ਪੰਜਾਬ ਕਾਂਗਰਸ ‘ਚ ਬਗਾਵਤ, ਮਹਿੰਦਰ ਸਿੰਘ ਕੇਪੀ ਲੜਨਗੇ ਅਜ਼ਾਦ ਚੋਣ, ਸੰਤੋਸ਼ ਚੌਧਰੀ ਨੇ ਕੈਪਟਨ ਵਿਰੁੱਧ ਕੱਢੀ ਭੜਾਸ

TeamGlobalPunjab
4 Min Read

ਹੁਸ਼ਿਆਰਪੁਰ : ਜਿਵੇਂ ਕਿ ਪਹਿਲਾਂ ਉਮੀਦ ਕੀਤੀ ਜਾ ਰਹੀ ਸੀ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੀਆਂ ਲੋਕ ਸਭਾ ਸੀਟਾਂ ਲਈ ਟਿਕਟਾਂ ਦਾ ਐਲਾਨ ਕਰਦਿਆਂ ਹੀ ਦਾਅਵੇਦਾਰਾਂ ਨੇ ਬਗਾਵਤ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿੱਥੇ ਇੱਕ ਪਾਸੇ ਟਿਕਟ ਦੇ ਦਾਅਵੇਦਾਰ ਅਤੇ ਕਾਂਗਰਸ ਦੇ ਸਾਬਕਾ ਮੈਂਬਰ ਪਾਰਲੀਮੈਂਟ ਮਹਿੰਦਰ ਸਿੰਘ ਕੇਪੀ ਨੇ ਟਿਕਟ ਨਾ ਮਿਲਣ ‘ਤੇ ਦੁਖੜਾ ਰੋਂਦਿਆਂ ਅਜ਼ਾਦ ਚੋਣ ਲੜਨ ਦੀ ਚਿਤਾਵਨੀ ਦਿੱਤੀ ਹੈ, ਉੱਥੇ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਸਾਬਕਾ ਸੰਸਦ ਮੈਂਬਰ ਸੰਤੋਸ਼ ਚੌਂਧਰੀ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਦੱਬ ਕੇ ਭੜਾਸ ਕੱਢੀ ਹੈ। ਚੌਧਰੀ ਨੇ ਤਾਂ ਇੱਥੋਂ ਤੱਕ ਦੋਸ਼ ਲਾ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਮਨ ਮਰਜ਼ੀ ਨਾਲ ਆਪਣੇ ਚਹੇਤਿਆਂ ਨੂੰ ਟਿਕਟਾਂ ਦਵਾ ਰਹੇ ਹਨ ਤੇ ਜਿਹੜੇ ਉਮੀਦਵਾਰ ਕਾਬਲ ਹਨ ਉਨ੍ਹਾਂ ਦੀ ਅਣਦੇਖ ਕੀਤੀ ਜਾ ਰਹੀ ਹੈ। ਸੰਤੋਸ਼ ਚੌਧਰੀ ਅਨੁਸਾਰ ਹੁਣ ਤੱਕ ਜੋ ਹੋਣਾ ਸੀ ਉਹ ਹੋ ਚੁੱਕਿਆ ਹੈ, ਪਰ ਹੁਣ ਉਹ ਆਪਣੇ ਵਰਕਰਾਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਅਗਲੀ ਰਣਨੀਤੀ ਤੈਅ ਕਰਨਗੇ।

ਇਨ੍ਹਾਂ ਦੋਵਾਂ ਵੱਡੇ ਆਗੂਆਂ ਵੱਲੋਂ ਸ਼ਰੇਆਮ ਕੀਤੀ ਗਈ ਬਗਾਵਤ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਦੀ ਰਾਜਨੀਤੀ ਵਿੱਚ ਕਾਂਗਰਸ ਪਾਰਟੀ ਅੰਦਰ ਵੱਡਾ ਭੂਚਾਲ ਆਉਣ ਦੇ ਸੰਕੇਤ ਦੇ ਗਿਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਐਲਾਨ ਕੀਤਾ ਸੀ ਕਿ ਜਿਸ ਕਿਸੇ ਆਗੂ ਨੇ ਵੀ ਪਾਰਟੀ ‘ਚ ਬਗਾਵਤੀ ਸੁਰ ਫੜੇ, ਜਾਂ ਐਲਾਨੇ ਗਏ ਉਮੀਦਵਾਰਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਜਾਵੇਗਾ।

