ਸੰਗਰੂਰ : ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਜਿਸ ਨਾਲ ਸਾਰੀਆਂ ਸਿਆਸੀ ਪਾਰਟੀਆਂ ਵੋਟਾਂ ਲੈਣ ਲਈ ਲਗਾਤਾਰ ਰੈਲੀਆਂ ਅਤੇ ਆਪਣੇ ਵਰਕਰਾਂ ਨਾਲ ਮੀਟਿੰਗਾ ਕਰ ਰਹੀਆਂ ਹਨ। ਇਸੇ ਮਾਹੌਲ ‘ਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਵੀ ਆਪਣਾ ਸਾਰਾ ਧਿਆਨ ਚੋਣਾਂ ‘ਤੇ ਕੇਂਦਰਤ ਕਰਦੇ ਨਜ਼ਰ ਆ ਰਹੇ ਹਨ। ਜਿਸ ਦੇ ਚਲਦਿਆਂ ਅੱਜ ਬਰਨਾਲਾ ਦੇ ਇੱਕ ਨਿੱਜੀ ਸਮਾਗਮ ਚ ਹਿੱਸਾ ਲੈਣ ਆਏ ਸਨ।
ਦੱਸ ਦਈਏ ਕਿ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਬਾਰੇ ਬੋਲਦਿਆਂ ਕਿਹਾ ਕਿ ਇਸ ਮਾਮਲੇ ‘ਚ ਅਦਾਲਤ ਨੇ ਦੋਸ਼ੀਆਂ ਨੂੰ ਅਗਲੇਰੀ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਹੁਣ ਐਸ ਆਈ ਟੀ ਆਪਣਾ ਕੰਮ ਖੁੱਲ੍ਹ ਕੇ ਕਰ ਸਕੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਹਰਸਿਮਰਤ ਕੌਰ ਬਾਦਲ ਵੱਲੋਂ ਭਾਜਪਾ ਆਗੂ ਸਮ੍ਰਿਤੀ ਇਰਾਨੀ ਨਾਲ ਪਾਈ ਗਈ ਕਿੱਕਲੀ ਤੇ ਸਿਆਸੀ ਤੰਜ ਕਸਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਖਿਲਾਫ ਅਕਾਲੀ ਦਲ ਦੇ ਦੂਜੀ ਕਤਾਰ ਦੇ ਆਗੂ ਹੀ ਬਿਆਨ ਦੇ ਰਹੇ ਨੇ ਜਦ ਕਿ ਹਰਸਿਮਰਤ ਕੌਰ ਬਾਦਲ ਭਾਜਪਾ ਦੀ ਆਗੂ ਸਮ੍ਰਿਤੀ ਇਰਾਨੀ ਨਾਲ ਕਿਕਲੀ ਪਾ ਰਹੀ ਹੈ।