ਅਜਨਾਲਾ : ਇੱਕ ਪਾਸੇ ਜਿੱਥੇ ਕਿਸਾਨ ਆਪਣੀ ਫਸਲ ਨੂੰ ਬਹੁਤ ਮੁਸ਼ੱਕਤ ਅਤੇ ਮਿਹਨਤ ਨਾਲ ਪਾਲ ਕੇ ਮੰਡੀ ‘ਚ ਵੇਚਣ ਲਈ ਲੈ ਕੇ ਜਾਂਦਾ ਹੈ, ਤੇ ਇਸ ਫਸਲ ਤੋਂ ਹੋਈ ਆਮਦਨੀ ਨਾਲ ਹੀ ਆਪਣੇ ਪਰਿਵਾਰ ਨੂੰ ਪਾਲ ਦਾ ਹੈ, ਉੱਥੇ ਹੀ ਸ਼ੁਰੂ ਤੋਂ ਸਰਹੱਦੀ ਇਲਾਕਿਆਂ ਦੇ ਕਿਸਾਨ ਕਈ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ, ਕਿਉਂਕਿ ਸਰਹੱਦੀ ਇਲਾਕੇ ਦੇ ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਨੂੰ ਆਪਣੀ ਫਸਲ ਨੂੰ ਮੰਡੀ ਤੱਕ ਪਹੁੰਚਾਉਣ ਲਈ ਵੱਡੀ ਮੁਸ਼ੱਕਤ ਕਰਨੀ ਪੈ ਰਹੀ ਹੈ। ਇਨ੍ਹਾਂ ਕਿਸਾਨਾਂ ਦੀਆਂ ਦੁੱਖ ਭਰੀਆਂ ਤਸਵੀਰਾਂ ਦੀ ਇੱਕ ਵੀਡੀਓ ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਜਿਸ ‘ਚ ਦਿਖਾਈ ਦਿੰਦਾ ਹੈ ਕਿ ਕਿਸ ਤਰ੍ਹਾਂ ਕਿਸਾਨ ਆਪਣੀ ਮਿਹਨਤ ਨਾਲ ਤਿਆਰ ਕੀਤੀ ਫਸਲ ਨੂੰ ਤੇਜ਼ੀ ਨਾਲ ਵਗ ਰਹੇ ਰਾਵੀ ਦਰਿਆ ‘ਚੋਂ ਕੱਢ ਰਹੇ ਹਨ। ਇਹ ਵੀਡੀਓ ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡ ਕੋਟ ਰਯਾਦਾ ਅਤੇ ਬੇਦੀ ਛੰਨਾ ਦੇ ਪੱਤਨ ਦੇ ਲੋਕਾਂ ਦੇ ਹਾਲਾਤ ਬਿਆਨ ਕਰਦੀ ਹੈ।
ਵਾਇਰਲ ਹੋਈ ਇਹ ਵੀਡੀਓ ਜਿੱਥੇ ਇੱਕ ਪਾਸੇ ਇਨ੍ਹਾਂ ਲੋਕਾਂ ਦੇ ਦੁੱਖਾਂ ਨੂੰ ਬਿਆਨ ਕਰਦੀ ਹੈ, ਉੱਥੇ ਹੀ ਇਹ ਸਰਕਾਰਾਂ ਵੱਲੋਂ ਵਿਕਾਸ ਦੇ ਨਾਂ ‘ਤੇ ਕੀਤੇ ਜਾਂਦੇ ਵਾਅਦਿਆਂ ਦੀ ਵੀ ਪੋਲ ਖੋਲ੍ਹਦੀ ਹੈ ਕਿਉਂਕਿ ਇਨ੍ਹਾਂ ਲੋਕਾਂ ਦੀ ਮੁਸ਼ਕਲ ਇਹ ਹੈ ਕਿ ਦਰਿਆ ਰਾਵੀ ‘ਤੇ ਪੁੱਲ ਹੀ ਨਹੀਂ ਹੈ ਬਣਿਆ ਹੋਇਆ। ਜਿਸ ਕਾਰਨ ਕਿਸਾਨ ਆਪਣੀ ਜਾਨ ਅਤੇ ਫਸਲ ਨੂੰ ਖਤਰੇ ‘ਚ ਪਾ ਕੇ ਦਰਿਆ ਪਾਰ ਕਰਵਾ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਕਿਸਾਨਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਇਸ ਬਾਰੇ ਗੱਲ ਕਰਦੇ ਹੋ ਕਿਸਾਨ ਸਕੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਿਹਨਤ ਨਾਲ ਤਿਆਰ ਕੀਤੀ ਹੋਈ ਫਲਸ ਹਰ ਵਾਰ ਦਰਿਆ ‘ਤੇ ਪੁਲ ਨਾ ਹੋਣ ਕਾਰਨ ਦਰਿਆ ਵਿੱਚ ਰੁੜ ਜਾਂਦੀ ਹੈ। ਇਸ ਵੀਡੀਓ ‘ਚ ਇੱਕ ਕਿਸਾਨ ਗੁਰਪ੍ਰੀਤ ਸਿੰਘ ਨੇ ਕਹਿੰਦਾ ਹੈ, ਕਿ ਦਰਿਆ ‘ਚ ਵਾਧੂ ਪਾਣੀ ਛੱਡੇ ਜਾਣ ਕਾਰਨ ਹੀ ਇਹ ਸਮੱਸਿਆ ਆਉਂਦੀ ਹੈ। ਵੀਡੀਓ ‘ਚ ਸਾਫ ਦਿਖਾਈ ਦਿੰਦਾ ਹੈ ਕਿ ਦਰਿਆ ਪਾਰ ਕਰਦੇ ਹੋਏ ਇੱਕ ਕਿਸਾਨ ਦਾ ਟੈਕਟਰ ਦਰਿਆ ‘ਚ ਡੁੱਬ ਜਾਣ ਕਾਰਨ ਸਾਰੀ ਫਸਲ ਦਰਿਆ ‘ਚ ਰੁੜ ਗਈ ਹੈ ਤੇ ਕਿਸਾਨਾਂ ਵਲੋਂ ਬਚੀ ਫਸਲ ਦਰਿਆ ਚੋ ਕੱਢਣ ਦੀ ਕੋਸ਼ਸ਼ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਉਹ ਦੁਖੀ ਕਿਸਾਨ ਦਰਿਆ ਤੇ ਪੁੱਲ ਬਣਾਉਣ ਅਤੇ ਬਰਬਾਦ ਹੋਈ ਫਸਲ ਦੇ ਮੁਆਵਜ਼ੇ ਦੀ ਮੰਗ ਕੀਤੀ ਜਾਂਦੀ ਹੈ।