ਬਰਨਾਲਾ : ਬਿਹਾਰ ‘ਚ ਤੇਜੀ ਨਾਲ ਫੈਲ ਰਿਹਾ ਚਮਕੀ ਬੁਖਾਰ ਹੁਣ ਤੱਕ ਡੇਢ ਸੌ ਤੋਂ ਵੱਧ ਜਾਨਾਂ ਲੈ ਚੁੱਕਿਆ ਹੈ ਤੇ ਹਾਲਾਤ ਇਹ ਹਨ ਕਿ ਝੋਨੇ ਦੇ ਸੀਜ਼ਨ ਵਿੱਚ ਬਿਹਾਰ ਤੋਂ ਪੰਜਾਬ ਆਉਣ ਵਾਲੇ ਪ੍ਰਵਾਸੀ ਮਜਦੂਰਾਂ ਰਾਹੀਂ ਇਹ ਬਿਮਾਰੀ ਪੰਜਾਬ ਵਿੱਚ ਵੀ ਫੈਲਣ ਦਾ ਖਤਰਾ ਬੜੀ ਤੇਜੀ ਨਾਲ ਮੰਡਰਾਉਣਾ ਸ਼ੁਰੂ ਹੋ ਗਿਆ ਹੈ। ਸ਼ਾਇਦ ਇਹੋ ਕਾਰਨ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾਂ ਨੇ ਇਸ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਚੀਮਾਂ ਨੇ ਇਸ ਮਾਮਲੇ ਨੂੰ ਇੰਨਾ ਗੰਭੀਰ ਦੱਸਿਆ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਤੋਂ ਬਿਹਾਰ ਵੱਲੋਂ ਪੰਜਾਬ ‘ਚ ਝੋਨਾਂ ਲਾਉਣ ਆਉਂਦੇ ਪ੍ਰਵਾਸੀ ਮਜਦੂਰਾਂ ਦੀ ਪੰਜਾਬ ਵਿੱਚ ਵੜਦਿਆਂ ਹੀ ਮੈਡੀਕਲ ਜਾਂਚ ਕਰਵਾਏ ਜਾਂਣ ਦੀ ਮੰਗ ਕਰ ਦਿੱਤੀ ਹੈ। ਚੀਮਾਂ ਅਨੁਸਾਰ ਅਜਿਹਾ ਕਰਕੇ ਸੂਬੇ ਅੰਦਰ ਇਸ ਨਾਮੁਰਾਦ ਬਿਮਾਰੀ ਨੂੰ ਫੈਲਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਬਿਹਾਰ ਅੰਦਰ ਤੇਜੀ ਨਾਲ ਫੈਲ ਰਹੀ ਉਸ ਬਿਮਾਰੀ ਕਾਰਨ ਡਰਦੇ ਮਾਰੇ ਲੋਕ ਆਪੋ ਆਪਣੇ ਘਰ, ਇਲਾਕੇ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਜਾਣ ਲੱਗ ਪਏ ਹਨ। ਯੂ.ਪੀ. ਦੇ ਮੁਜ਼ੱਫਰ ਨਗਰ ਤੋਂ ਇਲਾਵਾ ਬਿਹਾਰ ਦੇ ਕਈ ਜਿਲ੍ਹਿਆਂ ‘ਚ ਫੈਲ ਚੁਕੀ ਇਸ ਚਮਕੀ ਬੁਖਾਰ ਨਾਮਕ ਬਿਮਾਰੀ ਨਾਲ ਹੁਣ ਤੱਕ 158 ਦੇ ਕਰੀਬ ਬੱਚੇ ਮਾਰੇ ਜਾ ਚੁਕੇ ਹਨ।