ਲਓ ਬਈ! ਆ ਗਈ ਉਹ ਘੜੀ, ਮੁੱਖ ਮੰਤਰੀ ਨੇ ਅਹਿਮਦ ਪਟੇਲ ਨਾਲ ਸਿੱਧੂ ਬਾਰੇ ਕਰ ਲਈ ਮੁਲਾਕਾਤ , ਆਹ ਚੱਕੋ ਵੇਰਵੇ

TeamGlobalPunjab
5 Min Read

ਚੰਡੀਗੜ੍ਹ:  ਤਿੰਨ ਹਫਤਿਆਂ ਦੇ ਲੰਬੇ ਇੰਤਜ਼ਾਰ ਤੋ ਬਾਅਦ ਆਖਰਕਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੇ ਉਸ ਸੀਨੀਅਰ ਆਗੂ ਅਹਿਮਦ ਪਟੇਲ ਨਾਲ ਮੁਲਾਕਾਤ ਕਰ ਹੀ ਲਈ, ਜਿਸ ਦੀ ਜ਼ਿੰਮੇਵਾਰੀ ਕੁਲ ਹਿੰਦ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਕੈਪਟਨ-ਸਿੱਧੂ ਦੇ ਵਿਵਾਦ ਨੂੰ ਹੱਲ ਕਰਨ ਲਈ ਲਾਈ ਸੀ। ਭਾਂਵੇਂ ਕਿ ਇਸ ਮੁਲਾਕਾਤ ਦੇ ਅਜੇ ਤੱਕ ਕੋਈ ਅਧਿਕਾਰਤ ਵੇਰਵੇ ਬਾਹਰ ਨਹੀਂ ਆਏ ਹਨ ਪਰ ਸੂਤਰਾਂ ਨੇ ਇਹ ਦਾਅਵਾ ਜ਼ਰੂਰ ਕੀਤਾ ਹੈ, ਕਿ ਇਸ ਮੁਲਾਕਾਤ ਤੋਂ ਬਾਅਦ ਕੈਪਟਨ-ਸਿੱਧੂ ਵਿਵਾਦ  ਕਿਸੇ ਤਣ-ਪੱਤਣ ਜ਼ਰੂਰ ਲੱਗ ਜਾਵੇਗਾ।

ਦੱਸ ਦਈਏ ਕਿ ਲੰਘੀਆਂ ਲੋਕ ਸਭਾਂ ਚੋਣਾਂ ਦੌਰਾਨ, ਪ੍ਰਚਾਰ ਦੇ ਅਖੀਰਲੇ ਦਿਨ ਨਵਜੋਤ ਸਿੱਧੂ ਨੇ, ਬਠਿੰਡਾ ਰੈਲੀ ਦੌਰਾਨ ਗਰਜ਼ਦਿਆਂ ਵੋਟਰਾਂ ਨੂੰ ਅਪੀਲ ਕੀਤੀ ਸੀ ਕਿ ਜਿੰਨ੍ਹਾਂ ਨੇ ਕਾਂਗਰਸ ਪਾਰਟੀ ਦੀ ਪਿੱਠ ‘ਚ ਛੁਰਾ ਮਾਰਿਆ ਹੈ 75-25 ਸਾਂਝੇਦਾਰੀ ਵਾਲੇ ਉਨ੍ਹਾਂ ਲੋਕਾਂ ਨੂੰ ਠੋਕ ਦਿਓ। ਹਾਲਾਂਕਿ ਸਿੱਧੂ ਨੇ ਇਸ ਭਾਸ਼ਣ ‘ਚ ਕਿਸੇ ਦਾ ਕੋਈ ਨਾਂਅ ਨਹੀਂ ਲਿਆ ਸੀ, ਪਰ ਇਸ ਦੇ ਬਾਵਜੂਦ ਕੈਪਟਨ ਨੇ ਇਸ ਗੱਲ ਦਾ ਹੱਦੋ ਵੱਧ ਬੁਰਾ ਮਨਾਇਆ ਤੇ ਵੋਟਾਂ ਦੀ ਗਿਣਤੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਦਾ ਗੁੱਸਾ ਫੁੱਟ ਪਿਆ ਤੇ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾਂ ਸਾਧਦਿਆਂ ਇਹ ਕਹਿ ਦਿੱਤਾ ਸੀ ਕਿ ਸਿੱਧੂ ਦੇ ਸਥਾਨਕ ਸਰਕਾਰਾਂ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਕਾਰਨ ਪਾਰਟੀ ਦੀ ਸ਼ਹਿਰਾਂ ਅੰਦਰ ਹਾਰ ਹੋਈ ਹੈ। ਇਸ ਉਪਰੰਤ ਭਾਂਵੇਂ ਸਿੱਧੂ ਨੇ ਬਥੇਰੇ ਸਬੂਤ ਤੇ ਤਰਕ ਦਿੱਤੇ, ਕਿ ਉਨ੍ਹਾਂ ਦੇ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਸਾਬਤ ਕੀਤੀ ਜਾਵੇ, ਪਰ ਇਸ ਦੇ ਬਾਵਜੂਦ ਕੈਪਟਨ ਨੇ ਉਨ੍ਹਾਂ ਦੀ ਇੱਕ ਨਾ ਸੁਣੀ, ਤੇ ਇੱਕ ਝਟਕੇ ‘ਚ ਹੀ ਵਜ਼ਾਰਤੀ ਫੇਰਬਦਲ ਦੌਰਾਨ ਉਨ੍ਹਾਂ ਨੇ ਸਿੱਧੂ ਤੋਂ ਸਥਾਨਕ ਸਰਕਾਰਾਂ ਦਾ ਵਿਭਾਗ ਖੋਹ ਕੇ ਬਿਜਲੀ ਮਹਿਕਮਾ ਦੇ ਦਿੱਤਾ। ਇੱਥੇ ਹੀ ਆ ਕੇ ਪੇਚ ਫਸ ਗਿਆ, ਤੇ ਸਿੱਧੂ ਆਪਣਾ ਸਾਰਾ ਰਿਕਾਰਡ ਚੁੱਕ ਕੇ ਦਿੱਲੀ ਲੈ ਗਏ। ਜਿੱਥੇ ੳਨ੍ਹਾਂ ਨੇ ਇਹ ਰਿਕਾਰਡ ਰਾਹੁਲ ਤੇ ਪ੍ਰਿੰਯਕਾ ਗਾਂਧੀ ਦੇ ਸਾਹਮਣੇ ਰੱਖਕੇ ਇਕ ਲਿਖਤੀ ਚਿੱਠੀ ਰਾਹੀੰ ਸਵਾਲ ਕੀਤਾ ਕਿ ਦੱਸੋ ਉਨ੍ਹਾਂ ਦਾ ਕੀ ਕਸੂਰ ਸੀ..?

ਮਾਮਲਾ ਜ਼ਿਆਦਾ ਉਲਝਦਾ ਦੇਖ ਕਾਂਗਰਸ ਹਾਈ ਕਮਾਂਡ ਨੇ ਇਸ ਮਸਲੇ ਦੇ ਹੱਲ ਦੀ ਜ਼ਿੰਮੇਵਾਰੀ ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਨੂੰ ਦੇ ਦਿੱਤੀ। ਜਿੱਥੇ ਲੰਮੇ ਇੰਤਜ਼ਾਰ ਤੋਂ ਬਾਅਦ ਅੱਜ ਜਦੋਂ ਕੈਪਟਨ ਨੇ ਅਹਿਮਦ ਪਟੇਲ ਨਾਲ ਸਿੱਧੂ ਮਸਲੇ ਤੇ ਗੱਲਬਾਤ ਕੀਤੀ ਹੈ ਤਾਂ ਪੰਜਾਬ ਦੀ ਸਿਆਸਤ ਨੇ ਅੰਦਰੋਂ ਅੰਦਰੀ ਇੰਝ ਉਬਾਲਾ ਖਾਦਾ ਜਿਵੇਂ ਧਰਤੀ ਹੇਠ ਲਾਵਾ। ਅਜਿਹਾ ਇਸ ਲਈ ਕਿਹਾ ਜਾ ਰਿਹਾ ਕਿਉਂਕਿ ਕਾਂਗਰਸ ਪਾਰਟੀ ਲਈ ਇਹ ਮੀਟਿੰਗ ਜਿੱਥੇ ਸਿੱਧੂ ਦੇ ਸਿਆਸੀ ਕੈਰੀਅਰ ਦਾ ਸਵਾਲ ਬਣੀ ਹੋਈ ਹੈ, ਉਥੇ ਕੈਪਟਨ ਅਮਰਿੰਦਰ ਸਿੰਘ ਲਈ ਵੀ ਸਿੱਧੂ ਦਾ ਮਹਿਕਮਾ ਬਦਲ ਕੇ ਫੈਸਲਾ ਵਾਪਿਸ ਨਾ ਲੈਣਾ ਇੱਜ਼ਤ ਦਾ ਸਵਾਲ ਮੰਨਿਆ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਜਿੱਥੇ ਨਵਜੋਤ ਸਿੰਘ ਸਿੱਧੂ ਵਲੋਂ ਬਿਜ਼ਲੀ ਮਹਿਕਮਾ ਨਾ ਸੰਭਾਲੇ ਜਾਣ ਦੇ ਬਾਵਜੂਦ ਉਨ੍ਹਾਂ ਦੇ ਦਫਤਰ ਦੇ ਬਾਹਰ ਸਿੱਧੂ ਦੇ ਨਾਂਅ ਵਾਲੀ ਤਖਤੀ (ਨੇਮ ਪਲੇਟ) ਲਾ ਦਿੱਤੀ ਗਈ ਹੈ ਉਥੇ ਦੂਜੇ ਪਾਸੇ ਨਵਜੋਤ ਸਿੱਧੂ ਦੇ ਪੁਰਾਣੇ ਸਥਾਨਕ ਸਰਕਾਰਾਂ ਮਹਿਕਮੇ ਦੇ ਦਫਤਰ ਦੇ ਬਾਹਰੋਂ  ਉਨ੍ਹਾਂ ਦੀ ਤਖਤੀ ਉਤਾਰ ਦਿੱਤੀ ਗਈ ਹੈ।

ਕੁਲ ਮਿਲਾ ਕੇ ਫਿਲਹਾਲ ਜਿੱਥੇ ਨਵਜੋਤ ਸਿੰਘ ਸਿੱਧੂ ਚੁੱਪ ਹਨ ਅਤੇ ਸੂਤਰਾਂ ਅਨੁਸਾਰ ਗਵਾਚੇ ਵਾਕਾਰ ਨੂੰ ਮੁੜ ਹਾਸਲ ਕੀਤੇ ਬਿਨ੍ਹਾਂ ਅੱਗੇ ਨਹੀਂ ਵੱਧਣਾ ਚਾਹੁੰਦੇ, ਉਥੇ ਸੱਚਾਈ ਇਹ ਹੈ ਕਿ ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਜਦੋਂ ਕਾਂਗਰਸ ਪਾਰਟੀ ਪੂਰੇ ਦੇਸ਼ ਅੰਦਰ ਹਾਰੀ, ਉਥੇ ਕੈਪਟਨ ਦੀ ਅਗਵਾਈ ‘ਚ ਪੰਜਾਬ ਅੰਦਰ 8 ਸੀਟਾਂ ਜਿੱਤੀ। ਜਿਸਨੇ ਕੈਪਟਨ ਦਾ ਸਿਆਸੀ ਕੱਦ ਪਹਿਲਾਂ ਨਾਲੋ ਹੋਰ ਉੱਚਾ ਕਰ ਦਿੱਤਾ ਹੈ। ਸਿਆਸੀ ਮਾਹਿਰਾਂ ਅਨੁਸਾਰ  ਇੰਨ੍ਹਾਂ ਹਾਲਾਤਾਂ ‘ਚ ਇਹ ਕਿਹਾ ਜਾ ਸਕਦਾ ਹੈ ਕਿ ਜਦੋਂ ਹਾਈਕਮਾਂਡ ਕਮਜ਼ੋਰ ਹੋਵੇ ਤਾਂ ਹੇਠਲੇ ਆਗੂ ਭਾਰੂ ਹੋ ਜਾਇਆ ਕਰਦੇ ਹਨ। ਕੈਪਟਨ ਅਮਰਿੰਦਰ ਸਿੰਘ ਵੀ ਭਾਰੂ ਹਨ, ਉਤੋਂ ਤੁਰਲਾ ਇਹ ਕਿ ਉਸ ਰਾਹੁਲ ਗਾਂਧੀ ਨੇ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ ਜਿਸ ਨੂੰ ਸਿੱਧੂ ਦਾ ਸਭ ਤੋਂ ਵੱਧ ਮਦਦਗਾਰ ਮੰਨਿਆਂ ਜਾਂਦਾ ਹੈ। ਅਜਿਹੇ ‘ਚ ਅਹਿਮਦ ਪਟੇਲ ਸਿੱਧੂ ਦੀ ਇਸ ਸਿਆਸੀ ਸਮੁੰਦਰ ਅੰਦਰ ਡਿਕ ਡੋਲੇ ਖਾਂਦੀ ਬੇੜੀ ਨੂੰ ਪਾਰ ਲੰਘਾਉਂਦੇ ਹਨ ਜਾਂ ਨਹੀਂ ਇਹ ਵੇਖਣਾ ਬੇਹੱਦ ਦਿਲਚਪ ਹੋਵੇਗਾ।

Share this Article
Leave a comment