ਪੰਜਾਬ ਦੇ ਇਹਨਾਂ ਪਿੰਡਾਂ ਦੇ ਲੋਕਾਂ ਨੇ ਕੀ ਕੀਤਾ ਹੈ ਵਿਲੱਖਣ ਕਾਰਜ

TeamGlobalPunjab
5 Min Read

ਅਵਤਾਰ ਸਿੰਘ

 

ਸੀਨੀਅਰ ਪੱਤਰਕਾਰ

 

- Advertisement -

ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦੀਆਂ ਸੜਕਾਂ ਦਾ ਅੱਜ ਕੱਲ੍ਹ ਹਾਲ ਮੰਦਾ ਹੀ ਜਾਪਦਾ ਹੈ। ਪਹਿਲਾਂ ਤਾਂ ਸੜਕਾਂ ਬਣਾਉਣ ਸਮੇਂ ਸਿਆਸਤ ਸ਼ੁਰੂ ਹੋ ਜਾਂਦੀ ਹੈ। ਜੇ ਸੜਕ ਬਣ ਜਾਵੇ ਤਾਂ ਠੇਕੇਦਾਰ ਵਲੋਂ ਕਰਵਾਏ ਕੰਮ ਯਾਨੀ ਪਾਈ ਹੋਈ ਪ੍ਰੀਮਿਕਸ ਛੇਤੀ ਹੀ ਉਖੜਨੀ ਸ਼ੁਰੂ ਹੋ ਜਾਂਦੀ ਹੈ। ਪੰਚਾਇਤਾਂ ਕੋਲ ਸੀਮਿਤ ਫੰਡ ਹੋਣ ਕਾਰਨ ਇਹਨਾਂ ਦੀ ਮੁਰੰਮਤ ਨਹੀਂ ਕਰਵਾਈ ਜਾਂਦੀ। ਸ਼ਹਿਰਾਂ ਨੇੜੇ ਵਸੇ ਪਿੰਡਾਂ ਨੂੰ ਇਸ ਲਈ ਨਗਰ ਨਿਗਮ ਜਾਂ ਨਗਰ ਪੰਚਾਇਤ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਕਿ ਪਿੰਡਾਂ ਦਾ ਵਿਕਾਸ ਹੋਵੇਗਾ ਤੇ ਇਹਨਾਂ ਦੀ ਆਮਦਨ ਵਧੇਗੀ। ਪਰ ਲੋਕਾਂ ਨੂੰ ਵਿਕਾਸ ਨਾਂ ਦੀ ਕੋਈ ਚੀਜ਼ ਤਾਂ ਨਜ਼ਰ ਨਹੀਂ ਆਉਂਦੀ ਉਲਟਾ ਉਹਨਾਂ ਨੂੰ ਟੈਕਸ ਹੀ ਭਰਨਾ ਪੈ ਜਾਂਦਾ ਹੈ। ਸੜਕਾਂ ਦਾ ਇਸ ਕਦਰ ਹਾਲ ਮਾੜਾ ਹੋ ਜਾਂਦਾ ਕਿ ਥੋੜਾ ਜਿਹਾ ਮੀਂਹ ਪੈਣ ਨਾਲ ਸੜਕਾਂ ਵਿੱਚ ਪਏ ਖੱਡੇ ਪਾਣੀ ਨਾਲ ਭਰ ਜਾਂਦੇ ਹਨ। ਸਰਦੀਆਂ ਵਿੱਚ ਧੁੰਦ ਹੋਣ ਕਾਰਨ ਹਾਦਸੇ ਵਾਪਰਦੇ ਹਨ। ਇਹ ਸੜਕਾਂ ਲਹੂ ਪੀਣੀਆਂ ਗਰਦਾਨੀਆਂ ਜਾਂਦੀਆਂ। ਪਿੰਡਾਂ ਦੇ ਪਤਵੰਤੇ ਅਤੇ ਚੁਣੇ ਹੋਏ ਨੁਮਾਇੰਦੇ ਅਫਸਰਾਂ ਦੇ ਦਫਤਰਾਂ ਦੇ ਚੱਕਰ ਮਾਰ ਮਾਰ ਕੇ ਅੱਕ ਤੇ ਥੱਕ ਜਾਂਦੇ ਹਨ। ਅਧਿਕਾਰੀ ਤੇ ਮੰਤਰੀ ਕਿਸੇ ਵੱਡੇ ਹਾਦਸੇ ਦੀ ਉਡੀਕ ਵਿੱਚ ਰਹਿੰਦੇ ਹਨ। ਪਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਭੋਗਪੁਰ ਨੇੜਲੇ ਪਿੰਡ ਚਮਿਆਰੀ ਅਤੇ ਜਲੰਧਰ ਦੇ ਵਾਰਡ ਨੰਬਰ 10 ਦੇ ਲੋਕਾਂ ਨੇ ਸਰਕਾਰ ਦੀ ਝਾਕ ਛੱਡ ਕੇ ਆਪ ਹੀ ਹਿੰਮਤ ਕਰਕੇ ਸੜਕ ਦੀ ਮੁਰੰਮਤ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ।
