ਬੈਂਸ ਦਾ ਵੱਡਾ ਖੁਲਾਸਾ, ਕਿਹਾ ਪੀਡੀਏ ‘ਚ ਸ਼ਾਮਲ ਲੀਡਰਾਂ ਦੀ ਅੜੀ ਕਾਰਨ ਚੋਣਾਂ ‘ਚ ਹੋਈ ਹਾਰ, ਮੈਂ ਬਹੁਤ ਰੌਲਾ ਪਾਇਆ, ਪਰ ਕਿਸੇ ਨੇ ਮੇਰੀ ਸੁਣੀ ਨਹੀਂ

TeamGlobalPunjab
5 Min Read

ਲੁਧਿਆਣਾ : ਸਿਆਸਤ ਵਿੱਚ ਆਪਣੀ ਬੇਬਾਕ ਰਾਏ ਰੱਖਣ ਲਈ ਮਸ਼ਹੂਰ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਇਹ ਕਹਿ ਕੇ ਵੱਡਾ ਧਮਾਕਾ ਕਰ ਦਿੱਤਾ ਹੈ ਕਿ ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਜਮਹੂਰੀ ਗੱਠਜੋੜ ਦੀ ਹਾਰ ਗੱਠਜੋੜ ‘ਚ ਸ਼ਾਮਲ ਕੁਝ ਲੀਡਰਾਂ ਦੀ ਅੜੀ ਕਾਰਨ ਹੋਈ ਹੈ, ਜਦਕਿ ਉਨ੍ਹਾਂ ਨੇ ਤਾਂ ਸੁਝਾਅ ਦੇ ਉਸ ‘ਤੇ ਅਮਲ ਕਰਨ ਲਈ ਬਹੁਤ ਰੌਲਾ ਪਾਇਆ ਸੀ, ਪਰ ਕਿਸੇ ਨੇ ਉਨ੍ਹਾਂ ਦੀ ਸੁਣੀ ਨਹੀਂ ਤੇ ਅੰਤ ਵਿੱਚ ਉਨ੍ਹਾਂ ਨੂੰ ਵੀ ਹਥਿਆਰ ਸੁੱਟਣੇ ਪਏ।

