ਬਾਦਲਾਂ ਨਾਲ ਰਲੇ ਨਹੀਂ ਹਨ ਕੈਪਟਨ, ਇਹ ਸਾਬਤ ਕਰਨ ਲਈ ਘਮਾਸਾਨ ਯੁੱਧ ਹੋਵੇਗਾ ਜਲਾਲਾਬਾਦ ਜਿਮਨੀ ਚੋਣ ‘ਚ

TeamGlobalPunjab
3 Min Read

ਜਲਾਲਾਬਾਦ : ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਨੂੰ ਹਲਕਾ ਜਲਾਲਾਬਾਦ ਦੀ ਵਿਧਾਇਕੀ ਤੋਂ ਅਸਤੀਫਾ ਦੇਣਾ ਪਿਆ ਹੈ, ਤੇ ਕਿਹਾ ਜਾ ਰਿਹਾ ਹੈ ਕਿ ਇਸ ਹਲਕੇ ਅੰਦਰ ਆਉਂਦੇ ਅਕਤੂਬਰ ਮਹੀਨੇ ਦੌਰਾਨ ਜਿਮਨੀ ਚੋਣ ਹੋਣ ਦੀ ਸੰਭਾਵਨਾ ਹੈ। ਚਰਚਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ  ਅਮਰਿੰਦਰ ਸਿੰਘ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਨੂੰ ਜਿੱਤਵਾ ਕੇ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਉਹ ਬਾਦਲਾਂ ਨਾਲ ਰਲੇ ਨਹੀਂ ਹੋਏ ਤੇ ਨਵਜੋਤ ਸਿੰਘ ਸਿੱਧੂ ਦੀ 75-25 ਵਾਲੀ ਗੱਲ ਵੀ ਝੂਠੀ ਹੈ। ਸ਼ਾਇਦ ਇਹੋ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਵਜ਼ੀਰਾਂ ਨੂੰ ਜਲਾਲਾਬਾਦ ਹਲਕੇ ਅੰਦਰ ਸਰਗਰਮੀਆਂ ਵਧਾਉਣ ਲਈ ਕਿਹਾ ਗਿਆ ਹੈ।

ਇਸ ਸਬੰਧ ਵਿੱਚ ਭਾਵੇਂ ਕਿ ਕੋਈ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹੈ, ਪਰ ਪਰਦੇ ਪਿੱਛੇ ਰਹਿਣਾ ਪਸੰਦ ਕਰਨ ਵਾਲੇ ਇੱਕ ਕਾਂਗਰਸੀ ਵਜ਼ੀਰ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਬਲਵੀਰ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਬ੍ਰਹਮ ਇੰਦਰਾ, ਗੁਰਪ੍ਰੀਤ ਸਿੰਘ ਕਾਂਗੜ, ਸੁੱਖ ਸਰਕਾਰੀਆ, ਸੁਖਜਿੰਦਰ ਸਿੰਘ ਰੰਧਾਵਾ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਕਿਹਾ ਗਿਆ ਹੈ ਕਿ ਉਹ ਜਲਾਲਾਬਾਦ ਦੇ ਨਾਲ ਨਾਲ ਮਾਨਸਾ, ਫਗਵਾੜਾ, ਹੁਸ਼ਿਆਰਪੁਰ ਤੇ ਰੋਪੜ ਹਲਕਿਆਂ ਵਿੱਚ ਲੋਕਾਂ ਨਾਲ ਵੱਧ ਤੋਂ ਵੱਧ ਰਾਬਤਾ ਕਾਇਮ ਕਰਨ ਤਾਂ ਕਿ ਆਉਣ ਵਾਲੀ ਜਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ ਇਨ੍ਹਾਂ ਹਲਕਿਆਂ ‘ਤੇ ਜਿੱਤ ਹਾਸਲ ਕਰ ਸਕੇ।

ਕਾਂਗਰਸ ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਜਲਾਲਾਬਾਦ ਤੋਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਜਿੱਤਵਾ ਕੇ ਆਪਣੀ ਵਜ਼ਾਰਤ ਵਿੱਚ ਸ਼ਾਮਲ ਕਰਵਾਉਣਾ ਚਾਹੁੰਦੇ ਹਨ। ਜਿਸ ਬਾਰੇ ਉਨ੍ਹਾਂ ਨੇ ਕਾਂਗਰਸ ਹਾਈ ਕਮਾਂਡ ਨਾਲ ਤਾਂ ਗੱਲ ਕੀਤੀ ਹੈ, ਪਰ ਸੂਤਰ ਦੱਸਦੇ ਹਨ ਕਿ ਜਾਖੜ ਗੁਰਦਾਸਪੁਰ ਦੀ ਹਾਰ ਤੋਂ ਬਾਅਦ ਜਿਮਨੀ ਚੋਣ ਲੜਨ ਦੇ ਮੂੜ ਵਿੱਚ ਨਹੀਂ ਹਨ। ਉੱਧਰ ਦੂਜੇ ਪਾਸੇ ਜਲਾਲਾਬਾਦ ਹਲਕੇ ਦੇ ਸਥਾਨਕ ਆਗੂ ਵੀ ਇੱਥੋਂ ਚੋਣ ਲੜਨ ਦੀਆਂ ਤਿਆਰੀਆਂ ਕਰੀ ਬੈਠੇ ਹਨ, ਪਰ ਪਤਾ ਲੱਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਹ ਸੀਟ ‘ਤੇ ਆਪਣੀ ਪੂਰੀ ਤਾਕਤ ਲਾ ਦੇਣਾ ਚਾਹੁੰਦੇ ਹਨ। ਲਿਹਾਜਾ ਉਹ ਇੱਥੋਂ ਅਜਿਹਾ ਉਮੀਦਵਾਰ ਉਤਾਰਨ ਦੇ ਮੂੜ ਵਿੱਚ ਹਨ ਜਿਹੜਾ ਜਿੱਤ ਨੂੰ ਯਕੀਨੀ ਬਣਾਵੇ।

Share this Article
Leave a comment