ਪਰਨੀਤ ਕੌਰ ਦੀ ਰੈਲੀ ‘ਚ ਸਟੇਜ ਤੋਂ ਅਕਾਲੀ ਦਲ ਜਿੰਦਾਬਾਦ ਦੇ ਨਾਅਰੇ ਲੱਗਣ ‘ਤੇ ਪੈ ਗਿਆ ਰੌਲਾ

TeamGlobalPunjab
3 Min Read

ਪਟਿਆਲਾ : ਬਹੁਤ ਪੁਰਾਣੀ ਕਹਾਣੀ ਹੈ, ਹਿੰਦੁਸਤਾਨ ਪਾਕਿਸਤਾਨ ਦੀ ਵੰਡ ਵੇਲੇ ਇੱਕ ਇੱਕ ਸਖ਼ਸ਼ ਦਾ ਪਾਕਿਸਤਾਨ ‘ਚ ਧਰਮ ਪਰਿਵਰਤਨ ਕਰਕੇ ਉਸ ਨੂੰ ਮੁਸਲਮਾਨ ਬਣਾ ਦਿੱਤਾ ਗਿਆ ਤੇ ਕੁਝ ਲੋਕ ਉਸ ਕੋਲ ਡੰਡੇ ਲੈ ਕੇ ਖੜ੍ਹ ਗਏ ਕਿ ਬੋਲ ਅੱਲ੍ਹਾ-ਹੂ-ਅਕਬਰ। ਉਹ ਵਿਅਕਤੀ ਮੌਕੇ ‘ਤੇ ਤਾਂ ਡਰਦੇ ਮਾਰੇ ਅੱਲਾ-ਹੂ-ਅਕਬਰ ਕਹਿ ਦਿਆ ਕਰੇ, ਪਰ ਡੰਡਾ ਲਈ ਖੜ੍ਹੇ ਵਿਅਕਤੀ ਜਿਉਂ ਹੀ ਦੂਰ ਜਾਣ ਤਾਂ ਉਹ ਤਿਉਂ ਹੀ ਰਾਮ ਰਾਮ ਜਪਣ ਲੱਗ ਪਿਆ ਕਰੇ। ਇਸ ਚੱਕਰ ‘ਚ ਉਸ ਨੇ ਕਈ ਵਾਰ ਮਾਰ ਖਾਦੀ। ਹਰ ਵਾਰ ਉਸ ਨੂੰ ਡੰਡੇ ਦੇ ਜੋਰ ‘ਤੇ ਅੱਲਾ-ਹੂ-ਅਕਬਰ ਜਪਾਇਆ ਜਾਂਦਾ ਤੇ ਡੰਡੇ ਵਾਲਿਆਂ ਦੇ ਪਰੇ ਜਾਂਦਿਆਂ ਹੀ ਉਹ ਰਾਮ ਰਾਮ ਜਪਣ ਲੱਗ ਜਾਂਦਾ। ਕੁੱਟ ਕੁੱਟ ਕੇ ਥੱਕ ਚੁੱਕੇ ਉਸ ਡੰਡੇ ਵਾਲੇ ਨੇ ਕੁੱਟ ਖਾਣ ਵਾਲੇ ਨੂੰ ਪੁੱਛਿਆ ਕਿ ਆਖ਼ਰ ਤੂੰ ਇੰਨਾਂ ਢੀਠ ਕਿਉਂ ਹੈ? ਕਿਉਂ ਨਹੀਂ ਤੂੰ  ਅੱਲਾ-ਹੂ-ਅਕਬਰ ਜਪਣ ਲੱਗ ਪੈਂਦਾ ਤਾਂ ਉਸ ਕੁੱਟ ਖਾਣ ਵਾਲੇ ਵਿਅਕਤੀ ਨੇ ਕਿਹਾ ਕਿ ਮੈਂ ਇਹ ਜਾਣ ਬੁੱਝ ਕੇ ਨਹੀਂ ਕਰਦਾ ਇਹ ਆਪਣੇ ਆਪ ਹੋ ਜਾਂਦਾ ਹੈ ਕਿਉਂਕਿ ਬਚਪਨ ਤੋਂ ਹੁਣ ਤੱਕ ਰਾਮ ਰਾਮ ਜਪਦਾ ਆਇਆ ਹਾਂ। ਹੁਣ ਰਾਮ ਜਾਂਦਿਆਂ ਜਾਂਦਿਆਂ ਜਾਏਗਾ ਤੇ ਅੱਲਾ ਆਂਦਿਆਂ ਆਂਦਿਆਂ ਆਏਗਾ। ਕੁਝ ਇਹੋ ਹਾਲ ਉਨ੍ਹਾਂ ਸਿਆਸਤਦਾਨਾਂ ਦਾ ਹੋਇਆ ਪਿਆ ਹੈ ਜਿਹੜੇ ਦਲ ਬਦਲ ਕੇ ਦੂਜੀਆਂ ਪਾਰਟੀਆਂ ‘ਚ ਤਾਂ ਜਾ ਰਹੇ ਹਨ ਪਰ ਪੁਰਾਣੀ ਪਾਰਟੀ ਦੀ ਜਿੰਦਾਬਾਦ ਕਰਨੋਂ ਨਹੀਂ ਹਟ ਰਹੇ। ਇਹੋ ਜਿਹਾ ਹੀ ਇੱਕ ਮਾਮ਼ਲਾ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਪਰਨੀਤ ਕੌਰ ਦੀ ਰੈਲੀ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਹਰਮੀਤ ਸਿੰਘ ਪਠਾਨਮਾਜਰਾ ਨੇ ਮਹਾਰਾਣੀ ਪਰਨੀਤ ਕੌਰ ਦੀ ਹਾਜਰੀ ਵਿੱਚ ਸਟੇਜ ਤੋਂ ਮਾਇਕ ਫੜ ਅਕਾਲੀ ਦਲ ਜਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਹ ਸੁਣ ਕੇ ਪੰਡਾਲ ‘ਚ ਬੈਠੇ ਲੋਕਾਂ ਦਾ ਹਾਸਾ ਨਿੱਕਲ ਗਿਆ ਤੇ ਉਹ ਲੋਕ ਪਠਾਨਮਾਜਰਾ ਦੀ ਹੂਟਿੰਗ ਕਰਨ ਲੱਗ ਪਏ । ਇਹ ਦੇਖ ਕੇ ਕੋਲ ਖੜ੍ਹੇ ਕਾਂਗਰਸ ਸਮਰਥਕਾਂ ਨੇ ਉਨ੍ਹਾਂ ਨੂੰ ਤੁਰੰਤ ਕਿਹਾ ਕਿ, “ਯਾਰ ਇਹ ਕੀ ਬੋਲ ਗਏ?” ਗਲਤੀ ਦਾ ਅਹਿਸਾਸ ਹੁੰਦਿਆਂ ਹੀ ਹਰਮੀਤ ਸਿੰਘ ਪਠਾਨਮਾਜਰਾ ਬੋਲੋ, “ਮਾਫ ਕਰ ਦਿਓ ਯਾਰ! ਗਲਤੀ ਹੋ ਗਈ। ਐਨੇ ਸਾਲ ਅਕਾਲੀਆਂ ‘ਚ ਰਹਿ ਕੇ ਆਇਆ ਹਾਂ, ਤਾਹੀਓਂ ਇਹ ਗਲਤੀ ਹੋਈ ਹੈ।” ਇਸ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਪਾਰਟੀ ਜਿੰਦਾਬਾਦ ਤੇ ਪਰਨੀਤ ਕੌਰ ਜਿੰਦਾਬਾਦ ਦੇ ਨਾਅਰੇ ਲਾਏ।

Share this Article
Leave a comment