ਪੰਜਾਬ ਦੇ 124 ਥਾਣਿਆਂ ਦੀ ਪੁਲਿਸ ਨੂੰ ਪਈਆਂ ਭਾਜੜਾਂ, ਐਸਟੀਐਫ ਦੀ ਪੈ ਗਈ ਬਾਜ ਅੱਖ, ਕਿਸੇ ਵੇਲੇ ਵੀ ਕਾਰਵਾਈ ਸੰਭਵ

TeamGlobalPunjab
7 Min Read

 ਚੰਡੀਗੜ੍ਹ : ਇੰਝ ਜਾਪਦਾ ਹੈ ਜਿਵੇਂ ਲੰਘੀਆਂ ਚੋਣਾਂ ਦੌਰਾਨ ਨਸ਼ਿਆਂ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਰੋਧੀ ਧਿਰਾਂ ਵੱਲੋਂ ਕੀਤੀ ਗਈ ਖਿੱਚਾਈ ਦਾ ਅਸਰ ਹੁਣ ਦਿਖਾਈ ਦੇਣ ਲੱਗ ਪਿਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਲੰਘੇ ਸਮੇਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਨਸ਼ਾ ਤਸਕਰਾਂ ਅਤੇ ਉਨ੍ਹਾਂ ਦੀ ਹਿਮਾਇਤ ਕਰਨ ਵਾਲੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਦੇ ਜਿਹੜੇ ਹੁਕਮ ਦਿੱਤੇ ਸਨ, ਉਸ ਦੇ ਅਸਰ ਹੁਣ ਦਿਖਾਈ ਦੇਣ ਲੱਗ ਪਏ ਹਨ। ਜਿੱਥੇ ਪਟਿਆਲਾ ਸਣੇ ਕਈ ਜਿਲ੍ਹਿਆਂ ਦੇ ਪੁਲਿਸ ਮੁਖੀਆਂ ਨੇ ਆਪੋ ਆਪਣੇ ਅਧੀਨ ਅਜਿਹੇ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਨੌਕਰੀ ਤੋਂ ਬਾਹਰ ਦਾ ਰਸਤਾ ਦਿਖਾਇਆ ਹੈ, ਉੱਥੇ ਨਸ਼ਿਆਂ ਦੇ ਮਾਮਲੇ ਵਿੱਚ ਸੂਬਾ ਸਰਕਾਰ ਵੱਲੋਂ ਬਣਾਈ ਗਈ ਸਪੈਂਸ਼ਲ ਟਾਸਕ ਫੋਰਸ (ਐਸਟੀਐਫ) ਵੀ ਹਰਕਤ ਵਿੱਚ ਆ ਗਈ ਹੈ। ਇਸ ਐਸਟੀਐਫ ਨੇ ਪੰਜਾਬ 422 ਥਾਣਿਆਂ ਦਾ ਸਰਵੇਖਣ ਕਰਨ ਤੋਂ ਬਾਅਦ ਇਹ ਰਿਪੋਰਟ ਦਿੱਤੀ ਹੈ ਕਿ ਸੂਬੇ ਦੇ 124 ਥਾਣੇ ਅਜਿਹੇ ਹਨ ਜਿੱਥੇ ਨਸ਼ਿਆਂ ਦੇ ਮਾਮਲੇ ਸਭ ਤੋਂ ਵੱਧ ਪਾਏ ਜਾਂਦੇ ਹਨ ਤੇ ਇਹੋ ਇਲਾਕੇ ਨਸ਼ਿਆਂ ਦੇ ਮਾਮਲੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹਨ। ਲਿਹਾਜਾ ਇਸ ਜਾਂਚ ਏਜੰਸੀ ਨੇ ਇਨ੍ਹਾਂ 124 ਥਾਣਿਆਂ ਨੂੰ ਸੰਵੇਦਨਸ਼ੀਲ ਕਰਾਰ ਦਿੰਦਿਆਂ ਹੁਣ ਇਨ੍ਹਾਂ ‘ਤੇ ਬਾਜ ਅੱਖ ਰੱਖ ਰਹੀ ਹੈ ਤੇ ਐਸਟੀਐਫ ਮੁਖੀ ਗੁਰਪ੍ਰੀਤ ਕੌਰ ਦਿਓ ਨੇ ਇਹ ਐਲਾਨ ਕੀਤਾ ਹੈ ਕਿ ਜਿੱਥੇ ਵੀ ਨਸ਼ਾ ਵਿਕਦਾ ਪਾਇਆ ਗਿਆ ਜਾਂ ਨਸ਼ਾ ਤਸਕਰਾਂ ਨਾਲ ਕਿਸੇ ਪੁਲਿਸ ਵਾਲੇ ਦੀ ਮਿਲੀਭੁਗਤ ਸਾਹਮਣੇ ਆਈ, ਉਸ ਥਾਣੇ ਦੇ ਮੁਖੀ ਸਣੇ ਏਰੀਏ ਦੇ ਡੀਐਸਪੀ ਨੂੰ ਵੀ ਜਿੰਮੇਵਾਰ ਠਹਿਰਾਇਆ ਜਾਵੇਗਾ। ਯਾਨੀ ਸਿੱਧੇ ਸਿੱਧੇ ਉਨ੍ਹਾਂ ਅਧਿਕਾਰੀਆਂ ਦੀਆਂ ਨੌਕਰੀਆਂ ਜਾ ਸਕਦੀਆਂ ਹਨ, ਤੇ ਇਸ ਐਲਾਨ ਤੋਂ ਬਾਅਦ ਸੰਵੇਦਨਸ਼ੀਲ ਐਲਾਨੇ ਗਏ 124 ਥਾਣਿਆਂ ਦੀ ਪੁਲਿਸ ਨੂੰ ਭਾਜੜਾਂ ਪੈ ਗਈਆਂ ਹਨ। ਜਿਸ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਇਨ੍ਹਾਂ 124 ਥਾਣਿਆਂ ਅਧੀਨ ਨਸ਼ਾ ਤਸਕਰੀ ਦੇ ਪਰਚੇ ਪੂਰੇ ਪੰਜਾਬ ਵਿੱਚੋਂ ਵੱਧ ਦਰਜ਼ ਹੋਣ ਲੱਗ ਪੈਣ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਵੇਗੀ।

