ਸੰਸਦ ‘ਚ ਘੁਸਪੈਠ ਕਰਨ ਵਾਲੇ ਚਾਰੇ ਮੁਲਜ਼ਮ ਪੇਸ਼, ਸਪੈਸ਼ਲ ਸੈੱਲ ਨੇ 7 ਦਿਨ ਦਾ ਹਾਸਿਲ ਕੀਤਾ ਰਿਮਾਂਡ

Rajneet Kaur
3 Min Read

ਨਿਊਜ਼ ਡੈਸਕ:ਸੰਸਦ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਦੌਰਾਨ ਬੁੱਧਵਾਰ ਨੂੰ ਲੋਕ ਸਭਾ ਸਦਨ ​​’ਚ ਵਾਪਰੀ ਘਟਨਾ ਨੇ ਸੁਰੱਖਿਆ ਏਜੰਸੀਆਂ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਲੋਕ ਸਭਾ ਦੀ ਕਾਰਵਾਈ ਦੌਰਾਨ ਸੁਰੱਖਿਆ ਵਿੱਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਸ਼ਕ ਗੈਲਰੀ ਵਿੱਚ ਬੈਠੇ ਦੋ ਵਿਅਕਤੀਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਉਹ ਉੱਥੋਂ ਅਚਾਨਕ ਛਾਲ ਮਾਰ ਕੇ ਸੰਸਦ ਮੈਂਬਰਾਂ ਵਿੱਚ ਚਲੇ ਗਏ। ਇਸ ਦੌਰਾਨ ਮੁਲਜ਼ਮਾਂ ਨੇ ਹੰਗਾਮਾ ਕਰ ਦਿੱਤਾ। ਬੁੱਧਵਾਰ ਨੂੰ ਸਦਨ ਦੇ ਅੰਦਰ ਮੌਜੂਦ ਦੋ ਦੋਸ਼ੀਆਂ ‘ਚੋਂ ਇਕ ਸੰਸਦ ਮੈਂਬਰਾਂ ਦੀਆਂ ਸੀਟ ਤੱਕ ਜਾ ਪਹੁੰਚਿਆ।

 

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਚਾਰ ਮੁਲਜ਼ਮਾਂ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਹੈ। ਪੁਲਿਸ ਸਾਰੇ ਮੁਲਜ਼ਮਾਂ ਦਾ 15 ਦਿਨ ਦਾ ਰਿਮਾਂਡ ਮੰਗ ਰਹੀ ਹੈ। ਸਪੈਸ਼ਲ ਸੈੱਲ ਦੀ ਟੀਮ ਚਾਰਾਂ ਮੁਲਜ਼ਮਾਂ ਨੂੰ ਲੈ ਕੇ ਪਟਿਆਲਾ ਹਾਊਸ ਕੋਰਟ ਪਹੁੰਚ ਗਈ ਹੈ। ਚਾਰੋਂ ਮੁਲਜ਼ਮਾਂ ਨੂੰ ਅਦਾਲਤ ਵੱਲੋਂ ਵਕੀਲ ਦਿੱਤੇ ਗਏ ਹਨ। ਅਦਾਲਤ ਨੇ 7 ਦਿਨਾਂ ਦੇ ਰਿਮਾਂਡ ਦੇ ਹੁਕਮ ਦਿੱਤੇ ਹਨ।

ਦਸ ਦਈਏ ਕਿ ਬੁੱਧਵਾਰ ਦੁਪਹਿਰ ਦੋ ਮੁਲਜ਼ਮ ਮਨੋਰੰਜਨ ਡੀ ਅਤੇ ਸਾਗਰ ਸ਼ਰਮਾ ਲੋਕ ਸਭਾ ਦੀ ਦਰਸ਼ਕ ਗੈਲਰੀ ਤੋਂ ਸਦਨ ਵਿੱਚ ਦਾਖਲ ਹੋ ਗਏ ਅਤੇ ਰੰਗਾਂ ਵਾਲੇ ਧੂੰਏਂ ਦੀ ਵਰਤੋਂ ਕੀਤੀ, ਜਿਸ ਨਾਲ ਸੰਸਦ ਮੈਂਬਰਾਂ ਵਿੱਚ ਹਫੜਾ-ਦਫੜੀ ਮਚ ਗਈ। ਸੰਸਦ ਮੈਂਬਰਾਂ ਨੇ ਮੁਲਜ਼ਮਾਂ ਨੂੰ ਫੜ ਕੇ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਸ ਨੂੰ ਸਦਨ ਵਿੱਚ ਮੌਜੂਦ ਮਾਰਸ਼ਲ ਦੇ ਹਵਾਲੇ ਕਰ ਦਿੱਤਾ ਗਿਆ।ਇਸ ਘਟਨਾ ਨੂੰ ਦੇਖ ਕੇ ਉੱਥੇ ਮੌਜੂਦ ਸੰਸਦ ਮੈਂਬਰ ਅਤੇ ਸੁਰੱਖਿਆ ਕਰਮਚਾਰੀ ਹੈਰਾਨ ਰਹਿ ਗਏ। ਹਾਲਾਂਕਿ ਕਾਫੀ ਮੁਸ਼ੱਕਤ ਤੋਂ ਬਾਅਦ ਦੋ ਦੋਸ਼ੀਆਂ ਵਿੱਚੋਂ ਇੱਕ ਨੂੰ ਉੱਥੇ ਮੌਜੂਦ ਸੰਸਦ ਮੈਂਬਰਾਂ ਅਤੇ ਸੁਰੱਖਿਆ ਕਰਮਚਾਰੀਆਂ ਨੇ ਫੜ ਲਿਆ।ਆਈਪੀਸੀ ਦੀਆਂ ਧਾਰਾਵਾਂ ਤੋਂ ਇਲਾਵਾ, ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਚਾਰ ਮੁਲਜ਼ਮਾਂ ਖ਼ਿਲਾਫ਼ ਅੱਤਵਾਦ ਵਿਰੋਧੀ ਐਕਟ (UAPA) ਤਹਿਤ ਕੇਸ ਦਰਜ ਕੀਤੇ ਗਏ ਹਨ। 

- Advertisement -

ਪੁਲਿਸ ਨੇ ਦੱਸਿਆ ਕਿ 25 ਸਾਲਾ ਸ਼ਿੰਦੇ ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਦੇ ਆਪਣੇ ਪਿੰਡ ਤੋਂ ਇਹ ਕਹਿ ਕੇ ਨਿੱਕਲਿਆ ਸੀ ਕਿ ਉਹ ਫ਼ੌਜ ਦੀ ਭਰਤੀ ਮੁਹਿੰਮ ਵਿੱਚ ਹਿੱਸਾ ਲੈਣ ਲਈ ਦਿੱਲੀ ਜਾ ਰਿਹਾ ਸੀ। ਸ਼ਿੰਦੇ ਨੇ ਹਰਿਆਣਾ ਦੀ ਨੀਲਮ ਨਾਲ ਮਿਲ ਕੇ ਸੰਸਦ ਦੇ ਬਾਹਰ ‘ਤਾਨਾਸ਼ਾਹੀ ਨਹੀਂ ਚੱਲੇਗੀ’, ‘ਭਾਰਤ ਮਾਤਾ ਦੀ ਜੈ’ ਅਤੇ ‘ਜੈ ਭੀਮ, ਜੈ ਭਾਰਤ’ ਦੇ ਨਾਅਰੇ ਲਾਏ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment