ਦੋ ਹੋਰ ਬੱਚਿਆਂ ਦੇ ਅਗਵਾਹ ਦੀ ਖ਼ਬਰ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਘਰਦਿਆਂ ਤੇ ਪਿੰਡ ਵਾਲਿਆਂ ਦੇ ਹੋਸ਼ ਗੁੰਮ

TeamGlobalPunjab
3 Min Read

ਸਨੌਰ : ਇੱਥੋਂ ਦੇ ਪਿੰਡ ਸਫੇੜਾ ‘ਚ 2 ਬੱਚੇ ਗੁੰਮ ਜਾਣ ਦੀ ਖ਼ਬਰ ਨੇ ਨਾ ਸਿਰਫ ਬੱਚਿਆਂ ਦੇ ਮਾਪਿਆਂ ਦੀ ਹਾਲਤ ਖਰਾਬ ਕਰ ਦਿੱਤੀ, ਬਲਕਿ ਇਲਾਕੇ ਦੀ ਪੁਲਿਸ ਨੂੰ ਭਾਜੜਾਂ ਪੈਣ ਦੇ ਨਾਲ ਨਾਲ ਪਿੰਡ ‘ਚ ਵੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਹਾਲਾਤ ਇਹ ਬਣ ਗਏ ਕਿ ਅੱਖ ਦੇ ਫੋਰ ਵਿੱਚ ਹੀ ਪਿੰਡ ਅੰਦਰ ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਗੱਡੀਆਂ ਦੇ ਘੁੱਗੂ ਬੋਲਣ ਲੱਗ ਪਏ ਤੇ ਪੁਲਿਸ ਦੇ ਨਾਲ ਨਾਲ ਸਾਰੇ ਪਿੰਡ ਨੇ ਬੱਚਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਇਹ ਬੱਚੇ ਆਪਣੇ ਦਾਦੇ ਨਾਲ ਸਕੂਲ ਗਏ ਸੀ ਪਰ ਵਾਪਸੀ ਸਮੇਂ ਦਾਦੇ ਨੇ ਉਨ੍ਹਾਂ ਨੂੰ ਕਿਸੇ ਅਣਜਾਣ ਬੰਦੇ ਨਾਲ ਮੋਟਰ ਸਾਈਕਲ ‘ਤੇ ਬਿਠਾ ਕੇ ਘਰ ਭੇਜਿਆ ਸੀ ਜੋ ਦਾਦੇ ਦੇ ਘਰ ਪਹੁੰਚਣ ‘ਤੇ ਵੀ ਉੱਥੇ ਨਾ ਮਿਲੇ ਤਾਂ ਦਾਦੇ ਸਮੇਤ ਪੂਰੇ ਪਰਿਵਾਰ ਨੂੰ ਕਿਸੇ ਅਣਜਾਣ ਭੈਅ ਕਾਰਨ ਗਸ਼ ਪੈਣ ਵਾਲੀ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇ ਬੱਚੇ ਹਲਕਾ ਸਨੌਰ ਅੰਦਰ ਪੈਂਦੇ ਪਟਿਆਲਾ ਚੀਕਾ ਰੋਡ ‘ਤੇ ਸਥਿਤ ਪਿੰਡ ਸਫੇੜਾ ਦੇ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਵਿੱਚ ਪੜ੍ਹਦੇ ਸਨ ਜੋ ਕਿ ਘਟਨਾ ਵਾਲੇ ਦਿਨ ਆਪਣੇ ਦਾਦੇ ਨਾਲ ਸਕੂਲ ਵਿੱਚ ਮਾਪਿਆਂ ਅਤੇ ਅਧਿਆਪਕ ਦੀ ਬੈਠਕ ਵਿੱਚ ਹਿੱਸਾ ਲੈਣ ਲਈ ਗਏ ਸਨ। ਜਿੱਥੋਂ ਵੇਹਲੇ ਹੋਣ ਉਪਰੰਤ ਜਦੋਂ ਬੱਚੇ ਆਪਣੇ ਦਾਦੇ ਸਮੇਤ ਘਰ ਵਾਪਸ ਆਉਣ ਲੱਗੇ ਤਾਂ ਦਾਦੇ ਨੇ ਉੱਥੇ ਉਨ੍ਹਾਂ ਨੂੰ ਕਿਸੇ ਅਣਜਾਣ ਵਿਅਕਤੀ ਨਾਲ ਇਹ ਕਹਿ ਕੇ ਮੋਟਰ ਸਾਈਕਲ ‘ਤੇ ਬਿਠਾ ਦਿੱਤਾ ਕਿ ਇਨ੍ਹਾਂ ਨੂੰ ਘਰ ਦੇ ਨੇੜੇ ਉਤਾਰ ਦੇਣਾ। ਇਸ ਦੌਰਾਨ ਜਦੋਂ ਬੱਚਿਆਂ ਦਾ ਦਾਦਾ ਘਰ ਅੱਪੜਿਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਦੱਸਿਆ ਕਿ ਬੱਚੇ ਤਾਂ ਅਜੇ ਤੱਕ ਘਰ ਨਹੀਂ ਆਏ। ਜਿਸ ਮਗਰੋਂ ਪਰਿਵਾਰ ਨੇ ਕਿਸੇ ਅਣਜਾਣ ਭੈਅ ਦੀ ਜਕੜ ਵਿੱਚ ਆ ਕੇ ਪਿੰਡ ਵਿੱਚ ਰੌਲਾ ਪਾ ਦਿੱਤਾ ਤੇ ਪਿੰਡ ਦੇ ਮੋਹਤਵਰ ਬੰਦਿਆਂ ਨੂੰ ਨਾਲ ਲੈ ਕੇ ਉਹ ਲੋਕ ਤੁਰੰਤ ਨੇੜਲੀ ਬਲਬੇੜਾ ਚੌਂਕੀ ਦੇ ਇੰਚਾਰਜ ਸੰਦੀਪ ਸਿੰਘ ਨੂੰ ਮਿਲੇ। ਜਿਸ ਨੇ ਜਾਣਕਾਰੀ ਮਿਲਣ ‘ਤੇ ਥਾਣਾ ਸਦਰ ਦੇ ਇੰਚਾਰਜ ਮਾਲਵਿੰਦਰ ਸਿੰਘ ਅਤੇ ਡੀਐਸਪੀ ਦਿਹਾਤੀ ਅਜੇਪਾਲ ਸਿੰਘ ਨੂੰ ਸੂਚਿਤ ਕੀਤਾ ਤੇ ਇਨ੍ਹਾਂ ਸਾਰੇ ਪੁਲਿਸ ਅਧਿਕਾਰੀਆਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦੋਂ ਬੱਚਿਆਂ ਦੀ ਭਾਲ ਵਿੱਚ ਉਨ੍ਹਾਂ ਦੇ ਸਕੂਲ ਪਹੁੰਚੇ ਤਾਂ ਉੱਥੋਂ ਪਤਾ ਲੱਗਿਆ ਕਿ ਬੱਚੇ ਤਾਂ ਸਕੂਲ ਵਿੱਚ ਬੈਠੇ ਹਨ ਜਿਨ੍ਹਾਂ ਨੂੰ ਕੋਈ ਅਣਜਾਣ ਵਿਅਕਤੀ ਸਕੂਲ ਦੇ ਬਾਹਰ ਛੱਡ ਗਿਆ ਸੀ ਤੇ ਸਕੂਲ ਵਾਲਿਆਂ ਨੇ ਉਨ੍ਹਾਂ ਨੂੰ ਉੱਥੇ ਹੀ ਬਿਠਾ ਲਿਆ। ਇੰਝ ਮਾਪਿਆਂ ਨੂੰ ਬੱਚੇ ਤਾਂ ਮਿਲ ਗਏ ਪਰ ਇਸ ਘਟਨਾ ਨੇ ਉਨ੍ਹਾਂ ਲੋਕਾਂ ਦੇ ਮਨਾਂ ਅੰਦਰ ਹੋਰ ਸਹਿਮ ਪੈਦਾ ਕਰ ਦਿੱਤਾ ਜਿਹੜੇ ਲੋਕ ਸੋਸ਼ਲ ਮੀਡੀਆ ‘ਤੇ ਨਿੱਤ ਦਿਨ ਇਹ ਖ਼ਬਰਾਂ ਦੇਖ, ਪੜ੍ਹ ਤੇ ਸੁਣ ਰਹੇ ਹਨ ਕਿ ਫਲਾਣੀ ਜਗ੍ਹਾ ਤੋਂ ਵੀ ਬੱਚਾ ਗਾਇਬ ਹੋ ਗਿਆ ਤੇ ਧਮਕਾਣੀ ਜਗ੍ਹਾ ਤੋਂ ਵੀ।

Share this Article
Leave a comment