ਫਿਰ ਆਪਣਿਆਂ ਨੇ ਹੀ ਘੇਰ ਲਿਆ ਜ਼ੀਰਾ, ਜ਼ੀਰਾ ਵਿਰੋਧੀ ਨਾਅਰਿਆਂ ਨੇ ਸਾਰਾ ਸ਼ਹਿਰ ਗੂੰਜਣ ਲਾ-ਤਾ, ਪਹਿਲਾਂ ਤਾਂ ਬਚ ਗਿਆ ਆਹ ਦੇਖੋ ਹੁਣ ਕਿਵੇਂ ਬਚੂ

Prabhjot Kaur
3 Min Read

ਜ਼ੀਰਾ : ਹਲਕਾ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਇੱਕ ਵਾਰ ਫਿਰ ਮੁਸੀਬਤ ‘ਚ ਨੇ। ਇਸ ਵਾਰ ਉਨ੍ਹਾਂ ਖਿਲਾਫ ਕਾਂਗਰਸ ਦੇ ਹੀ ਲੋਕਾਂ ਨੇ ਨਸ਼ਾ ਤਸਕਰੀ,ਰੇਤ ਮਾਫੀਆ, ਡਰੱਗ ਮਾਫੀਆ ਤੇ ਗੈਂਗਸਟਰਾਂ ਨਾਲ ਸਬੰਧਾਂ ਦਾ ਦੋਸ਼ ਲਗਾਉਂਦਿਆਂ ਮੋਰਚਾ ਖੋਲ੍ਹਦਿਆਂ ਸਾਰੇ ਸ਼ਹਿਰ ਵਿੱਚ ਸੈਂਕੜੇ ਗੱਡੀਆਂ ਦੇ ਕਾਫਲੇ ਨਾਲ ਰੋਸ ਮਾਰਚ ਕੱਢਿਆ । ਇਸ ਦੌਰਾਨ ਸੜਕੀ ਆਵਾਜਾਈ ਪੂਰੀ ਤਰ੍ਹਾਂ ਜਾਮ ਹੋ ਕੇ ਰਹਿ ਗਈ। ਇੱਥੇ ਬੋਲਦਿਆਂ ਜੀਰਾ ਦੇ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਨੇ ਕੁਲਬੀਰ ਜੀਰਾ ਦੇ ਖਿਲਾਫ ਦੋਸ਼ ਲਾਇਆ ਕਿ ਮੌਜੂਦਾ ਵਿਧਾਇਕ ਵੱਲੋਂ ਕੀਤੀਆਂ ਜਾ ਰਹੀਆਂ ਜਿਆਦਤੀਆਂ ਇੱਥੋਂ ਤੱਕ ਵੱਧ ਗਈਆਂ ਹਨ ਕਿ ਉਸ ਨੇ ਜੀਰਾ ਬੱਸ ਅੱਡੇ ‘ਤੇ ਰੇਹੜੀ ਫੜੀ ਲਗਾਉਣ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ, ਤੇ ਉਨ੍ਹਾਂ ਨੂੰ ਵੀ ਪੈਸੇ ਦੇ ਲਾਲਚ ਖਾਤਰ ਉੱਥੋਂ ਉਜਾੜ ਦਿੱਤਾ ਹੈ।

ਪਿਛਲੇ ਦਿਨੀਂ ਕੁਲਬੀਰ ਸਿੰਘ ਜ਼ੀਰਾ ‘ਤੇ 50 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਲਾਉਣ ਵਾਲੇ ਸ਼ਰਾਬ ਠੇਕੇਦਾਰ ਫਰਮਾਨ ਸਿੰਘ ਅਤੇ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਦੀ ਅਗਵਾਈ ਵਿੱਚ ਕੱਢੇ ਗਏ ਇਸ ਰੋਸ ਮਾਰਚ ਦੌਰਾਨ ਸੜਕਾਂ ‘ਤੇ ਉਤਰੇ ਸੈਂਕੜੇ ਗੱਡੀਆਂ ਦੇ ਕਾਫਲੇ ਨਾਲ ਲੋਕਾਂ ਨੇ ਕਸਬਾ ਮੱਖੂ ਤੋਂ ਜ਼ੀਰਾ ਤੱਕ ਰੋਸ ਰੈਲੀ ਕੱਢੀ । ਇਸ ਰੋਸ ਰੈਲੀ ਵਿਚ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਨੇ ਨਸ਼ਾ ਤਸਕਰ,ਰੇਤ ਮਾਫੀਆ, ਡਰੱਗ ਮਾਫੀਆ, ਗੈਂਗਸਟਰਾਂ ਨਾਲ ਸਬੰਧਾਂ ਦਾ ਦੋਸ਼ ਲਗਾਉਂਦਿਆਂ ਕੁਲਬੀਰ ਸਿੰਘ ਜ਼ੀਰਾ ਖਿਲਾਫ ਭਾਰੀ ਨਾਅਰੇਬਾਜ਼ੀ ਕੀਤੀ । ਹਲਕੇ ਦੇ ਲੋਕਾਂ ਨੇ ਇਸ ਦੌਰਾਨ ਕਾਲੇ ਝੰਡੇ ਅਤੇ ਕਾਲੇ ਕੱਪੜੇ ਪਾਕੇ ਕੁਲਬੀਰ ਸਿੰਘ ਜ਼ੀਰਾ ਦੇ ਖਿਲਾਫ ਲਿਖੇ ਫਿਕਰੇ ਵਾਲੀਆਂ ਤਖਤੀਆਂ ਹੱਥਾਂ ਵਿਚ ਫੜੀਆਂ ਹੋਈਆਂ ਸਨ ਅਤੇ ਮੱਥੇ ‘ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ।

ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈ ਵੀ ਕਾਂਗਰਸ ਪਾਰਟੀ ਦਾ ਵਰਕਰ ਹਾਂ, ਪਰ ਅੱਜ ਮੈ ਪਾਰਟੀ ਦੇ ਖਿਲਾਫ਼ ਨਹੀਂ ਬਲਕਿ ਮੋਜੂਦਾ ਵਿਧਾਇਕ ਦੇ ਖਿਲਾਫ਼ ਸੜਕ ‘ਤੇ ਉਤਰਿਆ ਹਾਂ ਕਿਉਂਕਿ ਉਨ੍ਹਾ ਦਾ ਦੋਸ਼ ਸੀ ਕਿ ਜੀਰੇ ਦੇ ਲੋਕ ਕੁਲਬੀਰ ਜੀਰੇ ਤੋਂ ਇੰਨੇ ਦੁਖੀ ਹਨ ਕਿ ਉਹਨਾਂ ਨੂੰ ਅੱਜ ਕਾਲੀਆਂ ਫੀਤੀਆ ਲਗਾ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਜੀਰੇ ਹਲਕੇ ਵਿੱਚ ਜਿੰਨੇ ਵੀ ਨਜਾਇਜ਼ ਕੰਮ ਚੱਲ ਰਹੇ ਹਨ ਜਿੰਨ੍ਹਾਂ ਵਿੱਚ ਨਸ਼ਾ ਤਸਕਰੀ ਤੋਂ ਲੈ ਕੇ ਰੇਤ ਮਾਫੀਆ ਤੱਕ ਸਭ ਕੁਲਬੀਰ ਜੀਰਾ ਦੀ ਸਹਿ ਤੇ ਚੱਲ ਰਹੇ ਹਨ । ਉਨ੍ਹਾਂ ਦੋਸ਼ ਲਾਇਆ ਕਿ ਹਾਲਾਤ ਇਥੋ ਤੱਕ ਬੱਤਰ ਹਨ ਕਿ ਜੀਰਾ ਬੱਸ ਅੱਡੇ ‘ਤੇ ਰੇਹੜੀ ਫੜੀ ਲਗਾਉਣ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਤੇ ਕੁਲਬੀਰ ਜੀਰਾ ਨੇ ਜਿਹੜੇ ਲੋਕ ਬੱਸ ਅੱਡੇ ਦੇ ਬਾਹਰ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਰੇਹੜੀਆਂ ਲਗਾ ਕੇ ਚਾਰ ਪੈਸੇ ਕਮਾਕੇ ਆਪਣਾ ਗੁਜਾਰਾ ਕਰ ਰਹੇ ਸਨ , ਉਹਨਾਂ ਦੀਆਂ ਰੇਹੜੀਆਂ ਵੀ ਉੱਥੋਂ ਹਟਵਾ ਕੇ ਉਥੇ ਪੱਕੇ ਖੋਖੇ ਰਖਵਾ ਦਿੱਤੇ ਗਏ ਹਨ ਤਾਂ ਕਿ ਖੋਖਿਆਂ ਦਾ ਕਿਰਾਇਆ ਵਸੂਲਿਆ ਜਾ ਸਕੇ । ਉਨ੍ਹਾਂ ਕਿਹਾ ਕਿ ਇਹੋ ਜਿਹੀਆਂ ਧੱਕੇਸ਼ਾਹੀਆਂ ਨੂੰ ਲੈ ਕੇ ਹੀ ਅੱਜ ਇਹ ਰੋਸ਼ ਮਾਰਚ ਕੱਢਿਆ ਜਾ ਰਿਹਾ ਹੈ।

Share this Article
Leave a comment