ਚੰਡੀਗੜ੍ਹ : ਕਸ਼ਮੀਰ ਦੇ ਪੁਲਵਾਮਾ ਇਲਾਕੇ ਵਿੱਚ ਹੋਏ ਅੱਤਵਾਦੀ ਹਮਲੇ ਸਬੰਧੀ ਬੱਦੀ ਪੁਲਿਸ ਨੇ ਚਿਤਕਾਰਾ ਯੂਨੀਵਰਸਿਟੀ ਨਾਲ ਸਬੰਧਤ ਇੱਕ ਵਿਦਿਆਰਥੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਦਿਆਰਥੀ ਨੂੰ ਯੂਨੀਵਰਸਿਟੀ ਪ੍ਰਸ਼ਾਸ਼ਨ ਦੀ ਸ਼ਿਕਾਇਤ ‘ਤੇ ਕਾਬੂ ਕੀਤਾ ਗਿਆ ਹੈ ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿਦਿਆਰਥੀ ਨੂੰ ਇਸ ਹਮਲੇ ਸਬੰਧੀ ਪਹਿਲਾਂ ਹੀ ਜਾਣਕਾਰੀ ਸੀ।
ਮਿਲੀ ਜਾਣਕਾਰੀ ਅਨੁਸਾਰ ਬਰੋਟੀਵਾਲਾ ਦੀ ਚਿਤਕਾਰਾ ਯੂਨੀਵਰਸਿਟੀ ਦੇ ਇਸ ਵਿਦਿਆਰਥੀ ਦਾ ਤੇ ਇਹ ਮੁਸਲਿਮ ਭਾਈਚਾਰੇ ਨਾਲ ਸਬੰਧਤ ਦੱਸਿਆ ਜਾਂਦਾ ਹੈ। ਖ਼ਬਰ ਹੈ ਕਿ ਇਸ ਵਿਦਿਆਰਥੀ ਨੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਆਪਣੀ ਫੇਸਬੁੱਕ ‘ਤੇ ਇੱਕ ਪੋਸਟ ਲਿਖੀ ਸੀ ਕਿ ਉਸ ਨੂੰ ਇਸ ਹਮਲੇ ਸਬੰਧੀ ਪਹਿਲਾਂ ਤੋਂ ਹੀ ਜਾਣਕਾਰੀ ਹਾਸਲ ਹੋ ਗਈ ਸੀ। ਇਸ ਪੋਸਟ ਵਿੱਚ ਫੜੇ ਗਏ ਵਿਦਿਆਰਥੀ ਨੇ ਆਤਮਘਾਤੀ ਹਮਲਾਵਰ ਬਾਰੇ ਲਿਖਿਆ ਸੀ ਕਿ ਖੁਦਾ ਉਸ ਨੂੰ ਜੱਨਤ ਬਖਸ਼ੇ। ਪੁਲਿਸ ਸੂਤਰਾਂ ਅਨੁਸਾਰ ਵਿਦਿਆਰਥੀ ਵੱਲੋਂ ਪਾਈ ਗਈ ਇਸ ਪੋਸਟ ਦੀ ਜਾਣਕਾਰੀ ਮਿਲਣ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਅਨੁਸਾਰ ਫੜੇ ਗਏ ਵਿਦਿਆਰਥੀ ਕੋਲੋਂ ਸਖਤੀ ਨਾਲ ਪੁੱਛ-ਤਾਛ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਇਸ ਬਾਰੇ ਖੁਲਾਸਾ ਕੀਤਾ ਜਾਵੇਗਾ।
ਉੱਧਰ ਦੂਜ਼ੇ ਪਾਸੇ ਅਟਾਰੀ ਸਰਹੱਦ ਨੇੜੇ ਪਾਕਿਸਤਾਨ ਨੂੰ ਜਾ ਰਹੇ ਇੱਕ ਕਸ਼ਮੀਰੀ ਨੌਜਵਾਨ ਮੁਹੰਮਦ ਤਹਿਸੀਨ ਨੂੰ ਵੀ ਪੁਲਿਸ ਨੇ ਉਸ ਵੇਲੇ ਗ੍ਰਿਫਤਾਰ ਕਰ ਲਿਆ ਜਦੋਂ ਸ਼ਨੀਵਾਰ ਸ਼ਾਮ ਬਾਰਡਰ ਬੰਦ ਹੋਣ ਸਮੇਂ ਉਹ ਪਾਕਿਸਤਾਨ ਜਾ ਰਿਹਾ ਸੀ। ਫੜੇ ਗਏ ਮੁਹੰਮਦ ਤਹਿਸੀਨ ਕੋਲੋ ਪੁਲਿਸ ਪੁੱਛ-ਗਿੱਛ ਦੌਰਾਨ ਉਸ ਦੀ ਅੱਤਵਾਦੀ ਸਰਗਰਮੀਆਂ ਵਿੱਚ ਸ਼ਮੂਲੀਅਤ ਹੋਣ ਦਾ ਸ਼ੱਕ ਪੈਣ ‘ਤੇ ਪੁਲਿਸ ਨੇ ਹੋਰ ਸੁਰੱਖਿਆ ਏਜੰਸੀਆਂ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ। ਪੁਲਿਸ ਸੂਤਰਾਂ ਅਨੁਸਾਰ ਪੁੱਛ ਗਿੱਛ ਤਹਿਸੀਨ ਨੇ ਇਹ ਵੀ ਕਬੂਲਿਆ ਕਿ ਉਹ ਜੰਮੂ ਕਸ਼ਮੀਰ ਪੁਲਿਸ ਵੱਲੋਂ ਲੋੜੀਂਦਾ ਹੈ ਤੇ ਇਸੇ ਲਈ ਉਹ ਅਟਾਰੀ ਰਸਤੇ ਪਾਕਿਸਤਾਨ ਭੱਜਣ ਲਈ ਇੱਥੇ ਆਇਆ ਸੀ। ਉਸ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।