ਗੋਪਾਲ ਸਿੰਘ ਚਾਵਲਾ ਕਿਸੇ ਹਊਏ ਵਾਂਗ ਡਰਾ ਰਿਹੈ ਭਾਰਤੀ ਪੰਜਾਬ ਦੇ ਸਿੱਖ ਸਿਆਸਤਦਾਨਾਂ ਨੂੰ, ਹੁਣ ਚਾਵਲਾ ਨੂੰ ਦੇਖ ਸਿਰਸਾ ਦੌੜੇ, ਅੱਗੇ-ਅੱਗੇ !

TeamGlobalPunjab
4 Min Read

ਨਵੀਂ ਦਿੱਲੀ : ਇੰਨੀ ਦਿਨੀਂ ਜਿੱਥੇ ਇੱਕ ਪਾਸੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਭਾਰਤ ਅਤੇ ਪਾਕਿਸਤਾਨ ਦੋਵੇਂ ਦੇਸ਼ ਆਪਣੇ ਵਿਗੜੇ ਸਬੰਧਾ ਨੂੰ ਸੁਧਾਰਨ ਵਿੱਚ ਲੱਗੇ ਹੋਏ ਹਨ, ਉੱਥੇ ਦੂਜੇ ਪਾਸੇ ਪਾਕਿਸਤਾਨ ‘ਚ ਬੈਠਾ ਇੱਕ ਨਾਂ ਭਾਰਤੀ ਸਿੱਖ ਸਿਆਸਤਦਾਨਾਂ ਨੂੰ ਕਿਸੇ ਹਊਏ ਵਾਂਗ ਡਰਾ ਰਿਹਾ ਹੈ। ਇਹ ਨਾਮ ਹੈ ਗੋਪਾਲ ਸਿੰਘ ਚਾਵਲਾ ਦਾ, ਜੋ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਬਕਾ ਜਨਰਲ ਸਕੱਤਰ ਹੋਣ ਦੇ ਨਾਲ ਨਾਲ ਉਹ ਖਾਲਿਸਤਾਨੀ ਸਮਰਥਕ ਵੀ ਹੈ ਜਿਸ ਦੇ ਸਬੰਧ ਅੰਤਰ ਰਾਸ਼ਟਰੀ ਅੱਤਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫਿਜ਼ ਸੱਯਦ ਨਾਲ ਮੰਨੇ ਜਾਂਦੇ ਹਨ। ਭਾਰਤੀ ਲੋਕਾਂ ਨੂੰ ਇਸ ਨਾਮ ਤੋਂ ਇੰਨੀ ਚਿੜ੍ਹ ਹੈ ਕਿ ਪਾਕਿਸਤਾਨ ਗਏ ਕਿਸੇ ਭਾਰਤੀ ਸਿਆਸਤਦਾਨ ਦੀ ਤਸਵੀਰ ਵੀ ਜਦੋਂ ਕਦੇ ਗੋਪਾਲ ਸਿੰਘ ਚਾਵਲਾ ਨਾਲ ਵਾਇਰਲ ਹੁੰਦੀ ਹੈ ਤਾਂ ਭਾਰਤੀ ਮੀਡੀਆ ਸਮੇਤ ਇੱਥੋਂ ਦੇ ਸਿਆਸਤਦਾਨ ਉਸ ਹਿੰਦੁਸਤਾਨੀ ਸਿਆਸਤਦਾਨ ਨੂੰ ਵੱਢ ਖਾਣ ਵਾਂਗ ਪੈ ਜਾਂਦੇ ਹਨ, ਜਿਹੜਾ ਗੋਪਾਲ ਸਿੰਘ ਚਾਵਲਾ ਨਾਲ ਤਸਵੀਰ ਖਿੱਚਵਾ ਕੇ ਆਇਆ ਹੁੰਦਾ ਹੈ। ਇੱਥੋਂ ਤੱਕ ਕਿ ਲੰਘੇ ਸਮੇਂ ਦੌਰਾਨ ਤਾਂ ਭਾਰਤ ਨੇ ਪਾਕਿਸਤਾਨ ਨਾਲ ਕਰਤਾਰਪੁਰ ਗਲਿਆਰੇ ਦੀ ਉਸਾਰੀ ਵਾਲੇ ਮਹੱਤਵਪੂਰਨ ਪ੍ਰੋਜੈਕਟ ‘ਤੇ ਚੱਲ ਰਹੀ ਆਪਣੀ ਗੱਲਬਾਤ ਵੀ ਇਸ ਲਈ ਰੋਕ ਦਿੱਤੀ ਸੀ ਕਿਉਂਕਿ ਪਾਕਿਸਤਾਨ ਦੇ ਜਿਸ ਵਫ਼ਦ ਨੇ ਭਾਰਤੀ ਅਧਿਕਾਰੀਆਂ ਨਾਲ ਇਸ ਗਲਿਆਰੇ ਸਬੰਧੀ ਬੈਠਕ ਕਰਨੀ ਸੀ, ਉਸ ਵਫ਼ਦ ਵਿੱਚ ਇੱਕ ਨਾਮ ਗੋਪਾਲ ਸਿੰਘ ਚਾਵਲਾ ਦਾ ਵੀ ਸੀ। ਜਿਸ ਬਾਰੇ ਪਤਾ ਲੱਗਣ ‘ਤੇ ਪਾਕਿਸਤਾਨ ਸਰਕਾਰ ਨੇ ਗੋਪਾਲ ਸਿੰਘ ਚਾਵਲਾ ਨੂੰ ਉਸ ਵਫਦ ਵਿੱਚੋਂ ਤਾਂ ਬਾਹਰ ਕੱਢ ਦਿੱਤਾ, ਪਰ ਗੋਪਾਲ ਸਿੰਘ ਚਾਵਲਾ ਅਜੇ ਵੀ ਭਾਰਤੀ ਸਿੱਖ ਸਿਆਸਤਦਾਨਾਂ ਲਈ ਮੁਸੀਬਤ ਦਾ ਕਾਰਨ ਬਣਨੋਂ ਪਿੱਛੇ ਨਹੀਂ ਹਟ ਰਹੇ।

ਤਾਜੇ ਮਾਮਲੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਇੱਕ ਤਸਵੀਰ ਗੋਪਾਲ ਸਿੰਘ ਚਾਵਲਾ ਨਾਲ ਵਾਇਰਲ ਹੋਣ ਤੋਂ ਬਾਅਦ ਹੁਣ ਇਹ ਮੁਸੀਬਤ ਮਨਜਿੰਦਰ ਸਿੰਘ ਸਿਰਸਾ ਦੇ ਗਲ ਪੈ ਗਈ ਹੈ। ਜਿਸ ਸਬੰਧੀ ਸਿਰਸਾ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਬਿਆਨ ਪਾ ਕੇ ਸਫਾਈ ਦਿੱਤੀ ਗਈ ਹੈ ਕਿ ਇਸ ਸਖ਼ਸ ਤੋਂ ਉਨ੍ਹਾਂ ਨੇ ਪਿੱਛਾ ਛੁੜਾਉਣ ਦੀ ਬਥੇਰੀ ਕੋਸ਼ਿਸ਼ ਕੀਤੀ, ਪਰ ਆਖ਼ਰਕਾਰ ਉਹ ਉਨ੍ਹਾਂ ਨਾਲ ਪਿੱਛੋਂ ਦੀ ਹੀ ਫੋਟੋ ਖਿੱਚਵਾਉਣ ‘ਚ ਕਾਮਯਾਬ ਹੋ ਗਿਆ। ਜਦਕਿ ਦੂਜੇ ਪਾਸੇ ਜੇਕਰ ਗੋਪਾਲ ਸਿੰਘ ਚਾਵਲਾ ਵੱਲੋਂ ਜਾਰੀ ਕੀਤੇ ਵੀਡੀਓ ਬਿਆਨ ਨੂੰ ਦੇਖੀਏ ਤਾਂ ਉਸ ਨੇ ਮਨਜਿੰਦਰ ਸਿੰਘ ਸਿਰਸਾ ਦੀ ਇਸ ਗੱਲ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਉਸ ਨੇ ਨਸ਼ਿਆਂ ਦੇ ਮੁੱਦੇ ‘ਤੇ ਮਨਜਿੰਦਰ ਸਿੰਘ ਸਿਰਸਾ ਨਾਲ ਗੱਲਬਾਤ ਕਰਨ ਲਈ ਜਿਹੜੀ ਮੁਲਾਕਾਤ ਕੀਤੀ ਸੀ ਉਸ ਵਿੱਚ ਉਸ ਨੇ ਸਿਰਸਾ ਨੂੰ ਉਸੇ ਤਰ੍ਹਾਂ ਜੱਫੀ ਪਾਈ ਸੀ ਜਿਵੇਂ ਸਿੱਧੂ ਨੇ ਕਮਰ ਜਾਵੇਦ ਬਾਜਵਾ ਨੂੰ ਪਾਈ ਸੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਗੋਪਾਲ ਸਿੰਘ ਚਾਵਲਾ, ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੀ ਮੁਸੀਬਤਾਂ ‘ਚ ਪਾ ਚੁਕੇ ਹਨ ਤੇ ਅਕਾਲੀਆਂ ਵੱਲੋਂ ਸਿੱਧੂ ਦੇ ਚਾਵਲਾ ਨੂੰ ਜੱਫੀ ਪਾਉਣ ਤੋਂ ਸ਼ੁਰੂ ਹੋਇਆ ਇਹ ਮਾਮਲਾ ਉਸ ਵੇਲੇ ਸ਼ਾਂਤ ਹੋਇਆ ਸੀ ਜਦੋਂ ਅਕਾਲੀਆਂ ਦੇ ਆਪਣੇ ਐਸਜੀਪੀਸੀ ਪ੍ਰਧਾਨ ਦੀ ਤਸਵੀਰ ਵੀ ਗੋਪਾਲ ਸਿੰਘ ਚਾਵਲਾ ਨਾਲ ਵਾਇਰਲ ਹੋ ਗਈ ਸੀ। ਉਸ ਵੇਲੇ ਉਹ ਮਾਮਲਾ ਤਾਂ ਇੱਕ ਇੱਕ ਦੀ ਬਰਾਬਰੀ (ਜੇ ਸਿੱਧੂ ਦੀ ਫੋਟੋ ਚਾਵਲਾ ਨਾਲ ਆਈ ਤਾਂ ਭਾਈ ਲੌਂਗੋਵਾਲ ਦੀ ਫੋਟੋ ਵੀ ਚਾਵਲਾ ਨਾਲ ਆ ਗਈ)  ਨਾਲ ਬੇਨਤੀਜਾ ਰਿਹਾ ਸੀ, ਪਰ ਹੁਣ ਸਿਰਸਾ ਦੀ ਤਸਵੀਰ ਚਾਵਲਾ ਨਾਲ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ ਰੂਪੀ ਧੁਖ ਰਹੀ ਧੂਣੀ ਨੇ ਫਿਰ ਭਾਂਬੜ ਦਾ ਰੂਪ ਧਾਰਨ ਕਰ ਲਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਇਸ ਵਾਰ ਸਿਰਸਾ ਦਾ ਪਿੱਛਾ ਕਿਵੇਂ ਛੁੱਟਦਾ ਹੈ ਕਿਉਂਕਿ ਫਿਲਹਾਲ ਤਾਂ ਕੋਈ ਕਾਂਗਰਸੀ ਵੀ ਅਜਿਹਾ ਦਿਖਾਈ ਨਹੀਂ ਦਿੰਦਾ ਜਿਹੜਾ ਪਾਕਿਸਤਾਨ ‘ਚ ਗਿਆ ਹੋਵੇ ਤੇ ਅਕਾਲੀ ਉਸ ਦੀ ਗੋਪਾਲ ਸਿੰਘ ਚਾਵਲਾ ਨਾਲ ਖਿੱਚਵਾਈ ਗਈ ਤਸਵੀਰ ਕੱਢ ਕੇ ਰੌਲਾ ਪਾਉਣ ਲੱਗ ਪੈਣ।

Share this Article
Leave a comment