ਨਾਬਾਲਗ ਮਰੀਜ ਨਾਲ ਨਰਸ ਨੇ ਕੀਤੀ ਗਲਤ ਹਰਕਤ? ਮੌਕੇ ‘ਤੇ ਪੁੱਜੀ ਪੁਲਿਸ, ਹੋਗੀ ਲਾ-ਲਾ-ਲਾ

TeamGlobalPunjab
4 Min Read

ਬਠਿੰਡਾ :  ਅਸੀਂ ਲੋਕਾਂ ਨੂੰ ਅਕਸਰ ਇਹ ਕਹਿੰਦੇ ਸੁਣਦੇ ਹਾਂ ਕਿ ਬੱਚਾ ਰੱਬ ਦਾ ਰੂਪ ਹੁੰਦਾ ਹੈ, ਪਰ ਜੇਕਰ ਕੋਈ ਉਸ ਰੱਬ ਨੂੰ ਹੀ ਚੁੱਕ ਕੇ ਵੇਚ ਦੇਵੇ ਤਾਂ ਫਿਰ ਸ਼ਾਇਦ ਰੱਬ ਵੀ ਰਾਖਾ ਨਾ ਹੋਵੇ। ਜੀ ਹਾਂ ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਲੱਗੀ ਨਰਸ ਵੱਲੋਂ ਰੱਬ ਯਾਨੀ ਇੱਕ ਬੱਚਾ ਚੁੱਕ ਕੇ ਵੇਚਣ ਦੀ ਕੋਸ਼ਿਸ਼ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਜਿਸ ਨੂੰ ਵੇਖ ਕੇ ਇੱਕ ਵਾਰ ਫਿਰ ਇਹ ਕਿਹਾ ਜਾਣ ਲੱਗ ਪਿਆ ਹੈ ਕਿ ਜੇ ਇਹੋ ਹਾਲ ਰਿਹਾ ਤਾਂ ਲੋਕਾਂ ਦਾ ਇਨਸਾਨੀਅਤ ਤੋਂ ਯਕੀਨ ਉੱਠਣਾ ਲਾਜ਼ਮੀ ਹੈ। ਦਰਅਸਲ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਹਸਪਤਾਲ ਵਿੱਚ ਇੱਕ ਗੈਰ ਸਰਕਾਰੀ ਸੰਸਥਾ (ਐਨਜੀਓ) ਵੱਲੋਂ ਇੱਕ ਲਾਵਾਰਿਸ ਬੱਚੀ ਨੂੰ ਇਲਾਜ਼ ਲਈ ਦਾਖਲ ਕਰਵਾਇਆ ਗਿਆ। ਜਿੱਥੇ ਥੋੜੀ ਦੇਰ ਬਾਅਦ ਹੀ ਇਹ ਰੌਲਾ ਪੈਣ ਲੱਗ ਪਿਆ ਕਿ ਬੱਚੀ ਨੂੰ ਨਰਸ ਵੱਲੋਂ ਵੇਚਣ ਦੀ ਕੋਸ਼ਿਸ਼ ਕੀਤੀ ਗਈ ਹੈ। ਬੱਸ ਫਿਰ ਕੀ ਸੀ ਕਿਸੇ ਨੇ ਫੋਨ ਕਰਤਾ ਤੇ ਝੱਟ-ਪੱਟ ਉੱਥੇ ਪੁਲਿਸ ਵੀ ਆ ਗਈ। ਜਿਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਇਹ ਮਾਮਲੇ ਬੱਚੇ ਦੀ ਖਰੀਦੋ ਫਰੋਖਤ ਦਾ ਜਾਪਦਾ ਹੈ।

