ਕੋਰੋਨਾ ਵਾਇਰਸ: ਕੀ ਚੰਡੀਗੜ੍ਹ ਵਾਸੀ ਜ਼ਾਬਤੇ ਵਿੱਚ ਰਹਿਣਗੇ ?

TeamGlobalPunjab
4 Min Read

-ਅਵਤਾਰ ਸਿੰਘ

ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸ਼ਨ ਵਲੋਂ ਕਰਫ਼ਿਊ ਵਿਚ ਦਿੱਤੀ ਢਿੱਲ ਦੇ ਮੱਦੇਨਜ਼ਰ ਸ਼ਨਿਚਰਵਾਰ ਨੂੰ ਹਜ਼ਾਰਾਂ ਸ਼ਹਿਰ ਵਾਸੀ ਸੜਕਾਂ ‘ਤੇ ਨਿਕਲ ਆਏ। ਘਰ ਦੇ ਰਾਸ਼ਨ, ਦਵਾਈਆਂ ਅਤੇ ਹੋਰ ਜ਼ਰੂਰੀ ਸਮਾਨ ਲੈਣ ਲਈ ਲੋਕਾਂ ਦਾ ਬਾਜ਼ਾਰਾਂ ਵਿਚ ਆਉਣਾ ਸੁਭਾਵਿਕ ਸੀ। ਸ਼ਹਿਰ ਵਿਚ ਵਸਦੇ ਉੱਚ ਵਰਗ ਦੇ ਲੋਕਾਂ ਨੂੰ ਤਾਂ ਪਹਿਲਾਂ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਓਂਦੀ ਸੀ ਤੇ ਕਰਫ਼ਿਊ ਦੌਰਾਨ ਵੀ ਉਨ੍ਹਾਂ ਨੂੰ ਕੋਈ ਘਾਟ ਨਹੀਂ ਆਵੇਗੀ। ਪਰ ਨਿਮਨ ਮੱਧ ਵਰਗ ਅਤੇ ਗਰੀਬ ਤਬਕਾ ਇਸ ਤੋਂ ਬਹੁਤ ਪ੍ਰੇਸ਼ਾਨ ਹੈ।

ਲੇਬਰ ਕਲੋਨੀਆਂ ਵਿਚ ਬੈਠੇ ਰੋਜ਼ ਦਿਹਾੜੀ ਕਰਕੇ ਪਰਿਵਾਰ ਦਾ ਪੇਟ ਪਾਲਣ ਵਾਲੇ ਆਪ ਤੇ ਬੱਚੇ ਭੁੱਖੇ ਢਿੱਡ ਸੌਂ ਰਹੇ ਹਨ। ਗਰਭਵਤੀ ਔਰਤਾਂ ਦੀ ਹਾਲਤ ਤਰਸਯੋਗ ਹੈ। ਪ੍ਰਸ਼ਾਸ਼ਨ ਇਸ ਪ੍ਰੇਸ਼ਾਨੀ ਨੂੰ ਹੱਲ ਕਰਨ ਦੀ ਕੋਸ਼ਿਸ਼ ਵਿਚ ਤਾਂ ਲੱਗੇ ਹੋਏ ਹਨ ਪਰ ਉਸ ਕੋਲ ਵੀ ਇੰਨਾ ਸਾਜ਼ੋ ਸਮਾਨ ਨਹੀਂ ਜਿੰਨਾ ਇਸ ਸੰਕਟ ਨਾਲ ਸਿੱਝਣ ਲਈ ਹੋਣਾ ਚਾਹੀਦਾ ਹੈ। ਪ੍ਰਵਾਸੀ ਮਜ਼ਦੂਰ ਆਪਣੇ ਪ੍ਰਦੇਸ਼ਾਂ ਵਲ ਚਾਲੇ ਪਾ ਰਹੇ ਹਨ।

ਦੂਜੇ ਬੰਨੇ ਚੰਡੀਗੜ੍ਹ ਪ੍ਰਸ਼ਾਸ਼ਨ ਦੇ ਸਵੇਰ ਤੋਂ ਸ਼ਾਮ ਤਕ ਦੁਕਾਨਾਂ ਖੋਲਣ ਦੇ ਫੈਸਲੇ ਦਾ ਵਿਰੋਧ ਹੋ ਰਿਹਾ ਹੈ। ਪੀ ਜੀ ਆਈ ਫੈਕਲਟੀ ਐਸੋਸੀਏਸ਼ਨ ਦੇ ਵਿਰੋਧ ਤੋਂ ਬਾਅਦ ਹਾਈ ਕੋਰਟ ਵਿਚ ਵੀ ਇਕ ਲੋਕ ਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਜਿਸ ਦੀ ਅਗਲੀ ਸੁਣਵਾਈ ਕੱਲ੍ਹ (29 ਮਾਰਚ) ਨੂੰ ਸਵੇਰੇ 10 ਵਜੇ ਹੋਵੇਗੀ।

- Advertisement -

ਸੀਨੀਅਰ ਵਕੀਲ ਡੀ ਐੱਸ ਪਟਵਾਲੀਆ ਵਲੋਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਕਿਹਾ ਗਿਆ ਕਿ ਕੋਰੋਨਾ ਵਾਇਰਸ ਕਾਰਨ ਪ੍ਰਸ਼ਾਸ਼ਨ ਦਾ ਦੁਕਾਨਾਂ ਖੋਲਣ ਦਾ ਫੈਸਲਾ ਸਹੀ ਨਹੀਂ ਹੈ। ਇਸ ਨਾਲ ਲੋਕ ਮਾਰਕੀਟਾਂ ਵਿੱਚ ਆਉਣਗੇ ਤੇ ਇਸ ਦੀ ਲਾਗ ਅੱਗੇ ਵਧਣ ਦਾ ਖ਼ਤਰਾ ਹੈ। ਅਜਿਹੇ ਵਿਚ ਕਰਿਆਨਾ ਅਤੇ ਹੋਰ ਦੁਕਾਨਾਂ ਖੋਲ੍ਹਣ ਦੀ ਆਗਿਆ ਨਾ ਦਿੱਤੀ ਜਾਵੇ। ਪਟੀਸ਼ਨ ਦੀ ਸੁਣਵਾਈ ਵੀਡੀਓ ਕਾਨਫਰੰਸ ਦੁਆਰਾ ਹੋ ਰਹੀ ਹੈ।

ਓਧਰ ਪੀ ਜੀ ਆਈ ਫੈਕਲਟੀ ਐਸੋਸੀਏਸ਼ਨ ਨੇ ਵੀ ਸਖਤ ਇਤਰਾਜ਼ ਜ਼ਾਹਿਰ ਕੀਤਾ ਹੈ। ਪੀ ਜੀ ਆਈ ਫੈਕਲਟੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੁਕਾਨਾਂ ਖੋਲ੍ਹਣ ਨਾਲ ਸੋਸ਼ਲ ਡਿਸਟੈਂਸ ਦਾ ਮਕਸਦ ਪੂਰਾ ਨਹੀਂ ਹੋਵੇਗਾ।

ਚੰਡੀਗੜ੍ਹ ਦੇ ਲੋਕਾਂ ਦੀਆਂ ਮੁਸਕਲਾਂ ਨੂੰ ਧਿਆਨ ਵਿੱਚ ਰੱਖਦਿਆਂ 27 ਮਾਰਚ ਨੂੰ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਤੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਇਕ ਮੀਟਿੰਗ ਕਰਕੇ 28 ਮਾਰਚ ਤੋਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤਕ ਕਰਫ਼ਿਊ ਵਿਚ ਢਿੱਲ ਦੇ ਕੇ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਖੋਲਣ ਦਾ ਫੈਸਲਾ ਲਿਆ ਸੀ।

ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਸਮੇਤ ਹੋਰ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਫੈਸਲਾ ਲੈਂਦਿਆਂ 28 ਮਾਰਚ ਤੋਂ ਦੁੱਧ ਵੇਚਣ ਵਾਲੀਆਂ ਸਾਰੀਆਂ ਦੁਕਾਨਾਂ ਸਵੇਰੇ 10 ਤੋਂ ਸ਼ਾਮ 6 ਵਜੇ ਤਕ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਇਸ ਵਿਚ ਕਰਿਆਨਾ, ਦਵਾਈ, ਫਲ, ਸਬਜ਼ੀਆਂ, ਮੀਟ ਅਤੇ ਗੈਸ ਦੀਆਂ ਦੁਕਾਨਾਂ ਵੀ ਸਵੇਰੇ 10 ਤੋਂ ਸ਼ਾਮ 6 ਵਜੇ ਤਕ ਖੋਲਣ ਲਈ ਕਿਹਾ ਸੀ। ਇਸ ਦੇ ਨਾਲ ਇਹ ਵੀ ਹਦਾਇਤ ਕੀਤੀ ਗਈ ਕਿ ਸੈਕਟਰ ਵਾਸੀ ਪੈਦਲ ਜਾ ਕੇ ਆਪਣੇ ਸੈਕਟਰ ਦੀਆਂ ਦੁਕਾਨਾਂ ਤੋਂ ਸਾਮਾਨ ਖਰੀਦ ਸਕਣਗੇ ਪਰ ਕਿਸੇ ਨੂੰ ਵੀ ਵਾਹਨ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਕਰਿਆਨਾ ਵਾਲੇ ਘਰ ਘਰ ਜਾ ਕੇ ਸਮਾਨ ਸਪਲਾਈ ਕਰ ਸਕਦੇ ਹਨ। ਦੁਕਾਨਦਾਰਾਂ ਨੂੰ ਦੁਕਾਨ ‘ਤੇ ਆਏ ਗਾਹਕਾਂ ਨੂੰ ਹਰ ਵਿਅਕਤੀ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਯਕੀਨਨ ਬਣਾਉਣ।

ਇਸ ਸਭ ਕੁਝ ਨਾਲ ਚੰਡੀਗੜ੍ਹ ਵਾਸੀਆਂ ਦੀਆਂ ਮੁਸ਼ਕਲਾਂ ਦਾ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆਓਂਦਾ। ਇਸ ਆਧੁਨਿਕ ਸ਼ਹਿਰ ਵਿਚ ਅਧਿਕਾਰੀਆਂ ਦੇ ਇੰਤਜ਼ਾਮਾਂ ਵਿਚ ਪਹਿਲਾਂ ਹੀ ਬਹੁਤ ਖਾਮੀਆਂ ਹਨ। ਇਸ ਸੰਕਟ ਦੀ ਘੜੀ ਵਿਚ ਉਨ੍ਹਾਂ ਵਲੋਂ ਕੀਤੇ ਜਾ ਰਹੇ ਪ੍ਰਬੰਧ ਜੱਗ ਜ਼ਾਹਿਰ ਹਨ। ਦੂਜਾ ਇਹ ਵੀ ਸਵਾਲ ਹੈ ਕਿ ਕੀ ਸ਼ਹਿਰ ਵਾਸੀ ਜ਼ਾਬਤੇ ਵਿੱਚ ਰਹਿਣਗੇ।

- Advertisement -
Share this Article
Leave a comment