ਚੰਡੀਗੜ੍ਹ : ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਸ਼ਹਿਰੀ ਖੇਤਰਾਂ ਅੰਦਰ ਕਾਂਗਰਸ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੈਬਨਿਟ ਦੇ 18 ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਕਰਨ ਦੀ ਤਿਆਰੀ ਕਰ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫੇਰਬਦਲ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਵਾਪਸ ਲਿਆ ਜਾ ਸਕਦਾ ਹੈ।
ਇਸ ਫੇਰਬਦਲ ਦੀ ਪੁਸ਼ਟੀ ਕਰਦਿਆਂ ਪੰਜਾਬ ਸਰਕਾਰ ਅੰਦਰਲੇ ਉੱਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਕੰਮ ਕਿਸੇ ਵੇਲੇ ਵੀ ਹੋ ਸਕਦਾ ਹੈ। ਇਨ੍ਹਾਂ ਸੂਤਰਾਂ ਅਨੁਸਾਰ ਇਸ ਫੇਰਬਦਲ ਦੌਰਾਨ ਉੰਨੀ ਦੇਰ ਤੱਕ ਨਾ ਤਾਂ ਕਿਸੇ ਨਵੇਂ ਚਿਹਰੇ ਨੂੰ ਮੰਤਰੀ ਬਣਾਇਆ ਜਾਵੇਗਾ ਤੇ ਨਾ ਹੀ ਕਿਸੇ ਮੌਜੂਦਾ ਮੰਤਰੀ ਤੋਂ ਉਸ ਦਾ ਵਿਭਾਗ ਖੋਹ ਕੇ ਉਸ ਨੂੰ ਵਿਹਲਾ ਕੀਤਾ ਜਾਵੇਗਾ, ਜਿੰਨੀ ਦੇਰ ਤੱਕ ਕਾਂਗਰਸ ਹਾਈ ਕਮਾਂਡ ਵੱਲੋ ਕੋਈ ਖਾਸ ਦਿਸ਼ਾ ਨਿਰਦੇਸ਼ ਨਹੀਂ ਆਉਂਦੇ। ਇਸ ਫੇਰਬਦਲ ਨੂੰ ਚੋਣਾਂ ਦੌਰਾਨ ਮਾੜੀ ਕਾਰਗੁਜ਼ਾਰੀ ਦੇ ਨਾਲ ਨਾਲ ਮਿਲਾਉਂਦਿਆਂ, ਸੂਤਰ ਦੱਸਦੇ ਹਨ ਕਿ ਇਹ ਫੇਰਬਦਲ ਪਿਛਲੇ ਲੰਮੇ ਸਮੇਂ ਤੋਂ ਬਕਾਇਆ ਪਿਆ ਸੀ ਜਦਕਿ ਮੰਤਰੀਆਂ ਤੇ ਵਿਧਾਇਕਾਂ ਦੀ ਕਾਰਗੁਜ਼ਾਰੀ ਪਹਿਲੇ ਦਿਨ ਤੋਂ ਹੀ ਲਗਾਤਾਰ ਵਾਚੀ ਜਾ ਰਹੀ ਹੈ।
ਦੱਸ ਦਈਏ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਜਦੋਂ ਬਠਿੰਡਾ ਵਿਖੇ 75-25 ਵਾਲਾ ਬਿਆਨ ਦਿੱਤਾ ਸੀ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਵਿਭਾਗ ਦੀ ਕਾਰਗੁਜ਼ਾਰੀ ਸ਼ਹਿਰਾਂ ਅੰਦਰ ਮਾੜੀ ਰਹੀ ਹੈ ਇਸ ਲਈ ਕਾਂਗਰਸ ਪਾਰਟੀ ਦੀ ਸ਼ਹਿਰੀ ਖੇਤਰਾਂ ਅੰਦਰ ਹਾਰ ਹੋਈ ਹੈ। ਉਸ ਵੇਲੇ ਕੈਪਟਨ ਦੇ ਇਸ ਬਿਆਨ ਨੂੰ ਸਿੱਧੂ ਦਾ ਵਿਭਾਗ ਬਦਲੇ ਜਾਣ ਦਾ ਸੰਕੇਤ ਮੰਨਿਆ ਜਾ ਰਿਹਾ ਸੀ।
ਇਸ ਤੋਂ ਪਹਿਲਾਂ ਕੈਪਟਨ ਨੇ ਇਹ ਬਿਆਨ ਦਿੱਤਾ ਸੀ ਕਿ ਉਨ੍ਹਾਂ ਨੇ ਸਿੱਧੂ ਦਾ ਮੁੱਦਾ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਕੋਲ ਚੁੱਕਿਆ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਚੋਣਾਂ ਖ਼ਤਮ ਹੋਣ ਤੱਕ ਰੁਕਣ ਲਈ ਕਿਹਾ ਸੀ। ਸੂਤਰਾਂ ਅਨੁਸਾਰ ਮੁੱਖ ਮੰਤਰੀ ਸਿੱਧੂ ਕੋਲੋ ਉਨ੍ਹਾਂ ਦਾ ਵਿਭਾਗ ਵਾਪਸ ਲੈਕੇ ਅੱਗੇ ਕਿਸੇ ਹੋਰ ਮੰਤਰੀ ਨੂੰ ਦੇਣ ਦੀ ਬਜਾਏ ਆਪਣੇ ਕੋਲ ਹੀ ਰੱਖ ਸਕਦੇ ਹਨ। ਅਜਿਹਾ ਉਹ ਪਹਿਲਾਂ ਓ ਪੀ ਤੋਂ ਵਾਤਾਵਰਣ ਵਿਭਾਗ ਵਾਪਸ ਲੈਕੇ ਆਪਣੇ ਕੋਲ ਰੱਖਦਿਆਂ ਕਰ ਚੁਕੇ ਹਨ।