ਦਲਿਤ ਭਾਈਚਾਰੇ ਨੂੰ ਜਾਗਰੂਕ ਹੋਣ ਦਾ ਵੇਲਾ

TeamGlobalPunjab
4 Min Read

-ਸੁਬੇਗ ਸਿੰਘ;

ਦਲਿਤ ਭਾਈਚਾਰੇ ਦੇ ਸਤਿਕਾਰਯੋਗ ਤੇ ਸੂਝਵਾਨ ਸਾਥੀਓ, ਭਾਵੇਂ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੀ ਕਾਂਗਰਸ ਪਾਰਟੀ ਨੇ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾ ਦਿੱਤਾ ਹੈ।ਇਹ ਦੇ ਪਿੱਛੇ ਕਾਰਨ ਕੋਈ ਵੀ ਹੋ ਸਕਦਾ ਹੈ ਜਾਂ ਇਹ ਕਾਂਗਰਸ ਪਾਰਟੀ ਦੀ ਆਪਣੀ ਅਗਲੀ ਚੋਣ ਰਣਨੀਤੀ ਵੀ ਹੋ ਸਕਦੀ ਹੈ। ਪਰ ਇੱਕ ਗੱਲ ਬੜੀ ਹੀ ਸਪੱਸ਼ਟ ਹੈ ਕਿ ਇਹ ਸਭ ਕੁੱਝ ਤਾਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਬਹੁਜਨ ਸਮਾਜ ਦੀ ਮੰਗ ਸੀ ਕਿ ਪੰਜਾਬ ‘ਚ ਦਲਿਤ ਸਮਾਜ ਦੀ ਜਨ ਸੰਖਿਆ 32% ਤੋਂ ਵੱਧ ਹੈ।

ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਐਨੀ ਵੱਡੀ ਸੰਖਿਆ ‘ਚ ਹੋਣ ਦੇ ਬਾਵਜੂਦ ਕਿਸੇ ਵੀ ਰਾਜਨੀਤਕ ਪਾਰਟੀ ਨੇ ਦਲਿਤ ਵਰਗ ਦਾ ਕਦੇ ਮੁੱਖ ਮੰਤਰੀ ਤਾਂ ਕੀ ਬਨਾਉਣਾ ਸੀ, ਸਗੋਂ ਦਲਿਤ ਸਮਾਜ ਦੇ ਲੋਕਾਂ ਉੱਤੇ ਸਾਰੇ ਵਰਗਾਂ ਨਾਲੋਂ ਵੱਧ ਤਸੱਦਦ ਹੋਇਆ ਹੈ ਅਤੇ ਇਨ੍ਹਾਂ ਦੇ ਹੱਕਾਂ ਨੂੰ ਵੀ ਖੋਰਾ ਲੱਗਿਆ ਹੈ। ਇਹ ਭਾਵੇਂ ਅਕਾਲੀ ਦਲ, ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਹੋਵੇ ਜਾਂ ਫਿਰ ਅਖੌਤੀ ਸਵਰਨ ਸਮਾਜ ਦੀ ਲੀਡਰਸ਼ਿਪ ਦੇ ਅਧੀਨ ਕਿਸੇ ਹੋਰ ਰਾਜਨੀਤਕ ਪਾਰਟੀ ਦੀ ਸਰਕਾਰ ਹੋਵੇ।

ਇਨ੍ਹਾਂ ਰਾਜਨੀਤਕ ਪਾਰਟੀਆਂ ਦੇ ਅਧੀਨ ਕੰਮ ਕਰਨ ਵਾਲੇ ਮੁੱਖ ਮੰਤਰੀ, ਮੰਤਰੀ ਜਾਂ ਫਿਰ ਉਪ ਰਾਸ਼ਟਰਪਤੀ ਜਾਂ ਰਾਸ਼ਟਰਪਤੀ ਹੀ ਕਿਉਂ ਨਾ ਹੋਣ। ਇਹਦਾ ਮੁੱਖ ਕਾਰਨ ਇਹ ਹੈ ਕਿ ਇਨ੍ਹਾਂ ਸਭ ਦੀ ਮਾਸਟਰ ਚਾਬੀ ਅਖੌਤੀ ਸਵਰਨ ਸਮਾਜ ਦੇ ਲੋਕਾਂ ਦੇ ਹੱਥ ਹੁੰਦੀ ਹੈ।

- Advertisement -

ਇਸ ਲਈ ਦਲਿਤ ਸਮਾਜ ਨਾਲ ਸੰਬੰਧਤ ਮੰਤਰੀ, ਮੁੱਖ ਮੰਤਰੀ ਤੇ ਰਾਸਟਰਪਤੀ ਤੱਕ, ਕਈ ਵਾਰ ਚਾਹੁੰਦੇ ਹੋਏ ਵੀ ਆਪਣੇ ਸਮਾਜ ਦਾ ਕੋਈ ਭਲਾ ਨਹੀਂ ਕਰ ਸਕਦੇ। ਇਹ ਜੋ ਮੰਤਰੀਆਂ, ਮੁੱਖ ਮੰਤਰੀਆਂ ਤੇ ਰਾਸਟਰਪਤੀ ਦੇ ਅਹੁਦੇ ਦਲਿਤ ਸਮਾਜ ਦੇ ਲੋਕਾਂ ਨੂੰ ਇਹ ਸਵਰਨ ਸਮਾਜ ਦੇ ਲੋਕ ਦੇ ਰਹੇ ਹਨ। ਇਹ ਸਾਰੇ ਸਿਆਸੀ ਹੱਥਕੰਡੇ ਹਨ, ਜਿਨ੍ਹਾਂ ਨੂੰ ਸਮਝਣ ਅਤੇ ਇਨ੍ਹਾਂ ਹੱਥਕੰਡਿਆਂ ਤੋਂ ਬਚਣ ਦੀ ਜਰੂਰਤ ਹੈ।