ਹੋਇਆ ਇੰਝ ਕਿ ਜਿਉਂ ਹੀ ਉਸ ਬੱਚੀ ਨੂੰ ਐਨਜੀਓ ਨੇ ਹਸਪਤਾਲ ਵਿੱਚ ਦਾਖਲ ਕਰਵਾਇਆ ਤੇ ਉੱਥੇ ਇੱਕ ਜੋੜਾ ਇਹ ਕਹਿੰਦਿਆਂ ਆ ਧਮਕਿਆ ਕਿ ਇਹ ਬੱਚੀ ਸਾਡੀ ਹੈ, ਇਸ ਲਈ ਇਸ ਨੂੰ ਸਾਡੇ ਹਵਾਲੇ ਕੀਤਾ ਜਾਵੇ। ਸੂਤਰਾਂ ਅਨੁਸਾਰ ਇਹ ਗੱਲ ਜਦੋਂ ਹਸਪਤਾਲ ‘ਚ ਮੌਜੂਦ ਲੋਕਾਂ ਦੇ ਹਾਜ਼ਮੇ ਅੰਦਰ ਨਹੀਂ ਆਈ ਤਾਂ ਉਨ੍ਹਾਂ ਨੇ ਤੁਰੰਤ ਐਨਜੀਓ ਵਾਲਿਆਂ ਨੂੰ ਸੂਚਿਤ ਕਰ ਦਿੱਤਾ। ਜਿਨ੍ਹਾਂ ਨੇ ਆਉਣਸਾਰ ਉੱਥੇ ਪਹੁੰਚੇ ਜੋੜੇ ਨੂੰ ਇਹ ਸਵਾਲ ਕੀਤਾ ਕਿ ਬੱਚੀ ਤੁਹਾਡੀ ਹੈ ਤਾਂ ਸਬੂਤ ਦਿਖਾਓ। ਜਿਸ ‘ਤੇ ਬੱਚੀ ‘ਤੇ ਦਾਅਵਾ ਕਰਨ ਵਾਲੇ ਜੋੜੇ ਨੇ ਕਿਹਾ ਕਿ ਇਸ ਨੂੰ ਉਨ੍ਹਾਂ ਨੇ ਗੋਦ ਲਿਆ ਹੈ। ਸੂਤਰਾਂ ਅਨੁਸਾਰ ਇਸ ਉਪਰੰਤ ਜਦੋਂ ਐਨਜੀਓ ਵਾਲਿਆਂ ਨੇ ਉਸ ਜੋੜੇ ਨੂੰ ਬੱਚੀ ਦੇ ਅਸਲ ਮਾਪਿਆਂ ਨਾਲ ਗੱਲ ਕਰਾਉਣ ਲਈ ਕਿਹਾ ਤਾਂ ਉਨ੍ਹਾਂ ਨੇ ਤੁਰੰਤ ਹਸਪਤਾਲ ‘ਚ ਕੰਮ ਕਰਦੀ ਇੱਕ ਨਰਸ ਦਲਜੀਤ ਕੌਰ ਨੂੰ ਸੱਦ ਲਿਆ। ਦਾਲ ‘ਚ ਬਹੁਤ ਸਾਰਾ ਕਾਲਾ ਦੇਖਦਿਆਂ ਐਨਜੀਓ ਵਾਲਿਆਂ ਨੂੰ ਸ਼ੱਕ ਪੈਦਾ ਹੋਗਿਆ ਤੇ ਕੁਝ ਹੀ ਦੇਰ ਬਾਅਦ ਕਿਸੇ ਦੇ ਫੋਨ ਕਰਨ ‘ਤੇ ਉੱਥੇ ਪੁਲਿਸ ਆਣ ਪਹੁੰਚੀ।

 ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਹ ਮਾਮਲਾ ਇਸ ਬੱਚੀ ਦੀ ਖਰੀਦੋ ਫਰੋਖਤ ਦਾ ਲੱਗ ਰਿਹਾ ਹੈ ਜਿਸ ਦੀ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੀ ਲੋੜ ਹੈ। ਇਸ ਉਪਰੰਤ ਪੁਲਿਸ ਨੇ ਆਪਣੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਅਜੇ ਤੱਕ ਭਾਵੇਂ ਕਿ ਕਿਸੇ ਖਿਲਾਫ ਕੋਈ ਕਨੂੰਨੀ ਕਾਰਵਾਈ ਨਹੀਂ ਕੀਤੀ ਗਈ ਸੀ, ਪਰ ਇੰਨਾ ਜਰੂਰ ਹੈ ਕਿ ਇਹ ਅਜਿਹਾ ਮਾਮਲਾ ਹੈ ਜਿਸ ਨੇ ਕਿ ਸਾਰੇ ਇਲਾਕੇ ਦਾ ਧਿਆਨ ਆਪਣੇ ਵੱਲ ਖਿੱਚ ਲਿਆ । ਘਟਨਾ ਦਾ ਨਤੀਜਾ ਕੀ ਨਿੱਕਲਦਾ ਹੈ? ਕਸੂਰਵਾਰ ਕੌਣ ਹੈ? ਤੇ ਕਿਹੜਾ ਬੇਕਸੂਰ ਇਸ ਦਾ ਫੈਸਲਾ ਤਾਂ ਅਜੇ ਹੋਣਾ ਬਾਕੀ ਹੈ ਪਰ ਇੰਨਾ ਜਰੂਰ ਹੈ ਕਿ ਇਸ ਮਾਮਲੇ ਨੇ ਜਿੰਨੇ ਮੂੰਹ ਉੰਨੀਆਂ ਗੱਲਾਂ ਜਰੂਰ ਕਰਾਉਂਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਵਾਲੇ ਕਿੰਨੀ ਦੇਰ ‘ਚ ਸੱਚ ਬਾਹਰ ਕੱਢ ਕੇ ਲਿਆਉਂਦੇ ਹਨ। ਹਾਂ ਇੰਨਾ ਜਰੂਰ ਹੈ ਕਿ ਉਨੀ ਦੇਰ ਤੱਕ ਕਿਸੇ ਦੇ ਖਿਲਾਫ ਇਲਜ਼ਾਮ ਲਾਉਣਾ ਠੀਕ ਨਹੀਂ ਕਿਹਾ ਜਾ ਸਕਦਾ।

Share this Article
Leave a comment