ਚੀਨ ਨੂੰ ਮਿਲੇ ਭਾਰਤ ਤੋਂ ਆਕਸੀਜਨ, ਮੈਡੀਕਲ ਉਪਕਰਣਾਂ ਤੇ ਦਵਾਈਆਂ ਦੇ ਆਰਡਰ, ਕਿੱਥੇ ਗਿਆ ਆਤਮਨਿਰਭਰ ਹੋਣ ਦਾ ਨਾਅਰਾ!

TeamGlobalPunjab
3 Min Read

ਨਿਊਜ਼ ਡੈਸਕ(ਬਿੰਦੂ ਸਿੰਘ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਭਾਸ਼ਣਾਂ ਰਾਹੀਂ ਕਈ ਵਾਰ ਦੇਸ਼ ਨੂੰ  ਆਤਮ ਨਿਰਭਰ  ਬਨਾਉਣ ਦੀਆਂ ਗੱਲਾਂ ਕਹਿੰਦਿਆਂ ਸੁਣੇ ਜਾ ਸਕਦੇ ਹਨ। ਇਕ ਜਾਣਕਾਰੀ ਦੇ ਜ਼ਰੀਏ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਸ ਵਰ੍ਹੇ ਅਪ੍ਰੈਲ ਤੋਂ ਮਈ ਮਹੀਨੇ ਵਿੱਚ ਗਵਾਂਢੀ ਮੁਲਕ ਚਾਈਨਾ ਦੀਆਂ ਕੰਪਨੀਆਂ ਨੂੰ ਭਾਰਤੀ ਕੰਪਨੀਆਂ ਵਲੋਂ ਵੱਡੀ ਤਦਾਦ ‘ਚ ਆਕਸੀਜਨ ਕਨਸਨੰਟਰੇਟਰ ਤੇ ਹੋਰ ਮੈਡੀਕਲ ਉਪਕਰਣਾਂ ਲਈ ਆਰਡਰ ਦਿੱਤੇ ਗਏ ਹਨ। ਭਾਰਤ ‘ਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ  ਦੇ ਚਲਦਿਆਂ ਇਲਾਜ ਲਈ  ਲੋੜੀਂਦੀਆਂ ਦਵਾਈਆਂ,  ਆਕਸੀਜਨ ਦੇ ਉਪਕਰਣਾਂ ਦੀ ਆਈ ਘਾਟ ਨੇ ਸਿਹਤ ਸੇਵਾਵਾਂ ਦਾ ਲੱਕ ਤੋੜ ਦਿੱਤਾ ਹੈ ਤੇ ਮੌਜੂਦਾ ਹਾਲਾਤਾਂ ‘ਚ ਦੇਸ਼ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ।

ਚੀਨ ਦੇ ਕਸਟਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅਪ੍ਰੈਲ ਮਹੀਨੇ ‘ਚ ਭਾਰਤੀ ਕੰਪਨੀਆਂ ਵਲੋਂ 60 ਹਜ਼ਾਰ ਆਕਸੀਜਨ ਕਨਸਨੰਟਰੇਟਰ ਲਈ ਚੀਨੀ ਕੰਪਨੀਆਂ ਨੂੰ ਆਰਡਰ ਦਿੱਤੇ ਗਏ ਹਨ ਪਰ ਅੱਜੇ ਤੱਕ 21000 ਹੀ ਆਏ ਹਨ। ਇਸ ਤੋਂ ਇਲਾਵਾ 5 ਹਜ਼ਾਰ ਵੈਂਟੀਲੇਟਰ ਤੇ 21 ਮਿਲੀਅਨ ਫੇਸ ਮਾਸਕ ਤੇ 3800 ਟਨ ਦਵਾਈਆਂ ਦੀ ਖੇਪ ਵੀ ਚੀਨ ਵਲੋਂ ਭਾਰਤ ਪਹੁੰਚੀ ਹੈ। ਇਸ ਦੇ ਨਾਲ ਹੀ ਨਿਰਮਾਤਾ ਕੰਪਨੀਆਂ ਨੂੰ  ਮਿਲਣ ਵਾਲੇ ਆਰਡਰਾਂ ‘ਚ ਵਾਧੇ ਦੇ ਕਾਰਨ  ਚੀਨ ਦੇ ਸ਼ੇਅਰ ਬਾਜ਼ਾਰ ‘ਚ ਵੀ ਉਛਾਲ ਵੇਖਣ  ਨੂੰ ਮਿਲ ਰਿਹਾ ਹੈ।

ਜ਼ਿਕਰਯੋਗ ਹੈ ਕਿ ਅੱਜੇ ਤੱਕ ਭਾਰਤ ਦੀ ਕਿਸੇ ਸਰਕਾਰੀ ਏਜੰਸੀ ਜਾਂ ਸਰਕਾਰ ਨਾਲ ਕੰਮ ਕਰਨ ਵਾਲੀ ਕੰਪਨੀ ਨੇ ਚੀਨ ਤੋਂ  ਕੋਈ ਸਪਲਾਈ ਨਹੀਂ ਮੰਗਵਾਈ ਹੈ। ਇਹ ਆਕਸੀਜਨ , ਮੈਡੀਕਲ ਉਪਕਰਣਾਂ ਤੇ ਦਵਾਈਆਂ ਦੇ ਆਰਡਰਾਂ ਦੀ ਲਿਸਟ ਪ੍ਰਾਈਵੇਟ ਕੰਪਨੀਆਂ ਦੀ ਹੀ ਹੈ । ਦੱਸ ਦਈਏ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਕਾਰ 30 ਅਪ੍ਰੈਲ ਨੂੰ ਫੋਨ ਰਾਹੀ ਗੱਲਬਾਤ ਹੋਈ ਸੀ।  ਜਿਸ ‘ਚ ਜਿਨਪਿੰਗ ਨੇ ਮੱਦਦ ਦੇਣ ਦੀ ਗੱਲ ਕਹੀ ਸੀ । ਪਰ ਭਾਰਤ ਵਲੋਂ ਹਾਲ ਦੀ ਘੜੀ ਇਸ ਪੇਸ਼ਕਸ਼ ਨੂੰ ਇਨਕਾਰ ਕਰ ਦਿੱਤਾ ਗਿਆ ਹੈ। ਪਰ ਭਾਰਤ ਨੇ ਇਸ ਸੰਬੰਧ ਵਿੱਚ    ਰਾਹ ਖੁੱਲੇ ਰੱਖਣ ਦੀ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ।

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਵਰਚੂਅਲ ਮੀਟਿੰਗ ਦੇ ਦੌਰਾਨ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੂੰ ਬੇਨਤੀ ਕੀਤੀ ਹੈ ਕਿ ਭਾਰਤ ਦੀਆਂ ਕੁਝ ਕੰਪਨੀਆਂ ਜਿੰਨ੍ਹਾਂ ਨੇ  ਆਰਡਰ ਚੀਨ ਦੀਆਂ ਕੰਪਨੀਆਂ ਨੂੰ ਦਿੱਤੇ ਹੋਏ ਹਨ ।  ਉਹਨਾਂ ਨੂੰ ਆਵਾਜਾਈ ‘ਚ  ਦਿੱਕਤ ਪੇਸ਼ ਆ ਰਹੀ ਹੈ । ਇਸ ਦਾ ਚੀਨ ਵਲੋਂ ਹੱਲ ਕਰਨ ਦੇ ਯਤਨਾਂ ਵੱਲ  ਭਾਰਤ ਵੇਖ ਰਿਹਾ ਹੈ । ਭਾਰਤ ਏਅਰਲਾਈਨਜ਼ ਦੇ ਕੁਝ ਕੁ ਜਹਾਜ਼ਾਂ ਨੂੰ ਪ੍ਰਵਾਨਗੀ ਮਿਲ ਗਈ ਹੈ ਤੇ ਉਮੀਦ ਹੈ ਕਿ ਬਾਕੀਆਂ ਨੂੰ ਵੀ ਜਲਦ ਹੀ ਦੇ ਦਿੱਤੀ ਜਾਵੇਗੀ ।

- Advertisement -

Share this Article
Leave a comment