ਪੰਜਾਬ ਦੇ ਜਿਨ੍ਹਾਂ 124 ਥਾਣਿਆਂ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ ਉਨ੍ਹਾਂ ਵਿੱਚ ਬਾਡਰ ਰੇਂਜ ਦੇ 27 ਥਾਣੇ ਸ਼ਾਮਲ ਹਨ। ਜਿਨ੍ਹਾਂ ਵਿੱਚ ਅਮ੍ਰਿਤਸਰ ਸ਼ਹਿਰੀ ਅਤੇ ਅਮ੍ਰਿਤਸਰ ਦਿਹਾਤੀ ਦੇ 9 ਥਾਣੇ ਆਉਂਦੇ ਹਨ। ਇਸੇ ਤਰ੍ਹਾਂ ਤਰਨਤਾਰਨ ਜਿਲ੍ਹੇ ਦੇ 8, ਬਟਾਲਾ ਦੇ 4, ਗੁਰਦਾਸਪੁਰ ਦੇ 5, ਬਠਿੰਡਾ ਦੇ 4, ਮਾਨਸਾ ਦੇ 7, ਫਿਰੋਜ਼ਪੁਰ ਰੇਂਜ ਦੇ 22 ਥਾਣੇ ਸ਼ਾਮਲ ਹਨ। ਜਿਨ੍ਹਾਂ ਵਿੱਚ ਫਾਜ਼ਿਲਕਾ ਜਿਲ੍ਹੇ ਦੇ 5, ਫ਼ਰੀਦਕੋਟ ਦੇ 3, ਮੋਗਾ ਦੇ 5, ਲੁਧਿਆਣਾ ਦੇ 9, ਖੰਨਾ ਦੇ 2, ਸ਼ਹੀਦ ਭਗਤ ਸਿੰਘ ਨਗਰ ਦੇ 4, ਜਲੰਧਰ ਅਤੇ ਜਲੰਧਰ ਦਿਹਾਤੀ ਦੇ 16, ਹੁਸ਼ਿਆਰਪੁਰ ਦੇ 4, ਕਪੂਰਥਲਾ ਦੇ 6, ਪਟਿਆਲਾ ਦੇ 3, ਸੰਗਰੂਰ ਦੇ 5, ਬਰਨਾਲਾ ਦਾ 1, ਰੂਪਨਗਰ ਦੇ 4, ਮੁਹਾਲੀ ਦੇ 2, ਫਤਹਿਗੜ੍ਹ ਸਾਹਿਬ ਦੇ 2 ਥਾਣੇ ਸ਼ਾਮਲ ਹਨ।  

