ਫਰੀਦਕੋਟ : ਸਾਲ 2015 ਦੌਰਾਨ ਕੋਟਕਪੁਰਾ ਅਤੇ ਬਹਿਬਲ ਕਲਾਂ ਵਿਖੇ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਇੰਨਸਾਫ ਦਵਾਉਣ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐਸਆਈਟੀ ਵੱਡੇ ਵੱਡੇ ਕਦਮ ਪੁੱਟਦੀ ਇਨ੍ਹਾਂ ਮਾਮਲਿਆਂ ਵਿੱਚ ਦੋਸ਼ੀ ਲੋਕਾਂ ਤੱਕ ਪਹੁੰਚਣ ਦਾ ਲਗਾਤਾਰ ਦਾਅਵਾ ਕਰਦੀ ਜਾ ਰਹੀ ਹੈ।ਇਸੇ ਤਹਿਤ ਪਹਿਲਾਂ ਐਸਐਸਪੀ ਚਰਨਜੀਤ ਸ਼ਰਮਾਂ ਦੇ ਡਰਾਇਵਰ ਗੁਰਨਾਮ ਸਿੰਘ, ਫਿਰ ਮੌਕੇ ‘ਤੇ ਮੌਜੂਦ ਡਿਊਟੀ ਮੈਜ਼ਿਸ਼ਟ੍ਰੇਟ ਐਸਡੀਐਮ ਹਰਜੀਤ ਸਿੰਘ ਸੰਧ, ਫਿਰ ਵਿਵਾਦਿਤ ਵਕੀਲ ਚਰਨਜੀਤ ਸਿੰਘ ਤੇ ਆਟੋ ਡੀਲਰ ਦੇ ਨਿੱਜੀ ਸੁਰੱਖਿਆ ਮੁਲਾਜ਼ਮ ਦੇ ਬਿਆਨ ਅਦਾਲਤ ਵਿੱਚ ਕਲਮਬੱਧ ਕਰਵਾ ਕੇ ਐਸਆਈਟੀ ਨੇ ਆਪਣੇ ਪੈਰ ਪੱਕੇ ਕਰ ਲਏ ਹਨ। ਜਿਸ ਤੋਂ ਬਾਅਦ ਕਾਨੂੰਨੀ ਮਾਹਰ ਇਹ ਦਾਅਵਾ ਕਰ ਰਹੇ ਹਨ ਕਿ ਇਨ੍ਹਾਂ ਗਵਾਹਾਂ ਦੇ ਅਧਾਰ ‘ਤੇ ਐਸਆਈਟੀ ਨਾ ਸਿਰਫ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਅਦਾਲਤ ਵੱਲੋਂ ਜ਼ਮਾਨਤਾਂ ਮਿਲ ਗਈਆਂ ਹਨ ਨਾ ਸਿਰਫ ਉਨ੍ਹਾਂ ਦੀਆਂ ਜ਼ਮਾਨਤਾ ਰੱਦ ਕਰਾਉਣ ਦੀ ਪਹਿਲ ਕਦਮੀਂ ਕਰੇਗੀ, ਬਲਕਿ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਫਰੀਦਕੋਟ ਦੀ ਅਦਾਲਤ ਵਿੱਚ 439 ਸੀਆਰਪੀਸੀ ਤਹਿਤ ਪਾਈ ਗਈ ਪੱਕੀ ਜ਼ਮਾਨਤ ਦੀ ਅਰਜ਼ੀ ਦਾ ਵੀ ਵਿਰੋਧ ਕਰੇਗੀ।
ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਬਹੁਤ ਸਾਰਾ ਦਾਰਮਦਾਰ ਉਕਤ ਚਾਰਾਂ ਗਵਾਹਾਂ ਦੀ ਗਵਾਹੀ ‘ਤੇ ਟਿਕਿਆ ਹੋਇਆ ਹੈ। ਮਾਹਰਾਂ ਅਨੁਸਾਰ ਇਨ੍ਹਾਂ ਕੇਸਾਂ ਵਿੱਚ ਐਸਆਈਟੀ ਨੂੰ ਕਾਨੂੰਨੀ ਤੌਰ ‘ਤੇ ਇਸ ਲਈ ਮਜਬੂਤ ਮੰਨਿਆ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਗਵਾਹਾਂ ਦੇ ਬਿਆਨ ਅਦਾਲਤ ਵਿੱਚ ਜੱਜ ਦੇ ਸਾਹਮਣੇ ਦਵਾਏ ਗਏ ਹਨ ਜਿਸ ਕਾਰਨ ਆਪਣੇ ਬਿਆਨ ਤੋਂ ਮੁਕਰਨ ਦਾ ਮਤਲਬ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਹੈ। ਲਿਹਾਜ਼ਾ ਇਸ ਨੂੰ ਦੇਖ ਕੇ ਇਹ ਕਹਿਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੁਲਿਸ ਵਾਲਿਆਂ ਦੀਆਂ ਮੁਸੀਬਤਾਂ ਵਧਣਗੀਆਂ।
ਦੱਸ ਦਈਏ ਕਿ ਐਸ ਆਈ ਟੀ ਦਾ ਦਾਅਵਾ ਹੈ ਕਿ ਸਾਲ 2015 ਦੌਰਾਨ ਵਾਪਰੇ ਕੋਟਕਪੁਰਾ ਗੋਲੀ ਕਾਂਡ ਦੌਰਾਨ ਮੌਕੇ ‘ਤੇ ਮੌਜੂਦ ਐਸਡੀਐਮ ਹਰਜੀਤ ਸਿੰਘ ਸੰਧੂ ਤੋਂ ਪੁਲਿਸ ਨੇ ਗੋਲੀ ਚਲਾਉਣ ਦੇ ਹੁਕਮ ਬਾਅਦ ਵਿੱਚ ਦਬਾਅ ਪਾ ਕੇ ਲਏ ਸਨ, ਜਿਸ ਬਾਰੇ ਹਰਜੀਤ ਸਿੰਘ ਸੰਧੂ ਨੇ ਆਪਣੇ ਬਿਆਨ ਇਲਾਕਾ ਮੈਜਿਸਟ੍ਰੇਟ ਏਕਤਾ ਉੱਪਲ ਦੀ ਅਦਾਲਤ ਵਿੱਚ ਵੀ ਕਲਮਬੱਧ ਕਰਵਾਏ ਹਨ। ਉਕਤ ਸਾਰੇ ਗਵਾਹਾਂ ਦੇ ਅਦਾਲਤੀ ਬਿਆਨ ਸਾਹਮਣੇ ਆਉਣ ਅਤੇ ਐਸਆਈਟੀ ਵੱਲੋਂ ਉਹ 12 ਬੋਰ ਦੀ ਸ਼ਾਟਗੰਨ ਨੂੰ ਬਰਾਮਦ ਕਰਨਾ ਜਿਸ ਨਾਲ ਪੁਲਿਸ ਦੀ ਜਿਪਸੀ ‘ਤੇ ਫਾਇੰਰਿੰਗ ਕੀਤੀ ਗਈ ਸੀ, ਆਪਣੇ ਆਪ ਵਿੱਚ ਕੇਸ ਨੂੰ ਕੜੀ-ਦਰ-ਕੜੀ ਜੋੜਦਾ ਜਾ ਰਿਹਾ ਹੈ, ਜਿਸ ਨਾਲ ਨਾ ਸਿਰਫ ਉਮਰਾਨੰਗਲ ਬਲਕਿ ਸਾਬਕਾ ਐਸਐਸਪੀ ਚਰਨਜੀਤ ਸ਼ਰਮਾਂ, ਐਸਪੀ ਬਿਕਰਮਜੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ ਅਤੇ ਐਸਐਚਓ ਅਮਰਜੀਤ ਸਿੰਘ ਕੁਲਾਰ ਦੇ ਫਸਣ ਦੇ ਚਾਂਸ ਵਧ ਗਏ ਹਨ।
ਐਸਆਈਟੀ ਹੁਣ ਇਨ੍ਹਾਂ ਸਾਰੇ ਗਵਾਹਾਂ ਦੇ ਬਿਆਨਾਂ ਦੇ ਅਧਾਰ ‘ਤੇ ਹੀ ਉਨ੍ਹਾਂ ਪੁਲਿਸ ਵਾਲਿਆਂ ਦੀ ਜ਼ਮਾਨਤਾ ਰੱਦ ਕਰਵਾਉਣ ਲਈ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਦੀ ਤਿਆਰੀ ਵਿੱਚ ਹੈ, ਜਿਹੜੇ ਘਟਨਾਂ ਵਾਲੇ ਦਿਨ ਮੌਕੇ ‘ਤੇ ਮੌਜੂਦ ਸਨ।