ਬਠਿੰਡਾ : ਬਠਿੰਡਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਵੱਲੋਂ ਆਪਣੇ ਵਰਕਰਾਂ ਨਾਲ ਘਰ ਘਰ ਚੋਣ ਪ੍ਰਚਾਰ ਕਰਕੇ ਵਾਪਸ ਮੁੜਨ ਦੌਰਾਨ ਲੜਾਈ ਝਗੜੇ ਦੀ ਜਿਸ ਘਟਨਾ ਸਬੰਧੀ ਪ੍ਰੋ: ਬਲਜਿੰਦਰ ਕੌਰ ਨੇ ਜਿਹੜੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ, ਉਸ ‘ਤੇ ਕਾਰਵਾਈ ਕਰਦਿਆਂ ਬਠਿੰਡਾ ਪੁਲਿਸ ਨੇ ਨਾ ਸਿਰਫ ਤੁਰੰਤ ਹਰਕਤ ਵਿੱਚ ਆਉਂਦਿਆਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਇਰਾਦਾ ਕਤਲ ਦਾ ਪਰਚਾ ਦਰਜ਼ ਕਰ ਦਿੱਤਾ ਹੈ, ਬਲਕਿ ਇਸ ਸਬੰਧੀ ਦੋ ਅਜਿਹੇ ਵਿਅਕਤੀ ਵੀ ਪੁਲਿਸ ਨੇ ਹਿਰਾਸਤ ਵਿੱਚ ਲਏ ਹਨ ਜਿਨ੍ਹਾਂ ‘ਤੇ ਜਾਂਚ ਅਧਿਕਾਰੀਆਂ ਨੂੰ ਸ਼ੱਕ ਸੀ ਕਿ ਇਹ ਲੋਕ ਇਸ ਘਟਨਾ ਵਿੱਚ ਸ਼ਾਮਲ ਸਨ। ਪੁਲਿਸ ਅਨੁਸਾਰ ਮੁੱਢਲੀ ਪੁੱਛਤਾਛ ਤੋਂ ਬਾਅਦ ਇਰਾਦਾ ਕਤਲ ਦੇ ਪਰਚੇ ਵਿੱਚ ਇਨ੍ਹਾਂ ਦੋਵਾਂ ਦੇ ਨਾਮ ਸ਼ਾਮਲ ਕਰ ਦਿੱਤੇ ਗਏ ਹਨ। ਹਾਲਾਂਕਿ ਇਨ੍ਹਾਂ ਫੜੇ ਗਏ ਦੋਵਾਂ ਲੋਕਾਂ ਦੇ ਰਿਸ਼ਤੇਦਾਰਾਂ ਨੇ ਘਟਨਾ ਦੀ ਸੀਸੀਟੀਵੀ ਫੁਟੇਜ਼ ਪੇਸ਼ ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਫੜੇ ਗਏ ਲੋਕ ਬੇਕਸੂਰ ਹਨ। ਪਰ ਇਸ ਦੇ ਬਾਵਜੂਦ ਪੁਲਿਸ ਚੋਣਾਂ ਦੇ ਇਸ ਮਾਹੌਲ ਵਿੱਚ ਕਿਸੇ ਤਰ੍ਹਾਂ ਦਾ ਕੋਈ ਰਿਸਕ ਲੈਣ ਨੂੰ ਤਿਆਰ ਨਹੀਂ ਹੈ।
ਇਸ ਸਬੰਧ ਵਿੱਚ ਬਠਿੰਡਾ ਦੇ ਐਸਐਸਪੀ ਡਾ. ਨਾਨਕ ਸਿੰਘ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਪ੍ਰੋ: ਬਲਜਿੰਦਰ ਕੌਰ ਦੇ ਦੇ ਕਾਫਲੇ ‘ਤੇ ਹਮਲਾ ਕਰਨ ਦੇ ਦੋਸ਼ ਵਿੱਚ 2 ਵਿਅਕਤੀਆਂ ਖਿਲਾਫ ਇਰਾਦਾ ਕਤਲ ਦਾ ਪਰਚਾ ਦਰਜ ਕੀਤਾ ਹੈ, ਤੇ ਪੁਲਿਸ ਅਧਿਕਾਰੀ ਅਨੁਸਾਰ ਇਸ ਮਾਮਲੇ ਦੀ ਜਾਂਚ ਉਸ ਸੀਸੀਟੀਵੀ ਫੁਟੇਜ ਦੇ ਅਧਾਰ ‘ਤੇ ਅੱਗੇ ਵਧਾਈ ਜਾ ਰਹੀ ਹੈ ਜੋ ਕਿ ਫੜੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਨੇ ਜਾਂਚ ਅਧਿਕਾਰੀ ਨੂੰ ਸੌਂਪੀ ਹੈ।
ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਪ੍ਰੋ: ਬਲਜਿੰਦਰ ਕੌਰ ਦੀ ਅਗਵਾਈ ਵਿੱਚ ‘ਆਪ’ ਸਮਰਥਕਾਂ ਨੇ ਬਠਿੰਡਾ ਦੇ ਹਜ਼ਾਰੀ ਚੌਂਕ ਵਿੱਚ ਧਰਨਾ ਦਿੱਤਾ ਸੀ, ਤੇ ਉਸ ਮੌਕੇ ਪੁਲਿਸ ਨੂੰ ਦਿੱਤੇ ਗਏ ਬਿਆਨ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ, ਕਿ ਦੇਰ ਰਾਤ 11 ਵਜੇ ਦੇ ਕਰੀਬ ਕੁਝ ਗੱਡੀਆਂ ਤੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ 40-50 ਬੰਦੇ ਉਨ੍ਹਾਂ ਦੀਆਂ ਗੱਡੀਆਂ ਦੇ ਕਾਫ਼ਲੇ ਵਿੱਚ ਉਸ ਵੇਲੇ ਆਣ ਵੜੇ ਸਨ, ਜਦੋਂ ਉਹ ਚੋਣ ਪ੍ਰਚਾਰ ਖਤਮ ਕਰਕੇ ਵਾਪਸ ਆ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਸੀ ਕਿ ਇਨ੍ਹਾਂ ਹਮਲਾਵਰਾਂ ਨੇ ਉਸ ਵੇਲੇ ‘ਆਪ’ ਵਰਕਰਾਂ ਦੀਆਂ ਗੱਡੀਆਂ ‘ਚ ਗੱਡੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਬਿਆਨ ਵਿੱਚ ਬਲਜਿੰਦਰ ਕੌਰ ਵੱਲੋਂ ਇਲਜ਼ਾਮ ਇਹ ਵੀ ਲਾਏ ਗਏ ਨੇ ਕਿ ਹਮਲਾ ਕਰਨ ਵਾਲੇ ਲੋਕਾਂ ਵਲੋਂ ਉਨ੍ਹਾਂ ਦੇ ਗੰਨਮੈਨਾਂ ਨਾਲ ਵੀ ਧੱਕਾ-ਮੁੱਕੀ ਕੀਤੀ ਗਈ ਹੈ, ਤੇ ਉਨ੍ਹਾਂ ਦੀ ਵਰਦੀ ਤੱਕ ਪਾੜ ਦਿੱਤੀ ਗਈ ਹੈ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਦੇ ਇੱਕ ਕਾਲੀ ਵਰਦੀ ਵਾਲੇ ਸਰਦਾਰ ਸੁਰੱਖਿਆ ਕਰਮੀਂ ਨੇ ਵੀ ਆਪਣੇ ਮੋਡੇ ਤੋਂ ਫਟੀ ਹੋਈ ਵਰਦੀ ਦਿਖਾਉਂਦਿਆਂ ਕੀਤੀ ਸੀ, ਤੇ ਦਾਅਵਾ ਕੀਤਾ ਸੀ, ਕਿ ਇਹ ਸਭ ਉਨ੍ਹਾਂ ਹਮਲਾਵਰਾਂ ਦਾ ਕਾਰਾ ਹੈ। ਬਲਜਿੰਦਰ ਕੌਰ ਅਨੁਸਾਰ ਉਹ ਹਮਲਾਵਰ ਉਸ ਵੇਲੇ ਇੰਨੇ ਬੇਖੌਫ ਹੋ ਕੇ ਆਏ ਸਨ ਕਿ ਉਹ ਉਨ੍ਹਾਂ ਦੀ ਗੱਡੀ ‘ਤੇ ਚੜ੍ਹ ਕੇ ਨੱਚਣ ਲੱਗ ਪਏ, ਤੇ ਉਨ੍ਹਾਂ ਹਮਲਾਵਰਾਂ ਨੇ ਬਲਜਿੰਦਰ ਕੌਰ ਦੀ ਗੱਡੀ ਦੀ ਭੰਨ੍ਹ ਤੋੜ ਵੀ ਕੀਤੀ ਸੀ। ਬੀਬੀ ਨੇ ਕਿਹਾ ਕਿ ਇਨ੍ਹਾਂ ਹਮਲਾਵਰਾਂ ਨੇ ਸਿਰਫ ਗੱਡੀ ‘ਚੋਂ ਉਨ੍ਹਾਂ ਨੂੰ ਹੀ ਖਿੱਚ ਕੇ ਬਾਹਰ ਹੀ ਨਹੀਂ ਕੱਢਿਆ, ਬਾਕੀ ਸਾਰਾ ਉਹ ਕੰਮ ਕੀਤਾ ਜਿਸ ਨਾਲ ਉਨ੍ਹਾਂ ਮਨਾਂ ਅੰਦਰ ਦਹਿਸ਼ਤ ਪੈਦਾ ਹੋਵੇ। ਇਸ ਤੋਂ ਇਲਾਵਾ ‘ਆਪ’ ਵਰਕਰਾਂ ਨੇ ਉੱਥੇ ਦਿੱਤੇ ਧਰਨੇ ਵਿੱਚ ਬਠਿੰਡਾ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਵੀ ਕੀਤੀ ਸੀ।
ਫਿਲਹਾਲ ਤਾਜੀ ਖ਼ਬਰ ਇਹ ਹੈ ਕਿ ਬਲਜਿੰਦਰ ਕੌਰ ਵਲੋਂ ਗੱਡੀਆਂ ਦੀ ਭੰਨਤੋੜ ਤੇ ਗੰਨਮੈਨਾਂ ਨੂੰ ਕੁੱਟਣ ਦੇ ਇਲਜਾਮਾ ਸਬੰਧੀ ਸੀਸੀਟੀਵੀ ਦੀ ਫੁਟੇਜ਼ ਸਾਹਮਣੇ ਆ ਚੁੱਕੀ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੁਣ ਉਮੀਦ ਇਹ ਕੀਤੀ ਜਾ ਰਹੀ ਹੈ ਕਿ ਪੁਲਿਸ ਇਸ ਸੀਸੀਟੀਵੀ ਫੁਟੇਜ ਦੇ ਸਹਾਰੇ ਅਸਲ ਸੱਚ ਨੂੰ ਬਹੁਤ ਜਲਦ ਜਨਤਾ ਦੇ ਸਾਹਮਣੇ ਲਿਆਵੇਗੀ, ਜਿਸ ਰਾਹੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।