ਰਿਪੋਰਟਾਂ ਮੁਤਾਬਿਕ ਤਿੰਨ ਸਾਲ ਤੋਂ ਕੌਮੀ ਮਾਰਗ ਤੋਂ ਪਿੰਡ ਚਮਿਆਰੀ ਤੱਕ ਦੋ ਕਿਲੋਮੀਟਰ ਖਸਤਾ ਹੋਈ ਪੱਕੀ ਸੜਕ ਦਾ ਨਵੀਨੀਕਰਨ ਕਰਨ ਲਈ ਠੇਕੇਦਾਰ ਵੱਲੋਂ ਪਾਈ ਮਿੱਟੀ ਉਡਣ ਕਰਕੇ ਪਾਏ ਪੱਥਰ ਉਖੜ ਗਏ। ਤਿੰਨ ਸਾਲ ਤੋਂ ਪਿੰਡ ਵਾਸੀ ਇਸ ਸੜਕ ਦੇ ਨਵੀਨੀਕਰਨ ਲਈ ਸਰਕਾਰ ਵੱਲ ਦੇਖਦੇ ਅੱਕ ਗਏ। ਪਿੰਡ ਦੇ ਸਰਪੰਚ ਜਤਿੰਦਰ ਸਿੰਘ ਨੇ ਸਾਰਾ ਪਿੰਡ ਇਕੱਠਾ ਕਰਕੇ ਖੁਦ ਹੀ ਇਸ ਸੜਕ ਦੇ ਨਵੀਨਕਰਨ ਦਾ ਮਨ ਬਣਾ ਲਿਆ। ਪਿੰਡ ਦੀ ਪੰਚਾਇਤ ਨੇ ਇਸ ਸੜਕ ’ਤੇ ਮਿੱਟੀ ਪਵਾਉਣੀ ਸ਼ੁਰੂ ਕਰ ਦਿੱਤੀ ਹੈ ਜਿਸ ਦਾ ਸਾਰਾ ਖਰਚਾ ਪਿੰਡ ਵਾਸੀ ਚੁੱਕਣਗੇ। ਸਰਪੰਚ ਦਾ ਕਹਿਣਾ ਹੈ ਕਿ ਅਕਾਲੀ-ਭਾਜਪਾ ਸਰਕਾਰ ਨੇ ਸੜਕ ’ਤੇ ਮਿੱਟੀ ਤੇ ਪੱਥਰ ਪਵਾਇਆ ਸੀ ਪਰ ਕਾਂਗਰਸ ਸਰਕਾਰ ਬਣਨ ਕਾਰਨ ਇਸ ਸੜਕ ’ਤੇ ਬੱਜਰੀ ਤੇ ਲੁੱਕ ਨਹੀਂ ਪਈ ਜਿਸ ਕਰਕੇ ਕਿਸਾਨਾਂ ਨੂੰ ਹੁਣ ਖੰਡ ਮਿੱਲ ਵਿੱਚ ਗੰਨੇ ਦੀਆਂ ਟਰੈਕਟਰ-ਟਰਾਲੀਆਂ ਲਿਜਾਣੀਆਂ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੋ ਗਈਆਂ, ਜਿਸ ਕਰਕੇ ਅਵਾਜਾਈ ਬਹਾਲ ਕਰਨ ਲਈ ਪਿੰਡ ਵਾਸੀ ਖੁਦ ਅੱਗੇ ਆਏ ਹਨ।
ਇਸੇ ਤਰ੍ਹਾਂ ਆਰਥਿਕ ਪੱਖੋਂ ਕੰਗਾਲੀ ਦੇ ਕਗਾਰ ’ਤੇ ਪਹੁੰਚ ਚੁੱਕੇ ਜਲੰਧਰ ਨਗਰ ਨਿਗਮ ਕੋਲ ਸੜਕਾਂ ਵਿੱਚ ਟਾਕੀਆਂ ਲਾਉਣ ਲਈ ਵੀ ਪੈਸੇ ਨਹੀਂ ਹਨ, ਨਵੀਂਆਂ ਸੜਕਾਂ ਬਣਾਉਣੀਆਂ ਤਾਂ ਦੂਰ ਦੀ ਗੱਲ ਹੈ। ਰਾਮਾਮੰਡੀ ਇਲਾਕੇ ਕਾਕੀ ਪਿੰਡ ਨੇੜਿਓਂ ਢਿੱਲਵਾਂ, ਤੱਲ੍ਹਣ ਤੇ ਕੋਟਲੀ ਥਾਨ ਸਿੰਘ ਪਿੰਡਾਂ ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਹੈ ਕਿ ਨਗਰ ਨਿਗਮ ਨੂੰ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਸੜਕ ਦੀ ਸਾਰ ਨਹੀਂ ਲਈ ਗਈ। ਢਿੱਲਵਾਂ ਪਿੰਡ ਹੁਣ ਨਗਰ ਨਿਗਮ ਦਾ ਹਿੱਸਾ ਤਾਂ ਬਣ ਚੁੱਕਾ ਹੈ। ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ। ਉਥੋਂ ਦੇ ਲੋਕਾਂ ਨੇ ਨਗਰ ਨਿਗਮ ਵੱਲ ਝਾਕ ਰੱਖਣ ਦੀ ਥਾਂ ਖੁਦ ਹਿੰਮਤ ਕਰਕੇ ਟੁੱਟੀ ਹੋਈ ਸੜਕ ਦਾ ਟੋਟਾ ਬਣਾ ਲਿਆ।
ਸਾਬਕਾ ਕੌਂਸਲਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਬਲਵੀਰ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਬੇਨਤੀ ਕੀਤੀ ਸੀ ਕਿ ਵਾਰਡ ਨੰਬਰ 10 ਅਧੀਨ ਆਉਂਦੇ ਢਿੱਲਵਾਂ ਪਿੰਡ ਵਿਚ ਦੀ ਲੰਘਦੀ ਸੜਕ ’ਤੇ ਆਵਾਜਾਈ ਬਹੁਤ ਜ਼ਿਆਦਾ ਹੈ। ਸੜਕ ਦੀ ਖ਼ਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ ਹੁੰਦੇ ਹਨ ਤੇ ਇਸ ਨੂੰ ਤੁਰੰਤ ਬਣਾਇਆ ਜਾਵੇ। ਜਦੋਂ ਲੋਕਾਂ ਦੀ ਗੱਲ ਨਾ ਮੰਨੀ ਗਈ ਤਾਂ ਆਪ ਹੀ ਹਿੰਮਤ ਕਰਕੇ ਸੜਕ ਬਣਾਉਣ ਦਾ ਬੀੜਾ ਚੁੱਕਿਆ। ਪਿੰਡ ਵਿਚੋਂ ਪੈਸੇ ਇਕੱਠੇ ਕਰਕੇ ਲੁੱਕ-ਬੱਜਰੀ ਦਾ ਇੰਤਜਾਮ ਕਰਕੇ ਸੜਕ ਦਾ ਸਭ ਤੋਂ ਖ਼ਰਾਬ ਹਿੱਸਾ ਬਣਾ ਕੇ ਲੋਕਾਂ ਨੂੰ ਰਾਹਤ ਪਹੁੰਚਾਉਣ ਦਾ ਯਤਨ ਕੀਤਾ ਗਿਆ।
ਇਹ ਤਾਂ ਪੰਜਾਬ ਦੇ ਦੋ ਪਿੰਡਾਂ ਦੇ ਲੋਕਾਂ ਦੀ ਵਿਲੱਖਣ ਮਿਸਾਲ ਹੈ। ਇਸ ਤਰ੍ਹਾਂ ਦੇ ਕੰਮ ਹੋਰ ਪਿੰਡਾਂ ਲੋਕ ਵੀ ਕਰਦੇ ਹੋਣਗੇ। ਜੇ ਸਭ ਕੁਝ ਲੋਕਾਂ ਨੇ ਆਪ ਹੀ ਕਰਨਾ ਤਾਂ ਸਰਕਾਰ ਤੇ ਅਧਿਕਾਰੀਆਂ ਦਾ ਕੀ ਫਾਇਦਾ ਹੈ। ਇਸ ਦਾ ਮਤਲਬ ਲੋਕ ਕੇਵਲ ਟੈਕਸ ਭਰਨ ਜੋਗੇ ਹੀ ਰਹਿ ਗਏ ਹਨ। ਇਹ ਸੜਕਾਂ ਇਸੇ ਤਰ੍ਹਾਂ ਲੋਕਾਂ ਦਾ ਲਹੂ ਪੀਂਦੀਆਂ ਰਹਿਣਗੀਆਂ।

Share this Article
Leave a comment