ਮੈਡੀਕਲ ਕਾਲਜਾਂ ਦੀਆਂ ਫ਼ੀਸਾਂ ‘ਚ ਵਾਧਾ ਵਾਪਸ ਲਏ ਜਾਣ ਤੱਕ ਮੰਤਰੀ ਦਾ ਪਿੱਛਾ ਨਹੀਂ ਛੱਡਾਂਗੇ: ਆਪ

TeamGlobalPunjab
4 Min Read

ਅੰਮ੍ਰਿਤਸਰ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਯੂਥ ਵਿੰਗ ਨੇ ਸੂਬਾ ਸਰਕਾਰ ਵੱਲੋਂ ਮੈਡੀਕਲ ਕਾਲਜਾਂ/ ਯੂਨੀਵਰਸਿਟੀਆਂ ਦੀਆਂ ਫ਼ੀਸਾਂ ‘ਚ ਕੀਤੇ ਗਏ ਅੰਨ੍ਹੇਵਾਹ ਵਾਧੇ (77 ਪ੍ਰਤੀਸ਼ਤ ਤੱਕ) ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਬੁੱਧਵਾਰ ਨੂੰ ਇੱਥੇ ਰਾਣੀ ਕਾ ਬਾਗ਼ ‘ਚ ਸਥਿਤ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ.ਪੀ. ਸੋਨੀ ਦੀ ਕੋਠੀ ਦਾ ਘਿਰਾਓ ਕੀਤਾ, ਹਾਲਾਂਕਿ ਮੰਤਰੀ ਓ.ਪੀ. ਸੋਨੀ ਸਵੇਰੇ ਹੀ ਘਰੋਂ ਨਿਕਲ ਗਏ ਸਨ।

‘ਆਪ’ ਯੂਥ ਵਿੰਗ ਦੇ ਇੰਚਾਰਜ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਸੀਨੀਅਰ ਪਾਰਟੀ ਆਗੂ ਅਤੇ ਵਿਧਾਇਕ ਅਮਨ ਅਰੋੜਾ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਅਤੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਰਾਜ ਸਿੰਘ ਬੱਲ ਦੀ ਅਗਵਾਈ ਹੇਠ ਹੋਏ ਇਸ ਰੋਸ਼ ਪ੍ਰਦਰਸ਼ਨ ‘ਚ ਸੈਂਕੜੇ ਨੌਜਵਾਨਾਂ ਅਤੇ ਸਥਾਨਕ ਲੀਡਰਸ਼ਿਪ ਨੇ ਹਿੱਸਾ ਲਿਆ। ਪੁਤਲੀਘਰ ਸਥਿਤ ਡੀਟੀਓ ਦਫ਼ਤਰ ਤੋਂ ‘ਆਪ’ ਪ੍ਰਦਰਸ਼ਨਕਾਰੀਆਂ ਨੇ ਓ.ਪੀ. ਸੋਨੀ ਦੀ ਕੋਠੀ ਵੱਲ ਕੂਚ ਕੀਤਾ ਪਰ ਭਾਰੀ ਨਫ਼ਰੀ ‘ਚ ਤੈਨਾਤ ਪੁਲਸ ਫੋਰਸ ਨੇ ‘ਆਪ’ ਦੀ ਯੂਥ ਬ੍ਰਿਗੇਡ ਨੂੰ ਮੰਤਰੀ ਦੀ ਕੋਠੀ ਤੋਂ ਥੋੜ੍ਹੀ ਦੂਰੀ ‘ਤੇ ਰੋਕ ਲਿਆ, ਜਿੱਥੇ ਉਨ੍ਹਾਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਮੰਤਰੀ ਸੋਨੀ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ।

