ਰਾਮ ਰਹੀਮ ਜ਼ਮਾਨਤ ‘ਤੇ ਬਾਹਰ ਆਉਣ ਨੂੰ ਫਿਰਦੈ, ਹੁਣ ਕਿਹਾ ਖੇਤੀ ਕਰਨੀ ਐ ਪੈਰੋਲ ਦਿਓ

TeamGlobalPunjab
3 Min Read

ਰੋਹਤਕ : ਪੰਜਾਬ ‘ਚ ਇੱਕ ਪਾਸੇ ਜਿੱਥੇ ਸਾਲ 2015 ਦੌਰਾਨ ਵਾਪਰੇ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੰਜਾਂ ਤਖਤਾਂ ਦੇ ਜਥੇਦਾਰਾਂ ਵੱਲੋਂ 24 ਸਤੰਬਰ 2015 ਨੂੰ ਦਿੱਤੀ ਗਈ ਮਾਫੀ ਨੂੰ ਲੈ ਕੇ ਅਦਾਲਤ ਅੰਦਰ ਲਗਾਤਾਰ ਨਵੇਂ ਖੁਲਾਸੇ ਕਰ ਰਹੀ ਹੈ, ਉੱਥੇ ਰਾਮ ਰਹੀਮ ਕਦੇ ਅਦਾਲਤ ਤੇ ਕਦੇ ਜੇਲ੍ਹ ਪ੍ਰਸ਼ਾਸਨ ਰਾਹੀਂ ਵੱਖ ਵੱਖ ਕਾਰਨ ਦੱਸ ਕੇ ਪੈਰੋਲ (ਜ਼ਮਾਨਤ) ‘ਤੇ ਜੇਲ੍ਹ ‘ਚੋਂ ਬਾਹਰ ਆਉਣ ਲਈ ਆਉਣ ਲਈ ਚਾਰਾਜੋਹੀਆਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਜੀ ਹਾਂ ਇਸ ਡੇਰਾ ਮੁਖੀ ਨੇ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਉਣ ਲਈ ਕਾਗਜੀ ਪੱਤਰੀ ਕਾਰਵਾਈ ਅੱਗੇ ਵਧਾਈ ਹੈ, ਤੇ ਇਸ ਵਾਰ ਜੇਲ੍ਹ ‘ਚੋਂ ਬਾਹਰ ਆਉਣ ਦਾ ਕਾਰਨ ਖੇਤੀਬਾੜੀ ਦੇ ਕੰਮ ਦੱਸੇ ਹਨ। ਡੇਰਾ ਮੁਖੀ ਦੀ ਇਸ ਅਰਜੀ ‘ਤੇ ਕਾਰਵਾਈ ਕਰਦਿਆਂ ਜੇਲ੍ਹ ਅਧਿਕਾਰੀਆਂ ਨੇ ਸਿਰਸਾ ਜਿਲ੍ਹਾ ਪ੍ਰਸ਼ਾਸਨ ਨੂੰ ਆਪਣਾ ਤਰਕ ਦੇਣ ਲਈ ਪੱਤਰ ਲਿਖਿਆ ਹੈ।