ਸਿਮਰਜੀਤ ਸਿੰਘ ਬੈਂਸ ਨੇ ਇਹ ਖੁਲਾਸਾ ਕੀਤਾ ਹੈ ਗਲੋਬਲ ਪੰਜਾਬ ਟੀ.ਵੀ ਦੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਨਾਲ ਕੀਤੀ ਗਈ ਇੱਕ ਵਿਸ਼ੇਸ਼ ਗੱਲਬਾਤ ਦੌਰਾਨ। ਜਿਸ ਵਿੱਚ ਕੈਮਰੇ ਸਾਹਮਣੇ ਬੋਲਦਿਆਂ ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਡਾ. ਧਰਮਵੀਰ ਗਾਂਧੀ ਅਤੇ ਸੁਖਪਾਲ ਸਿੰਘ ਖਹਿਰਾ ਨਾਲ ਰਲ ਕੇ ਜਦੋਂ ਪੰਜਾਬ ਜ਼ਮਹੂਰੀ ਗੱਠਜੋੜ ਬਣਾਇਆ ਸੀ ਤੇ ਅਜੇ ਮੀਟਿੰਗਾਂ ਦਾ ਦੌਰ ਹੀ ਚੱਲ ਰਿਹਾ ਸੀ ਕਿ ਉਨ੍ਹਾਂ ਨੇ ਸਾਰਿਆਂ ਨੂੰ ਇੱਕ ਸਲਾਹ ਦਿੱਤੀ ਸੀ ਕਿ ਪੰਜਾਬੀ ਲੋਕ ਗੱਠਜੋੜਾਂ ‘ਚ ਬਹੁਤਾ ਯਕੀਨ ਨਹੀਂ ਰੱਖਦੇ। ਬੈਂਸ ਅਨੁਸਾਰ ਲੋਕਾਂ ਦੀ ਇਹ ਸੋਚ ਹੈ ਕਿ ਇਹ ਤਾਂ ਐਵੇਂ ਡੱਡੂਆਂ ਦੀ ਪੰਸੇਰੀ ਹੀ ਇਕੱਠੀ ਹੋਈ ਪਈ ਹੈ ਤੇ ਵੋਟਾਂ ਤੋਂ ਬਾਅਦ ਇਨ੍ਹਾਂ ਨੇ ਫਿਰ ਖਿੱਲਰ ਜਾਣੈ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਇਹ ਸੁਝਾਅ ਰੱਖਿਆ ਸੀ ਕਿ ਜਦੋਂ ਤੱਕ ਸਾਰੇ ਇੱਕ ਪਾਰਟੀ, ਇੱਕ ਸੰਵਿਧਾਨ, ਇੱਕ ਨਿਸ਼ਾਨ ਤੇ ਇੱਕ ਪ੍ਰਧਾਨ ਦੇ ਨਮੂਨੇ ‘ਤੇ ਨਹੀਂ ਚਲਦੇ ਉੰਨੀਂ ਦੇਰ ਤੱਕ ਲੋਕ ਉਨ੍ਹਾਂ ‘ਤੇ ਵਿਸ਼ਵਾਸ ਨਹੀਂ ਕਰਨਗੇ, ਕਿਉਂਕਿ ਇਸ ਤੋਂ ਪਹਿਲਾਂ ਇਹ ਤਜਰਬੇ ਹੋ ਚੁਕੇ ਹਨ। ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਉਸ ਵੇਲੇ ਉਨ੍ਹਾਂ ਨੇ ਉਦਾਹਰਨ ਦਿੱਤੀ ਸੀ ਕਿ ਗੁਰਚਰਨ ਸਿੰਘ ਟੌਹੜਾ ਨੇ ਵੀ ਗੱਠਜੋੜ ਬਣਾਇਆ ਸੀ, ਉਹ ਪੰਜਾਬ ਦੀ ਰਾਜਨੀਤੀ ਵਿੱਚ ਬੜੇ ਤਾਕਤਵਰ ਆਗੂ ਸਨ, ਪਰ ਉਹ ਵੀ ਸਫਲ ਨਹੀਂ ਹੋ ਸਕੇ।  ਇਸ ਲਈ ਗੱਠਜੋੜ ਦੀ ਥਾਂ ਇੱਕ ਪਾਰਟੀ ਬਣਾਉਣੀ ਜਰੂਰੀ ਹੈ। ਜਿਸ ਵਿੱਚ ਅਕਾਲੀ ਦਲ ਵਾਲੇ, ਟਕਸਾਲੀ ਅਕਾਲੀ ਦਲ ਵਾਲੇ, ਬਹੁਤ ਸਾਰੇ ਕਾਂਗਰਸੀ, ਬੀਜੇਪੀ ਦੇ ਅੰਦਰ ਬੈਠੇ ਚੰਗੇ ਲੋਕ ਅਤੇ ਹੋਰ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦੇ ਲੋਕਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਲੋਕ ਆਉਣਾ ਤਾਂ ਚਾਹੁੰਦੇ ਹਨ ਪਰ ਉਸ ਲਈ ਪਹਿਲਾਂ ਉਨ੍ਹਾਂ ਨੂੰ ਆਪ ਇੱਕ ਝੰਡੇ ਥੱਲੇ ਇਕੱਠੇ ਹੋਣਾ ਪਵੇਗਾ। ਤਾਹੀਓਂ ਲੋਕ ਉਨ੍ਹਾਂ ਨਾਲ ਜੁੜ ਪਾਉਣਗੇ। ਸਿਮਰਜੀਤ ਸਿੰਘ ਬੈਂਸ ਅਨੁਸਾਰ ਉਸ ਵੇਲੇ ਇਸ ਗੱਠਜੋੜ ਦੇ ਆਗੂਆਂ ਨੇ ਇਹ ਕਹਿ ਕੇ ਗੱਲ ਸਿਰੇ ਨਹੀਂ ਚੜ੍ਹਨ ਦਿੱਤੀ ਕਿ ਹੁਣ ਬਹੁਤ ਦੇਰ ਹੋ ਚੁਕੀ ਹੈ ਹੁਣ ਅਜਿਹਾ ਕੀਤਾ ਜਾਣਾ ਸੰਭਵ ਨਹੀਂ ਕਿਉਂਕਿ ਇਹ ਗੱਲਾਂ ਸਿਰੇ ਨਹੀਂ ਚੜ੍ਹ ਸਕਦੀਆਂ। ਜਿਸ ਤੋਂ ਬਾਅਦ ਫਿਰ ਉਨ੍ਹਾਂ ਨੇ ਵੀ ਹਥਿਆਰ ਸੁੱਟ ਦਿੱਤੇ ਤੇ ਲੋਕ ਇਨਸਾਫ ਪਾਰਟੀ ਦੇ ਚੋਣ ਨਿਸ਼ਾਨ ਲੈਟਰ ਬਾਕਸ ‘ਤੇ ਲੋਕ ਸਭਾ ਚੋਣ ਲੜੀ।

ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਭਾਵੇਂ ਉਨ੍ਹਾਂ ਨਾਲ ਕੋਈ ਆਵੇ ਤੇ ਭਾਵੇਂ ਨਾ ਇਹ ਕਦੀ ਨਹੀਂ ਹੋਵੇਗਾ ਕਿ ਉਹ ਪੰਜਾਬ ਦੇ ਹਕੂਕ ਦੀ ਲੜਾਈ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਬੈਂਸ ਲੜੇਗਾ ਕਿਉਂਕਿ ਬੈਂਸ ਨਾਲ ਲੋਕਾਂ ਦਾ ਆਸ਼ੀਰਵਾਦ ਹੈ ਤੇ ਸਭ ਤੋਂ ਵੱਡੀ ਤਾਕਤ ਲੋਕ ਸ਼ਕਤੀ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਹੁਣ ਵੀ ਉਹ ਇਸੇ ਗੱਲ ‘ਤੇ ਕਾਇਮ ਹਨ ਕਿ ਇੱਕ ਪਾਰਟੀ, ਇੱਕ ਨਿਸ਼ਾਨ, ਇੱਕ ਵਿਧਾਨ ਤੇ ਇੱਕ ਪ੍ਰਧਾਨ ਵਾਲੇ ਰਾਹ ‘ਤੇ ਤੁਰਦਿਆਂ ਸਾਰੇ ਇਕੱਠੇ ਹੋਈਏ, ਜਿਸ ਲਈ ਉਹ ਲਗਾਤਾਰ ਹਮਖਿਆਲੀਆਂ ਨਾਲ ਸੰਪਰਕ ਵਿੱਚ ਹਨ। ਉਸ ਲਈ ਉਹ ਲੋਕ ਮੀਟਿੰਗਾਂ ਵੀ ਕਰ ਰਹੇ ਹਨ ਕਿ ਗੱਠਜੋੜ ਵਿੱਚ ਜਿਹੜੀ ਕਮੀ ਰਹਿ ਗਈ ਸੀ ਇਸ ਕਮੀ ਨੂੰ ਦੂਰ ਕਰਕੇ ਕਿਉਂ ਨਾ ਇੱਕੋ ਪਾਰਟੀ ਬਣਾਈ ਜਾਵੇ। ਜਿਸ ਦਾ ਪੰਜਾਬ ਦੇ ਲੋਕਾਂ ‘ਚ ਕੋਈ ਸੰਦੇਸ਼ ਜਾਵੇ। ਉਨ੍ਹਾਂ ਕਿਹਾ ਕਿ ਬਾਦਲ ਅਕਾਲੀ ਦਲ ਅੰਦਰ ਕੁਝ ਇਹੋ ਜਿਹੇ ਨਾਮ ਵੀ ਹਨ ਜਿਹੜੇ ਕਿ ਲਗਾਤਾਰ ਲੋਕ ਇਨਸਾਫ ਪਾਰਟੀ ਨਾਲ ਸੰਪਰਕ ਵਿੱਚ ਹਨ ਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਸਾਰੇ ਰਲ ਕਿ ਇੱਕ ਪਾਰਟੀ ਬਣਾਓ ਉਹ ਲੋਕ ਉਸ ਦਿਨ ਉਸ ਪਾਰਟੀ ਵਿੱਚ ਸ਼ਮੂਲੀਅਤ ਕਰ ਲੈਣਗੇ। ਸਿਮਰਜੀਤ ਸਿੰਘ ਬੈਂਸ ਅਨੁਸਾਰ ਅਜਿਹਾ ਇਸ ਲਈ ਹੈ ਕਿਉਂਕਿ ਜਿਹੜੇ ਲੋਕ ਉਨ੍ਹਾਂ ਵੱਲੋਂ  ਬਣਾਈ ਜਾਣ ਵਾਲੀ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਬਾਦਲ ਕਾਂਗਰਸ ਨਾਲ ਸਾਂਝ ਕਰਕੇ ਪੈਸੇ ਦੇ ਜੋਰ ‘ਤੇ 2 ਸੀਟਾਂ ਜਿੱਤੇ ਹਨ ਇਸ ਤੋਂ ਇਲਾਵਾ ਅਕਾਲੀ ਦਲ ਲੋਕ ਸਭਾ ਚੋਣਾਂ ਦੌਰਾਨ ਸਿਰਫ 17 ਵਿਧਾਨ ਸਭਾ ਹਲਕੇ ਹੀ ਜਿੱਤ ਸਕੀ ਹੈ, ਜਦਕਿ ਲੋਕ ਇਨਸਾਫ ਪਾਰਟੀ ਆਪਣੇ ਦਮ ‘ਤੇ 4 ਵਿਧਾਨ ਸਭਾ ਹਲਕੇ ਜਿੱਤੀ ਹੈ ਜੋ ਆਪਣੇ ਆਪ ਵਿੱਚ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਦਿਲਾਂ ਅੰਦਰ ਜਿਹੜੀ ਗੱਲ ਹੈ ਉਹ ਲੋਕ ਉਸ ਗੱਲ ਨੂੰ ਬਹੁਤ ਜਲਦ ਪੂਰਾ ਕਰਨਗੇ ਕਿਉਂਕਿ ਜਿਹੜੀ ਗੱਲ ਪੰਜਾਬੀਆਂ ਦੇ ਦਿਲਾਂ ਅੰਦਰ ਹੈ ਹੈ ਉਹੀਓ ਉਨ੍ਹਾਂ ਸਾਰਿਆਂ ਦੇ ਮਨਾਂ ਅੰਦਰ ਹੈ ਕਿ ਸਾਰੇ ਇੱਕ ਝੰਡੇ ਥੱਲੇ ਆ ਕੇ ਇੱਕ ਪਾਰਟੀ ਬਣਾਉਣ ਜਿਸ ਲਈ ਉਹ ਸਾਰੇ ਯਤਨਸ਼ੀਲ ਹਨ।

 

- Advertisement -

Share this Article
Leave a comment