ਗਿਆਨੀ ਇਕਬਾਲ ਸਿੰਘ ਨੂੰ ਅਹੁਦੇ ਤੋਂ ਹਟਾਉਣ ਲਈ ਸਿੱਖ ਸੰਗਤਾਂ ਵੱਲੋਂ ਹੰਗਾਮਾ, ਚਾਰੇ ਪਾਸੇ ਹੋਈ ਪੁਲਿਸ ਹੀ ਪੁਲਿਸ

Prabhjot Kaur
2 Min Read

ਪਟਨਾ ਸ਼ਹਿਰ : ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨ ਇਕਬਾਲ ਸਿੰਘ ਦੇ ਪੁੱਤਰ ਗੁਰਪ੍ਰਸਾਦ ਸਿੰਘ ਨੂੰ ਸ਼ਰਾਬ ਅਤੇ ਸਿਗਰਟ ਪੀਣ ਦੇ ਦੋਸ਼ ਤਹਿਤ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਬੀਤੇ ਦਿਨੀਂ ਇੱਕ ਅਜਿਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ ਜਿਸ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਇਹ ਵੀਡੀਓ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਪੁੱਤਰ ਦੀ ਹੈ। ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਸ਼ਕਸ਼ ਸ਼ਰਾਬ ਅਤੇ ਸਿਗਰਟ ਪੀਂਦਾ ਦਿਖਾਈ ਦੇ ਰਿਹਾ ਹੈ। ਜਿਉਂ ਹੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਉਸੇ ਵਕਤ ਸਾਰੇ ਪਾਸੇ ਇਸ ਵੀਡੀਓ ਨੂੰ ਦੇਖਣ ਵਾਲੇ ਲੋਕਾਂ ਨੇ ਨਾ ਸਿਰਫ ਗੁਰਪ੍ਰਸਾਦ ਸਿੰਘ ਦਾ ਜਬਰਦਸਤ ਵਿਰੋਧ ਕੀਤਾ ਬਲਕਿ ਵਿਰੋਧੀਆਂ ਨੇ ਇਸ ਮੌਕੇ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਵੀ ਨਹੀਂ ਬਖਸ਼ਿਆ ਸੀ। ਜਿਸ ਤੋਂ  ਬਾਅਦ ਗਿਆਨੀ ਇਕਬਾਲ ਸਿੰਘ ਨੂੰ ਆਪਣੇ ਪੁੱਤਰ ਗੁਰਪ੍ਰਸਾਦ ਸਿੰਘ ਨੂੰ ਬੇਦਖਲ ਤੱਕ ਕਰਨ ਦਾ ਐਲਾਨ ਕਰਨਾ ਪਿਆ।

ਤਾਜ਼ਾ ਘਟਨਾ ਚੱਕਰ ਵਿੱਚ ਇਸੇ ਮਾਮਲੇ ਨੂੰ ਲੈ ਕੇ ਤਖ਼ਤ ਸ਼੍ਰੀ ਪਟਨਾ ਸਾਹਿਬ ਕੰਪਲੈਕਸ ਵਿੱਚ ਮੌਜੂਦ ਸਿੱਖ ਸੰਗਤਾਂ ਨੇ ਜਥੇਦਾਰ ਗਿਆਨੀ ਇਕਬਾਲ ਸਿੰਘ ਵਿਰੁਧ ਜਬਰਦਸਤ ਭੜਾਸ ਕੱਢੀ ਤੇ ਉਨ੍ਹਾਂ ਸੰਗਤਾਂ ਨੇ ਗਿਆਨੀ ਜੀ ਨੂੰ ਹਟਾਂਉਣ ਲਈ 1 ਘੰਟੇ ਤੱਕ ਉੱਥੇ ਦੱਬ ਕੇ ਹੰਗਾਮਾ ਕੀਤਾ। ਇਸ ਦੌਰਾਨ ਮੌਕੇ ‘ਤੇ ਸੀਨੀਅਰ ਪੁਲਿਸ ਅਧਿਕਾਰੀ ਵੀ ਭਾਰੀ ਤਦਾਦ ਵਿੱਚ ਪੁਲਿਸ ਫੋਰਸ ਲੈ ਕੇ ਪਹੁੰਚ ਗਏ ਤੇ ਚਾਰੇ ਪਾਸੇ ਪੁਲਿਸ ਹੀ ਪੁਲਿਸ ਹੋ ਗਈ । ਜਿਨ੍ਹਾਂ ਵਿੱਚ ਏਐਸਪੀ ਬਲਰਾਮ ਸਿੰਘ ਚੌਧਰੀ ਕਾਰਜਪਾਲਕ  ਉਮੇਸ਼ ਕੁਮਾਰ ਸਿੰਘ ਨੇ ਉੱਥੇ ਮੌਜੂਦ ਸਿੱਖ ਸੰਗਤਾਂ ਨਾਲ ਗੱਲਬਾਤ ਕਰਕੇ ਹਾਲਾਤ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਉਪਰੰਤ ਉੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਵੱਲੋਂ ਗਿਆਨੀ ਇਕਬਾਲ ਸਿੰਘ ਦੇ ਪੁੱਤਰ ਨੂੰ ਨੌਕਰੀ ਤੋਂ ਬਰਖਾਸਤ ਕੀਤੇ ਜਾਣ ਦਾ ਐਲਾਨ ਕਰ ਦਿੱਤਾ। ਦੱਸ ਦਈਏ ਕਿ ਗੁਰਪ੍ਰਸਾਦ ਸਿੰਘ ਉੱਥੇ ਸਹਾਇਕ ਅਕਾਉਂਟੈਂਟ ਦੇ ਅਹੁਦੇ ‘ਤੇ ਤੈਨਾਤ ਸੀ। ਇਸ ਦੇ ਬਾਵਜੂਦ ਉੱਥੇ ਸਿੱਖ ਸੰਗਤਾਂ ਦਾ ਰੋਸ ਅਜੇ ਵੀ ਬਰਕਰਾਰ ਹੈ ਤੇ ਉਹ ਗਿਆਨੀ ਇਕਬਾਲ ਸਿੰਘ ਨੂੰ ਵੀ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਕਰ ਰਹੀਆਂ ਹਨ।

Share this Article
Leave a comment