ਇਸ ਪੱਤਰ ਵਿੱਚ ਜੇਲ੍ਹ ਅਧਿਕਾਰੀਆਂ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਇਹ ਸਵਾਲ ਕੀਤਾ ਹੈ ਕਿ, ਕੀ ਕੈਦੀ ਨੰਬਰ 8447 ਰਾਮ ਰਹੀਮ ਨੂੰ ਜ਼ਮਾਨਤ ਦੇਣਾ ਠੀਕ ਹੋਵੇਗਾ? ਇਸ ਦੇ ਨਾਲ ਹੀ ਜੇਲ੍ਹ ਅਧਿਕਾਰੀਆਂ ਨੇ ਪ੍ਰਸ਼ਾਸਨ ਨੂੰ ਜੇਲ੍ਹ ਅੰਦਰ ਰਾਮ ਰਹੀਮ ਦੇ ਚੰਗੇ ਆਚਰਣ ਅਤੇ ਰਵੱਈਏ ਦਾ ਵੀ ਹਵਾਲਾ ਦਿੱਤਾ ਹੈ। ਜੇਲ੍ਹ ਅਧਿਕਾਰੀਆਂ ਨੇ ਪ੍ਰਸ਼ਾਸਨ ਨੂੰ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਰਾਮ ਰਹੀਮ ਨੇ ਆਪਣੀ ਸਜ਼ਾ ਦਾ ਇੱਕ ਸਾਲ ਪੂਰਾ ਕਰਕੇ ਜ਼ਮਾਨਤ ਹਾਸਲ ਕਰਨ ਲਈ ਜਰੂਰੀ ਕਾਰਵਾਈ ਮੁਕੰਮਲ ਕਰ ਲਈ ਹੈ। ਇਸ ਤੋਂ ਇਲਾਵਾ ਜੇਲ੍ਹ ਅਧਿਕਾਰੀਆਂ ਨੇ ਸਿਰਸਾ ਜਿਲ੍ਹਾ ਪ੍ਰਸ਼ਾਸਨ ਨੂੰ ਲਿਖੇ ਗਏ ਪੱਤਰ ਵਿੱਚ ਰਾਮ ਰਹੀਮ ਦੇ ਕੇਸਾਂ ਦੀ ਵੀ ਜਾਣਕਾਰੀ ਦਿੱਤੀ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਨੇ 2 ਵਾਰ ਜੇਲ੍ਹ ‘ਚੋਂ ਬਾਹਰ ਆਉਣ ਲਈ ਅਦਾਲਤ ਵਿੱਚ ਅਰਜੀ ਪਾਈ ਸੀ, ਪਰ ਦੋਵੇਂ ਵਾਰ ਸੀਬੀਆਈ ਦੇ ਵਕੀਲਾਂ ਅਤੇ ਰਾਮ ਰਹੀਮ ਵੱਲੋਂ ਸਤਾਏ ਗਏ ਲੋਕਾਂ, ਜਿਨ੍ਹਾਂ ਦੀ ਵਜ੍ਹਾ ਨਾਲ ਅਦਾਲਤ ਨੇ ਰਾਮ ਰਹੀਮ ਨੂੰ ਸਜ਼ਾ ਸੁਣਾਈ ਸੀ ਉਨ੍ਹਾਂ ਦੇ ਤਰਕ ਸੁਣਨ ਤੋਂ ਬਾਅਦ ਅਦਾਲਤ ਨੇ ਰਾਮ ਰਹੀਮ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪਿਛਲੀ ਵਾਰ ਰਾਮ ਰਹੀਮ ਨੇ ਜੇਲ੍ਹ ਤੋਂ ਬਾਹਰ ਆਉਣ ਦੀ ਵਜ੍ਹਾ ਆਪਣੀ ਮੂੰਹ ਬੋਲੀ ਧੀ ਦਾ ਵਿਆਹ ਦੱਸਿਆ ਸੀ ਤੇ ਉਸ ਦਾ ਤਰਕ ਸੀ ਕਿ ਉਸ ਦੀ ਧੀ ਦੇ ਵਿਆਹ ਵਿੱਚ ਸ਼ਾਮਲ ਹੋਣਾ ਉਸ ਲਈ ਜਰੂਰੀ ਹੈ। ਜਿਸ ਨੂੰ ਅਦਾਲਤ ਨੇ ਇਹ ਕਹਿੰਦਿਆਂ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਜਿਸ ਧੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਰਾਮ ਰਹੀਮ ਜ਼ਮਾਨਤ ਮੰਗ ਰਿਹਾ ਹੈ, ਉਹ ਉਸ ਦੀ ਸਕੀ ਧੀ ਨਹੀਂ ਹੈ ਜਿਸ ਲਈ ਉਸ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਪਰ ਹੁਣ ਰਾਮ ਰਹੀਮ ਜ਼ਮਾਨਤ ‘ਤੇ ਬਾਹਰ ਆਉਣ ਲਈ ਖੇਤੀਬਾੜੀ ਕਰਨ ਬਾਰੇ ਨਵੇਂ ਤਰਕ ਦੇ ਨਾਲ ਸਾਹਮਣੇ ਆਇਆ ਹੈ, ਵੇਖਣਾ ਇਹ ਹੋਵੇਗਾ ਕਿ ਜਿਲ੍ਹਾ ਪ੍ਰਸ਼ਾਸਨ ਇਸ ‘ਤੇ ਕੀ ਫੈਸਲਾ ਲੈਂਦਾ ਹੈ।

Share this Article
Leave a comment