ਹੁਸ਼ਿਆਰਪੁਰ ਤੋਂ ਕਾਂਗਰਸ ਦੀ ਇਸ ਸੀਨੀਅਰ ਆਗੂ ਸੰਤੋਸ਼ ਚੌਧਰੀ ਦਾ ਕਹਿਣਾ ਹੈ, ਕਿ ਪੰਜਾਬ ਕਾਂਗਰਸ ਦਾ ਇਸ ਵੇਲੇ ਇਹ ਹਾਲ ਹੈ ਕਿ ਨਾ ਤਾਂ ਸੂਬੇ ਦੇ ਮੁੱਖ ਮੰਤਰੀ ਕਿਸੇ ਨੂੰ ਮਿਲਦੇ ਹਨ ਤੇ ਨਾ ਹੀ ਇੱਥੇ ਪਾਰਟੀ ਇੰਚਾਰਜ ਦੀ ਚਲਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਬੇਹੱਦ ਔਖਾ ਹੈ। ਦੱਸ ਦਈਏ ਕਿ ਮੌਜੂਦਾ ਚੋਣਾਂ ਦੌਰਾਨ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਮੰਤਰੀਆਂ, ਸੰਤਰੀਆਂ, ਵਿਧਾਇਕਾਂ, ਉਨ੍ਹਾਂ ਦੇ ਪੁੱਤਰਾਂ, ਜਵਾਈਆਂ ਤੇ ਹੋਰ ਰਿਸ਼ਤੇਦਾਰਾਂ ਸਣੇ ਕੁੱਲ 201 ਉਮੀਦਵਾਰਾਂ ਨੇ ਆਪਣੀ ਦਾਅਵੇਦਾਰੀਆਂ ਠੋਕ ਰੱਖੀਆਂ ਹਨ ਤੇ ਇਨ੍ਹਾਂ ਵਿੱਚੋਂ ਬਹੁਤੇ ਲੋਕ ਟਿਕਟ ਲੈਣ ਲਈ ਅੱਖਾਂ ਲਾਲ ਕਰੀ ਫਿਰਦੇ ਹਨ। ਸ਼ਾਇਦ ਇਹੋ ਕਾਰਨ ਹੈ ਕਿ ਦਾਅਵੇਦਾਰਾਂ ਦੀ ਇੰਨੀ ਵੱਡੀ ਫੌਜ ਦੇਖ ਕੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਅਹਿਸਾਸ ਹੋ ਗਿਆ ਸੀ, ਕਿ ਆਉਣ ਵਾਲੇ ਸਮੇਂ ਵਿੱਚ ਜਿਨ੍ਹਾਂ ਲੋਕਾਂ ਨੂੰ ਟਿਕਟਾਂ ਨਾ ਮਿਲੀਆਂ ਉਹ ਲੋਕ ਬਗਾਵਤੀ ਸੁਰ ਫੜ ਸਕਦੇ ਹਨ। ਇਸੇ ਲਈ ਉਨ੍ਹਾਂ ਨੇ ਪਹਿਲਾਂ ਹੀ ਇਹ ਚਿਤਾਵਨੀ ਜਾਰੀ ਕਰ ਦਿੱਤੀ ਸੀ ਕਿ ਜਿਸ ਨੇ ਵੀ ਬਗਾਵਤੀ ਸੁਰ ਫੜਿਆ ਉਸ ਨੂੰ ਪਾਰਟੀ ‘ਚੋਂ ਬਾਹਰ ਕੱਢ ਦੇਆਂਗੇ।

ਮੌਜੂਦਾ ਸਮੇਂ ਦੌਰਾਨ ਦੋ ਵੱਡੇ ਆਗੂਆਂ ਨੇ ਤਾਂ ਟਿਕਟ ਨਾ ਮਿਲਣ ‘ਤੇ ਨਰਾਜ਼ਗੀ ਜ਼ਾਹਰ ਕਰਦਿਆਂ ਆਪੋ ਆਪਣੀ ਭੜਾਸ ਕੱਢਣੀ ਸ਼ੁਰੂ ਕੀਤੀ ਹੈ ਤੇ ਇਹ ਲਿਸਟ ਬਹੁਤ ਜਲਦ ਲੰਬੀ ਹੋਣ ਦੀ ਉਮੀਦ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਤੋਂ ਬਾਅਦ ਇਸ ਲਿਸਟ ਵਿੱਚ ਬਗਾਵਤੀ ਸੁਰਾਂ ਛੇੜਨ ਵਾਲਿਆਂ ਦੇ ਨਾਂ ਵਧਦੇ ਦੇਖ ਕੇ ਕੈਪਟਨ ਅਮਰਿੰਦਰ ਸਿੰਘ ਕਿਸ ਕਿਸ ਨੂੰ ਪਾਰਟੀ ‘ਚੋ਼ ਬਾਹਰ ਕੱਢਦੇ ਹਨ? ਕੌਣ ਕੌਣ ਅਜ਼ਾਦ ਚੋਣ ਲੜੇਗਾ? ਕਿੰਨ੍ਹਾਂ ਨੂੰ ਦੂਜੀਆਂ ਪਾਰਟੀਆਂ ਵਾਲੇ ਪੈਰਾਸ਼ੂਟ ਰਾਹੀਂ ਆਪਣੇ ਉਮੀਦਵਾਰਾਂ ਵਜੋਂ ਉਤਾਰਣਗੇ ਤੇ ਕਿੰਨ੍ਹਾਂ ਦਾ ਸਿਆਸੀ ਕੈਰੀਅਰ ਖਤਮ ਹੋਵੇਗਾ?

- Advertisement -

 

 

Share this Article
Leave a comment