ਸੰਗਰੂਰ : ਜਗਮੀਤ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੁੰਦਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਾੜ ਵੱਲੋਂ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਭੇਜੇ ਗਏ ਵਟਸਐਪ ਸੰਦੇਸ਼ ਮੀਡੀਆ ਨੂੰ ਜਾਰੀ ਕਰਕੇ ਬਰਾੜ ਦੀ ਚੰਗੀ ਕਿਰਕਿਰੀ ਕੀਤੀ ਸੀ, ਤੇ ਇੰਝ ਜਾਪਦਾ ਹੈ ਜਿਵੇਂ ਹੁਣ ਭਗਵੰਤ ਮਾਨ ਵੀ ਕੈਪਟਨ ਅਮਰਿੰਦਰ ਸਿੰਘ ਦੇ ਉਸੇ ਰਾਹ ‘ਤੇ ਤੁਰ ਪਏ ਹਨ। ਜਿਨ੍ਹਾਂ ਨੇ ਜਗਮੀਤ ਬਰਾੜ ਨੂੰ ਚੱਕਵਾਂ ਚੁੱਲ੍ਹਾ ਕਰਾਰ ਦਿੰਦਿਆਂ ਕਿਹਾ ਹੈ, ਕਿ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਜਗਮੀਤ ਬਰਾੜ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਵੀ ਕੋਸ਼ਿਸ਼ ਕੀਤੀ ਸੀ। ਪਰ ਲੋਕਾਂ ਵੱਲੋਂ ਉਨ੍ਹਾਂ ਨੂੰ ਚੱਕਵਾਂ ਚੁੱਲ੍ਹਾ ਕਹਿਣ ਕਰਕੇ ‘ਆਪ’ ਲੀਡਰਸ਼ਿਪ ਨੇ ਉਨ੍ਹਾਂ ‘ਤੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ। ਮਾਨ ਦੇ ਇਸ ਖੁਲਾਸੇ ਤੋਂ ਬਾਅਦ ਵੇਖਣਾ ਇਹ ਹੋਵੇਗਾ ਕਿ ਉਹ ਜਗਮੀਤ ਬਰਾੜ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੰਦੇ ਹਨ ਜਿਹੜੇ ਕਿ ਕੈਪਟਨ ਦੇ ਖੁਲਾਸਿਆਂ ਕਾਰਨ ਪਹਿਲਾਂ ਹੀ ਚਿੜ੍ਹੇ ਹੋਏ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਸੰਗਰੂਰ ਤੋਂ ਟਿਕਟ ਦੇਣ ‘ਤੇ ਕਲੇਸ਼ ਪੈਣਾ ਲਾਜ਼ਮੀ ਸੀ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ, ਕਿ ਸੁਰਜੀਤ ਸਿੰਘ ਧੀਮਾਨ ਦੇ ਪੁੱਤਰ ਜਸਵਿੰਦਰ ਸਿੰਘ ਧੀਮਾਨ ਹਲਕਾ ਸੰਗਰੂਰ ਵਿੱਚ ਕਾਫੀ ਸਮੇਂ ਤੋਂ ਵਿਚਰ ਰਹੇ ਸਨ, ਤੇ ਕਾਂਗਰਸ ਪਾਰਟੀ ਨੂੰ ਚਾਹੀਦਾ ਸੀ ਕਿ ਉਨ੍ਹਾਂ ਵੱਲੋਂ ਕੀਤੀ ਮਿਹਨਤ ਦਾ ਮੁੱਲ ਮੋੜਦੇ, ਤੇ ਉਨ੍ਹਾਂ ਦਾ ਨੰਬਰ ਪਹਿਲ ਦੇ ਅਧਾਰ ‘ਤੇ ਲਾਇਆ ਜਾਂਦਾ, ਪਰ ਇੱਕ ਤਾਂ ਕੇਵਲ ਸਿੰਘ ਢਿੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਨਜਦੀਕੀ ਸਨ, ਤੇ ਦੂਜਾ ਪੈਸਿਆਂ ਦੇ ਚਲਦਿਆਂ ਇਹ ਟਿਕਟ ਢਿੱਲੋਂ ਨੂੰ ਦੇ ਦਿੱਤੀ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਵਿੱਚ ਸੁਰਜੀਤ ਸਿੰਘ ਧੀਮਾਨ ਅਤੇ ਜਸਵਿੰਦਰ ਸਿੰਘ ਧੀਮਾਨ ਦਾ ਨਰਾਜ਼ ਹੋਣਾ ਤੇ ਵੱਡੇ ਵੱਡੇ ਦੋਸ਼ ਲਾਉਣਾ ਲਾਜਮੀ ਸੀ, ਜੋ ਹੋ ਰਿਹਾ ਹੈ।