ਬਾਕੀ ਇੱਕ ਗੱਲ ਤਾਂ ਜਰੂਰ ਹੈ ਕਿ ਸੋਸਲ ਮੀਡੀਏ ਦਾ ਇਹ ਕਮਾਲ ਹੀ ਹੈ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਉ ਅੰਬੇਡਕਰ ਦੀ ਮਹਾਨ ਕ੍ਰਿਪਾ ਵੀ ਹੈ। ਇਹਦੇ ਨਾਲ ਹੀ ਬਾਬਾ ਸਾਹਿਬ ਦੇ ਸਿਧਾਂਤਾਂ ਨੂੰ ਘਰ 2 ਪਹੁੰਚਾਉਣ ਦੇ ਲਈ ਬਾਬੂ ਕਾਂਸ਼ੀ ਰਾਮ ਦੀ ਸਮਾਜ ਨੂੰ ਬੜੀ ਵੱਡੀ ਦੇਣ ਹੈ। ਜਿਸ ਕਾਰਨ ਦਲਿਤ ਸਮਾਜ ‘ਚ ਐਨੀ ਰਾਜਨੀਤਕ ਚੇਤਨਤਾ ਆਈ ਹੈ ਅਤੇ ਦਿਨੋਂ ਦਿਨ ਇਹ ਚੇਤਨਤਾ ਆ ਵੀ ਰਹੀ ਹੈ। ਭਾਵੇਂ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਦਲਿਤ ਸਮਾਜ ‘ਚੋਂ ਹੋਣ ਦੇ ਕਾਰਨ ਪੰਜਾਬ ਦਾ ਮੁੱਖ ਮੰਤਰੀ ਬਣ ਜਾਣਾ ਦਲਿਤ ਸਮਾਜ ਲਈ ਬੜੇ ਮਾਣ ਵਾਲੀ ਗੱਲ ਹੈ। ਪਰ ਪੰਜਾਬ ਦੇ ਜਨਰਲ ਵਰਗ ਖਾਸ ਕਰਕੇ ਪੰਜਾਬ ਦੇ ਜੱਟ ਭਾਈਚਾਰੇ ਨੇ ਤਾਂ ਮੁੱਖ ਮੰਤਰੀ ਦੀ ਕੁਰਸੀ ਨੂੰ ਪੇਟੈਂਟ ਹੀ ਕਰਵਾ ਰੱਖਿਆ ਸੀ।

ਸੋ ਭਾਵੇਂ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਦਲਿਤਾਂ ਦਾ ਕੁੱਝ ਵੀ ਭਲਾ ਹੋਣ ਵਾਲਾ ਨਹੀਂ ਹੈ। ਪਰ ਇੱਕ ਗੱਲ ਜਰੂਰ ਹੈ ਕਿ ਦਲਿਤ ਲੋਕਾਂ ‘ਚ ਆਈ ਚੇਤਨਤਾ ਨੇ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾ ਦਿੱਤਾ ਹੈ ਅਤੇ ਉਨ੍ਹਾਂ ਦੇ ਬਣਦੇ ਹੱਕ ਦੇਣ ਲਈ ਮਜਬੂਰ ਵੀ ਕਰ ਦਿੱਤਾ ਹੈ। ਪਰ ਇੱਕ ਗੱਲ ਜਰੂਰ ਹੈ ਅਤੇ ਇਹ ਗੱਲ ਸੌ ਫੀਸਦੀ ਸੱਚ ਵੀ ਹੈ ਕਿ ਜਿੰਨਾ ਚਿਰ ਦਲਿਤ ਲੋਕ ਆਪਣੇ ਬਲਬੂਤੇ ਤੇ ਆਪਣੀ ਹੀ ਪਾਰਟੀ ਦੀ ਸਰਕਾਰ ਨਹੀਂ ਬਣਾ ਲੈਂਦੇ, ਉਦੋਂ ਤੱਕ ਦਲਿਤਾਂ ਦਾ ਕੋਈ ਭਲਾ ਹੋਣ ਵਾਲਾ ਨਹੀਂ ਹੈ। ਦੂਸਰਿਆਂ ਦੇ ਮੋਢਿਆਂ ‘ਤੇ ਚੜ੍ਹ ਕੇ ਕਦੇ ਮੰਜਲਾਂ ਸਰ ਨਹੀਂ ਹੁੰਦੀਆਂ। ਇਹਦੇ ਲਈ ਤਾਂ ਆਪਣਾ ਹੀ ਸੀਸ ਤਲੀ ‘ਤੇ ਧਰਨਾ ਪੈਂਦਾ ਹੈ। (ਲੇਖਕ ਦੇ ਨਿੱਜੀ ਵਿਚਾਰ ਹਨ)

ਸੰਪਰਕ: 93169 10402

Share this Article
Leave a comment