ਮੀਤ ਹੇਅਰ ਨੇ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਬਾਦਲਾਂ ਵਾਂਗ ਕੈਪਟਨ ਸਰਕਾਰ ਨੇ ਵੀ ਪ੍ਰਾਈਵੇਟ ਮੈਡੀਕਲ ਐਜੂਕੇਸ਼ਨ ਮਾਫ਼ੀਆ ਅੱਗੇ ਗੋਡੇ ਟੇਕ ਕੇ ਆਮ ਘਰਾਂ ਦੇ ਹੋਣਹਾਰ ਬੱਚਿਆਂ ਦੇ ਡਾਕਟਰ ਬਣਨ ਦੇ ਸੁਪਨੇ ਚੂਰ-ਚੂਰ ਕਰ ਦਿੱਤੇ, ਕਿਉਂਕਿ ਦਲਿਤ-ਗ਼ਰੀਬ ਜਾਂ ਘੱਟ ਆਮਦਨੀ ਵਾਲੇ ਪਰਿਵਾਰਾਂ ਦੇ ਬੱਚੇ ਤਾਂ ਦੂਰ ਮੱਧ ਵਰਗੀ ਤਬਕੇ ਨਾਲ ਸੰਬੰਧਿਤ ਚੰਗੇ ਖਾਂਦੇ-ਪੀਂਦੇ ਘਰ ਵੀ ਐਨੀ ਮਹਿੰਗੀ ਫ਼ੀਸ ਅਦਾ ਨਹੀਂ ਕਰ ਸਕਦੇ।

ਮੀਤ ਹੇਅਰ ਨੇ ਕਿਹਾ ਕਿ ਜੇਕਰ ਦਿੱਲੀ ਦੀ ਕੇਜਰੀਵਾਲ ਸਰਕਾਰ ਆਪਣੇ ਮੈਡੀਕਲ ਕਾਲਜਾਂ ‘ਚ ਐਮ.ਬੀ.ਬੀ.ਐਸ ਦੀ 5 ਸਾਲਾਂ ਦੀ ਪੜਾਈ ਸਿਰਫ਼ 20-22 ਹਜ਼ਾਰ ਰੁਪਏ ‘ਚ ਕਰਵਾ ਸਕਦੀ ਹੈ ਤਾਂ ਪੰਜਾਬ ‘ਚ ਇਹੋ ਫ਼ੀਸ ਲੱਖਾਂ ਰੁਪਏ ‘ਚ ਕਿਉਂ ਵਸੂਲੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਮੰਤਰੀ ਓ.ਪੀ. ਸੋਨੀ ਅੱਜ ਘਰ ਛੱਡ ਕੇ ਭੱਜ ਗਿਆ ਹੈ, ਪਰੰਤੂ ਜਦ ਤੱਕ ਫ਼ੀਸਾਂ ‘ਚ ਅੰਨ੍ਹਾ ਵਾਧਾ ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ‘ਆਪ’ ਦੀ ਯੂਥ ਬ੍ਰਿਗੇਡ ਮੰਤਰੀ ਸੋਨੀ ਅਤੇ ਕੈਪਟਨ ਸਰਕਾਰ ਦਾ ਪਿੱਛਾ ਨਹੀਂ ਛੱਡੇਗੀ।

- Advertisement -

ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਆੜ ‘ਚ ਸਰਕਾਰ ਨੇ ਲਗਭਗ 750 ਕਰੋੜ ਰੁਪਏ ਸ਼ਰਾਬ ਅਤੇ 250 ਕਰੋੜ ਰੁਪਏ ਰੇਤ ਮਾਫ਼ੀਆ ਨੂੰ ਛੱਡ ਸਕਦੀ ਹੈ ਤਾਂ ਡਾਕਟਰ ਬਣਨ ਦੇ ਇੱਛੁਕ ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਨੂੰ 10 ਕਰੋੜ ਰੁਪਏ ਦੀ ਰਿਆਇਤ ਕਿਉਂ ਨਹੀਂ ਦਿੱਤੀ ਜਾ ਸਕਦੀ? ਅਮਨ ਅਰੋੜਾ ਨੇ ਕਿਹਾ ਕਿ ਡਾਕਟਰੀ ਪੜਾਈ ਲਈ ਫ਼ੀਸਾਂ ‘ਚ ਬੇਤਹਾਸ਼ਾ ਵਾਧੇ ਨੇ ਕੋਰੋਨਾ ਵਾਇਰਸ ਦੌਰਾਨ ਕਾਂਗਰਸ ਦੇ ਡਾਕਟਰਾਂ ਪ੍ਰਤੀ ਹਮਦਰਦੀ ਭਰੇ ਦਿਖਾਵੇ ਦੀ ਫ਼ੂਕ ਕੱਢ ਦਿੱਤੀ।

‘ਆਪ’ ਵਿਧਾਇਕ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਘੇਰਦਿਆਂ ਕਿਹਾ ਕਿ ‘ਬੋਲੇ ਸੋ ਨਿਹਾਲ ਅਤੇ ਜੈ ਘੋਸ਼’ ਦੇ ਨਾਅਰਿਆਂ ਨਾਲ ਡਾਕਟਰਾਂ ਦੇ ਨਾਮ ‘ਤੇ ਸੁਰਖ਼ੀਆਂ ਬਟੋਰਨ ਵਾਲੇ ਸੁਨੀਲ ਜਾਖੜ ਆਮ ਘਰਾਂ ਦੇ ਬੱਚਿਆਂ ਦੀ ਪਹੁੰਚ ਤੋਂ ਦੂਰ ਕੀਤੀ ਡਾਕਟਰੀ ਪੜਾਈ ਦੇ ਮੁੱਦੇ ‘ਤੇ ਕਿਉਂ ਚੁੱਪ ਹਨ?
ਇਸ ਮੌਕੇ ਮਨਜਿੰਦਰ ਸਿੰਘ ਸਿੱਧੂ, ਸੁਖਰਾਜ ਸਿੰਘ ਬੱਲ ਅਤੇ ਦਿਨੇਸ਼ ਚੱਢਾ ਨੇ ਐਲਾਨ ਕੀਤਾ ਕਿ ਜਦ ਤੱਕ ਸਰਕਾਰ ਫ਼ੀਸਾਂ ‘ਚ ਅੰਨ੍ਹੇ ਵਾਧੇ ਵਾਲੇ ਲੋਕ ਵਿਰੋਧੀ ਫ਼ੈਸਲੇ ਨੂੰ ਵਾਪਸ ਨਹੀਂ ਲਵੇਗੀ ਉਦੋਂ ਤੱਕ ਪੰਜਾਬ ਭਰ ‘ਚ ਸਰਕਾਰ ਨੂੰ ‘ਆਪ’ ਯੂਥ ਵਿੰਗ ਦਾ ਵਿਰੋਧ ਸਹਿਣਾ ਪਵੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੇ ਫ਼ੀਸਾਂ ‘ਚ ਵਾਧਾ ਵਾਪਸ ਨਾ ਲਿਆ ਤਾਂ 2022 ‘ਚ ‘ਆਪ’ ਦੀ ਸਰਕਾਰ ਬਣਨ ‘ਤੇ ਪੰਜਾਬ ‘ਚ ਦਿੱਲੀ ਵਾਂਗ ਡਾਕਟਰੀ ਸਿੱਖਿਆ ਹਰ ਹੋਣਹਾਰ ਅਤੇ ਹੁਸ਼ਿਆਰ ਬੱਚੇ ਦੀ ਪਹੁੰਚ ‘ਚ ਕੀਤੀ ਜਾਵੇਗੀ, ਬੇਸ਼ੱਕ ਉਹ ਕਿੰਨੇ ਵੀ ਗ਼ਰੀਬ ਪਰਿਵਾਰ ਨਾਲ ਕਿਉਂ ਨਾ ਸੰਬੰਧਿਤ ਹੋਣ।

Share this Article
Leave a comment