ਪੁਲਵਾਮਾ : ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ‘ਚ ਪੈਂਦੇ ਪਿੰਗਲਾਂ ਇਲਾਕੇ ਅੰਦਰ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਦੌਰਾਨ ਜਬਰਦਸਤ ਮੁਕਾਬਲਾ ਜਾਰੀ ਹੈ ਤੇ ਇਸ ਦੌਰਾਨ ਅੱਤਵਾਦੀਆਂ ਵੱਲੋਂ ਕੀਤੀ ਜਾ ਰਹੀ ਭਾਰੀ ਗੋਲਾਬਾਰੀ ਕਾਰਨ 4 ਸੁਰੱਖਿਆ ਕਰਮੀ ਸ਼ਹੀਦ ਹੋਏ ਦੱਸੇ ਜਾ ਰਹੇ ਹਨ। ਸੂਤਰਾਂ ਅਨੁਸਾਰ ਇਹ ਮੁਕਾਬਲਾ ਉਸ ਵੇਲੇ ਸ਼ੁਰੁ ਹੋਇਆ ਜਦੋਂ 55 ਰਾਸ਼ਟਰੀ ਰਾਇਫਲ ਦੀ ਇੱਕ ਸੁਰੱਖਿਆ ਟੁਕੜੀ ਨੇ ਸ਼ੱਕ ਦੇ ਅਧਾਰ ‘ਤੇ ਇਲਾਕੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਤੇ ਇਸ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਦਸਤਿਆਂ ‘ਤੇ ਜਬਰਦਸਤ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅਚਾਨਕ ਹਮਲਾ ਹੋਣ ‘ਤੇ ਸੁਰੱਖਿਆ ਦਸਤਿਆਂ ਨੇ ਵੀ ਇਸ ਦਾ ਮੂੰਹ ਤੋੜ ਜਵਾਬ ਦਿੰਦਿਆਂ ਸਾਰਾ ਇਲਾਕਾ ਸੀਲ ਕਰ ਦਿੱਤਾ। ਸੁਰੱਖਿਆ ਟੁਕੜੀ ਨੂੰ ਇਹ ਸ਼ੱਕ ਹੈ ਕਿ ਇਸ ਇਲਾਕੇ ਵਿੱਚ 2 ਤੋਂ 3 ਅੱਤਵਾਦੀ ਲੁਕੇ ਹੋ ਸਕਦੇ ਹਨ।
ਪੁਲਵਾਮਾ ਤੋ਼ ਆ ਰਹੀਆਂ ਖ਼ਬਰਾਂ ਅਨੁਸਾਰ ਇਸ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਦੇ ਜਿਹੜੇ 4 ਲੋਕ ਸ਼ਹੀਦ ਹੋਏ ਹਨ ਉਨ੍ਹਾਂ ਵਿੱਚ ਇੱਕ ਮੇਜਰ ਰੈਂਕ ਦਾ ਅਧਿਕਾਰੀ ਵੀ ਦੱਸਿਆ ਜਾ ਰਿਹਾ ਹੈ। ਮੁਕਾਬਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਰਕਾਰ ਨੇ ਅਸਥਾਈ ਰੂਪ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਜਿਕਰਯੋਗ ਹੈ; ਕਿ ਜੰਮੂ ਕਸ਼ਮੀਰ ਦਾ ਪੁਲਵਾਮਾ ਹੀ ਉਹ ਇਲਾਕਾ ਹੈ ਜਿੱਥੇ ਬੀਤੀ 14 ਫਰਵਰੀ ਨੂੰ ਅੱਤਵਾਦੀਆਂ ਵੱਲੋਂ ਸੀਆਰਪੀਐਫ ਦੇ ਕਾਫਲੇ ‘ਤੇ ਆਤਮਘਾਤੀ ਹਮਲਾ ਕਰਕੇ 40 ਜਵਾਨ ਸ਼ਹੀਦ ਕਰ ਦਿੱਤੇ ਸਨ ਖ਼ਬਰ ਲਿਖੇ ਜਾਣ ਤੱਕ ਇਹ ਮੁਕਾਬਲਾ ਅਜੇ ਵੀ ਜਾਰੀ ਸੀ।