ਦੱਸ ਦਈਏ ਕਿ ਲੰਘੇ ਸਮੇਂ ਦੌਰਾਨ ਐਸਐਸਪੀ ਪਟਿਆਲਾ ਸਰਦਾਰ ਮਨਦੀਪ ਸਿੰਘ ਸਿੱਧੂ ਵੱਲੋਂ ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਲਿਪਤ 11 ਪੁਲਿਸ ਮੁਲਾਜ਼ਮਾਂ ਨੂੰ ਬਰਤਰਫ ਕਰ ਦਿੱਤਾ ਸੀ। ਜਿਨ੍ਹਾਂ ਵਿੱਚ 6 ਥਾਣੇਦਾਰ,3 ਹੈਡਕਾਂਸਟੇਬਲ ਤੇ 2 ਸ਼ਿਪਾਹੀਆਂ ਦੇ ਨਾਂ ਸ਼ਾਮਲ ਹਨ। ਜਿਹੜੇ 6 ਥਾਣੇਦਾਰਾਂ ਨੂੰ ਨੌਕਰੀ ਤੋਂ ਬਾਹਰ ਕੱਢਿਆ ਗਿਆ ਸੀ ਉਨ੍ਹਾਂ ਵਿੱਚ ਇੱਕ ਮਹਿਲਾ ਥਾਣੇਦਾਰ ਦਾ ਨਾਮ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕਈ ਹੋਰ ਜਿਲ੍ਹਿਆਂ ਵਿਚ ਵੀ ਨਸ਼ਿਆਂ ਦੇ ਮਾਮਲਿਆਂ ‘ਚ ਸ਼ਾਮਲ ਪਾਏ ਜਾ ਰਹੇ ਪੁਲਿਸ ਮੁਲਾਜ਼ਮਾਂ ਨੂੰ ਨੌਕਰੀਓਂ ਕੱਢਣ ਦਾ ਸਿਲਸਿਲਾ ਸ਼ੁਰੂ ਹੋ ਚੁਕਿਆ ਹੈ।

ਇਸ ਤੋਂ ਇਲਾਵਾ ਬੀਤੇ ਦਿਨੀਂ ਫਿਰੋਜਪੁਰ ਦੇ ਐਸਐਸਪੀ ਸੰਦੀਪ ਗੋਇਲ ਦੀ ਵੀ ਇੱਕ ਅਜਿਹੀ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਹ ਆਪਣੇ ਅਧੀਨ ਅਜਿਹੇ ਪੁਲਿਸ ਵਾਲਿਆਂ ਨੂੰ ਲਾਹਣਤਾਂ ਪਾਉਂਦੇ ਦਿਖਾਈ ਦੇ ਰਹੇ ਹਨ ਜਿਹੜੇ ਉਨ੍ਹਾਂ ਦੀ ਨਜ਼ਰ ਵਿੱਚ ਨਸ਼ਾ ਤਸਕਰਾਂ ਦੇ ਮਦਦਗਾਰ ਅਤੇ ਭ੍ਰਿਸ਼ਟ ਅਜਿਹੀਆਂ ਕਾਲੀਆਂ ਭੇਡਾਂ ਹਨ ਜਿਨ੍ਹਾਂ ਨੇ ਪੁਲਿਸ ਮਹਿਕਮੇਂ ਨੂੰ ਬਦਨਾਮ ਕੀਤਾ ਹੋਇਆ ਹੈ। ਇਸ ਭਾਸ਼ਣ ਵਿੱਚ ਸੰਦੀਪ ਗੋਇਲ ਅਜਿਹੇ ਲੋਕਾਂ ਨੁੰ ਇੱਥੋਂ ਤੱਕ ਕਹਿੰਦੇ ਦਿਖਾਈ ਦਿੱਤੇ ਹਨ ਕਿ ਜਿਹੜੇ ਲੋਕ ਅਜਿਹੇ ਕੰਮ ਕਰਦੇ ਹਨ, ਉਨ੍ਹਾ ਨੂੰ ਕੋਹੜ ਪਏਗਾ ਤੇ ਉਨ੍ਹਾਂ ਦੀਆਂ ਕੀਤੀਆਂ ਉਨ੍ਹਾਂ ਦੀ ਔਲਾਦ ਭੁਗਤੇਗੀ।

