬਾਅਦ ਕਹਿ ਦਿੰਦੇ ਹਨ, “ਜੈ ਹੋ ਸੋਸ਼ਲ ਮੀਡੀਆ ਕੀ।”

 

Share this Article
Leave a comment