- Advertisement -

ਇਹ ਸਾਰੇ ਮਾਮਲੇ ਇਹ ਸਾਬਤ ਕਰਦੇ ਹਨ ਕਿ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ‘ਤੇ ਠੱਲ ਪਾਉਣ ਲਈ ਆਪਣੇ ਅਧੀਨ ਅਧਿਕਾਰੀਆਂ ਨੂੰ ਜਰੂਰਤ ਨਾਲੋਂ ਜਿਆਦਾ ਸਖਤ ਚੇਤਾਵਨੀ ਦਿੱਤੀ ਹੋਈ ਹੈ ਤੇ ਕੋਈ ਵੀ ਅਧਿਕਾਰੀ ਆਪਣੀ ਨੌਕਰੀ ਗਵਾਉਣ ਨੂੰ ਤਿਆਰ ਨਹੀਂ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਜਿਨ੍ਹਾਂ 124 ਥਾਣਿਆਂ ਨੂੰ ਸੰਵੇਦਨਸ਼ੀਲ ਦੱਸ ਕੇ ਐਸਟੀਐਫ ਨੇ ਆਪਣੇ ਰਡਾਰ ‘ਤੇ ਰੱਖ ਲਿਆ ਹੈ, ਉਨ੍ਹਾਂ ਥਾਣਿਆਂ ਦੀ ਪੁਲਿਸ ਨਸ਼ਿਆਂ ‘ਤੇ ਠੱਲ ਪਾਉਣ ਲਈ ਕੀ ਕਦਮ ਚੁੱਕਦੀ ਹੈ ਕਿਉਂਕਿ ਹੁਣ ਤੱਕ ਦਾ ਇਤਿਹਾਸ ਗਵਾਅ ਹੈ ਕਿ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਫੜੇ ਗਏ 25 ਹਜ਼ਾਰ ਦੇ ਕਰੀਬ ਲੋਕਾਂ ਵਿੱਚੋਂ ਜਿਆਦਾਤਰ ਉਹ ਲੋਕ ਸਨ ਜਿਹੜੇ ਨਸ਼ਾ ਕਰਨ ਦੇ ਆਦੀ ਸਨ। ਕੀ ਨਸ਼ਾ ਤਸਕਰੀ ਦੇ ਵੱਡੇ ਮਗਰਮੱਛ ਕਨੂੰਨ ਦੀ ਗ੍ਰਿਫਤ ਵਿੱਚ ਆਉਣਗੇ? ਕੀ ਜਿਹੜੇ ਸੌ ਵੱਡੇ ਨਸ਼ਾ ਤਸਕਰਾਂ ਦੀ ਪਹਿਚਾਣ ਪੁਲਿਸ ਨੇ ਕੀਤੀ ਹੈ, ਉਨ੍ਹਾਂ ਨੂੰ ਫੜ ਕੇ ਸਲਾਖਾਂ ਪਿੱਛੇ ਦੇਣ ਦੀ ਕਾਰਵਾਈ ਪੰਜਾਬ ਦੇ ਲੋਕ ਆਪਣੀਆਂ ਅੱਖਾਂ ਨਾਲ ਦੇਖ ਸਕਣਗੇ? ਜਾਂ ਫਿਰ ਇਸ ਕਾਰਵਾਈ ਦੌਰਾਨ ਵੀ ਕੁਝ ਬੇਗੁਨਾਹ ਲੋਕਾਂ ਨੂੰ ਨਿਸ਼ਾਨਾ ਬਣਾ ਕੇ (ਜਿਵੇਂ ਕਿ ਦੋਸ਼ ਲਗਦੇ ਆਏ ਹਨ) ਪੁਲਿਸ ਆਪਣੀ ਕਾਰਵਾਈ ਪੂਰੀ ਕਰ ਲਵੇਗੀ? ਸਵਾਲ ਵੱਡੇ ਹਨ ਪਰ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਆਉਂਦੀਆਂ ਚੋਣਾਂ ਦੌਰਾਨ ਉਨ੍ਹਾਂ ਹੀ ਆਲੋਚਨਾਵਾਂ ਤੋਂ ਬਚਣਾ ਹੈ ਤਾਂ ਨਸ਼ਾ ਤਸਕਰੀ ਵਿੱਚ ਸ਼ਾਮਲ ਲੋਕਾਂ ‘ਤੇ ਕਾਰਵਾਈ ਕਰਨੀ ਹੀ ਪਵੇਗੀ ਨਹੀਂ ਤਾਂ ਹਰਸਿਮਰਤ ਬਾਦਲ ਵਰਗੇ ਵਿਰੋਧੀ ਆਗੂ ਹਰ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਯਾਦ ਦਵਾਉਣ ਲਈ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਉਹ ਤਸਵੀਰ ਪਾ ਕੇ ਕੈਪਟਨ ਦਾ ਪਾਰਾ ਵਧਾਉਂਦੇ ਰਹਿਣਗੇ, ਜਿਸ ਤਸਵੀਰ ਵਿੱਚ ਕੈਪਟਨ ਮੱਥੇ ਨਾਲ ਗੁਟਕਾ ਸਾਹਿਬ ਲਾ ਕੇ 4 ਹਫਤਿਆਂ ਵਿੱਚ ਨਸ਼ਾ ਖਤਮ ਕਰਨ ਦੀ ਸਹੁੰ ਖਾ ਰਹੇ ਹਨ।

 

Share this Article
Leave a comment