ਪਟਿਆਲਾ : ਜਿਸ ਦਿਨ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਵਜ਼ਾਰਤ ‘ਚੋਂ ਦਿੱਤੇ ਅਸਤੀਫੇ ਨੂੰ ਜਨਤਕ ਕੀਤਾ ਹੈ ਉਸ ਦਿਨ ਤੋਂ ਸਿਆਸੀ ਹਲਕਿਆਂ ਵਿੱਚ ਜਿਹੜੀ ਗੱਲ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਉਹ ਇਹ ਹੈ ਕਿ ਸਿੱਧੂ ਨੇ ਅਸਤੀਫਾ ਤਾਂ ਦੇ ਦਿੱਤਾ ਪਰ ਹੁਣ ਉਸ ਦਾ ਸਿਆਸੀ ਭਵਿੱਖ ਕੀ ਹੋਵੇਗਾ? ਉੱਧਰ ਦੂਜੇ ਪਾਸੇ ਇਨ੍ਹਾਂ ਚਰਚਾਵਾਂ ਦੌਰਾਨ ਰਾਜਨੀਤਕ ਮਾਹਰਾਂ ਨੂੰ ਇੱਕ ਵੱਖਰੀ ਹੀ ਚਿੰਤਾ ਸਤਾ ਰਹੀ ਹੈ। ਇਹ ਲੋਕ ਕਹਿੰਦੇ ਹਨ ਕਿ ਚੰਗਾ ਹੋਵੇ ਜੇਕਰ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਹੁਰਾਂ ਦੌਰਾਨ ਸੰਧੀ ਹੋ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੌਰਾਨ ਸਥਾਨਕ ਸਰਕਾਰਾਂ ਵਿਭਾਗ ਅੰਦਰੋਂ ਜਿਹੜੀਆਂ ਫਾਇਲਾਂ ਗੁੰਮ ਹੋਣ ਦਾ ਰੌਲਾ ਪੈ ਰਿਹਾ ਹੈ ਉਹ ਫਾਇਲਾਂ ਗੁੰਮ ਕਰਨ ਦਾ ਦੋਸ਼ ਨਵਜੋਤ ਸਿੰਘ ਸਿੱਧੂ ‘ਤੇ ਲਾ ਕੇ ਉਨ੍ਹਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ। ਮਾਹਰ ਕਹਿੰਦੇ ਹਨ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਭੂਚਾਲ ਆਵੇਗਾ। ਜਿਸ ਬਾਰੇ ਹੋਰ ਤਾਂ ਕਿਸੇ ਦਾ ਪਤਾ ਨਹੀਂ ਪਰ ਉਹ ਅਕਾਲੀ ਜਰੂਰ ਕੱਛਾਂ ਵਜਾਉਂਦੇ ਨਜਰ ਆਉਣਗੇ ਜਿਨ੍ਹਾਂ ਵਿਰੁੱਧ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਅੱਗੇ ਝੋਲੀਆਂ ਅੱਡ ਅੱਡ ਕੇ ਪਰਚਾ ਦਰਜ ਕਰਨ ਦੀ ਮੰਗ ਕਰਦੇ ਰਹੇ ਹਨ।
ਦੱਸ ਦਈਏ ਕਿ ਮੁੱਖ ਮੰਤਰੀ ਵੱਲੋਂ ਥਾਪੇ ਗਏ ਨਵੇਂ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਇੰਦਰਾ ਨੇ ਬੀਤੇ ਦਿਨੀਂ ਇਹ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਇਸ ਮਹਿਕਮੇਂ ਦਾ ਚਾਰਜ ਮਿਲਣ ਤੋਂ ਪਹਿਲਾਂ ਵਿਭਾਗ ਅੰਦਰੋਂ ਕੁਝ ਅਜਿਹੇ ਕੇਸਾਂ ਦੀਆਂ ਜਰੂਰੀ ਫਾਇਲਾਂ ਗਾਇਬ ਸਨ ਜਿਨ੍ਹਾਂ ਵਿੱਚ ਇੱਕ ਕੈਪਟਨ ਅਮਰਿੰਦਰ ਸਿੰਘ ਨਾਲ ਸਬੰਧਤ ਫਾਇਲ ਲੁਧਿਆਣਾ ਦੇ ਉਸ ਸਿਟੀ ਸੈਂਟਰ ਘੁਟਾਲੇ ਦੀ ਹੈ ਜਿਸ ਬਾਰੇ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਦਾਖਲ ਕੀਤੀ ਜਾ ਚੁਕੀ ਹੈ। ਇਸ ਤੋਂ ਇਲਾਵਾ ਜਿਹੜੀਆਂ ਬਾਕੀ ਦੀਆਂ ਫਾਇਲਾਂ ਗਾਇਬ ਦੱਸੀਆਂ ਜਾਂਦੀਆਂ ਹਨ ਉਸ ਬਾਰੇ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਸਾਰੀਆਂ ਹੀ ਫਾਇਲਾਂ ਬੇਹੱਦ ਜਰੂਰੀ ਸਨ, ਤੇ ਇਸੇ ਗੱਲ ਦੀ ਗੰਭੀਰਤਾ ਨੂੰ ਦੇਖਦਿਆਂ ਬ੍ਰਹਮ ਇੰਦਰਾ ਵੱਲੋਂ ਸੱਚ ਬਾਹਰ ਲਿਆਉਣ ਲਈ ਪੜਤਾਲ ਦੇ ਹੁਕਮ ਦਿੱਤੇ ਹਨ।
ਇਹ ਮਾਮਲਾ ਉਸ ਵੇਲੇ ਹੋਰ ਵੀ ਗੰਭੀਰ ਹੋ ਜਾਂਦਾ ਹੈ ਜਦੋਂ ਵਿੱਚੋਂ ਇਹ ਗੱਲਾਂ ਨਿੱਕਲ ਕੇ ਸਾਹਮਣੇ ਆਉਂਦੀਆਂ ਹਨ ਕਿ ਬ੍ਰਹਮ ਇੰਦਰਾ ਤੋਂ ਪਹਿਲਾਂ ਇਸ ਮਹਿਕਮੇਂ ਦਾ ਜਿਆਦਾਤਰ ਕੰਮ ਕਾਜ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਅਤੇ ਉਨ੍ਹਾਂ ਦੇ ਇੱਕ ਵਿਸ਼ਵਾਸਪਾਤਰ ਅਧਿਕਾਰੀ ਬਨੀ ਦੇਖ ਰਹੇ ਸਨ। ਲਿਹਾਜਾ ਇਸ ਪੜਤਾਲ ਦਾ ਰੁੱਖ ਸਿੱਧੂ ਪਰਿਵਾਰ ਵੱਲੋ ਮੁੜਨਾ ਲਾਜ਼ਮੀ ਹੈ, ਤੇ ਜੇਕਰ ਅਜਿਹਾ ਹੋਇਆ ਤਾਂ ਉਸ ਹਾਲਤ ਵਿੱਚ ਸਿੱਧੂ ਖਿਲਾਫ ਕਾਰਵਾਈ ਹੋਣਾ ਤੈਅ ਹੈ ਜਦੋਂ ਸਿੱਧੂ ਨੇ ਆਪਣਾ ਅਸਤੀਫਾ ਵਾਪਸ ਲੈਣ ਬਾਰੇ ਕੋਈ ਫੈਸਲਾ ਨਾ ਲਿਆ।
ਇੱਧਰ ਦੂਜੇ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਅਸਤੀਫਾ ਵਾਪਸ ਲੈਣ ਲਈ ਮੰਨਾਉਣ ਦੀਆਂ ਆਖਰੀ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ ਉੱਥੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਕੈਪਟਨ ਵੱਲੋਂ ਮਾੜੀ ਕਾਰਗੁਜਾਰੀ ਦਾ ਦੋਸ਼ ਲਾ ਕੇ ਸਥਾਨਕ ਸਰਕਾਰਾਂ ਵਿਭਾਗ ਖੋਹੇ ਜਾਣ ਨੂੰ ਆਪਣੇ ਮੱਥੇ ‘ਤੇ ਕਲੰਕ ਮੰਨਦੇ ਹਨ, ਤੇ ਉਨ੍ਹਾਂ ਦੀ ਸੋਚ ਇਹ ਹੈ ਕਿ ਇਹ ਕਲੰਕ ਉਸ ਵੇਲੇ ਹੀ ਧੋਤਾ ਜਾ ਸਕਦਾ ਹੈ ਜਦੋਂ ਕੈਪਟਨ ਉਨ੍ਹਾਂ ਨੂੰ ਇਸ ਮਹਿਕਮੇਂ ਦਾ ਚਾਰਜ ਵਾਪਸ ਦੇਣ। ਸੂਤਰ ਦੱਸਦੇ ਹਨ ਕਿ ਜਿਸ ਬਾਰੇ ਮੁੱਖ ਮੰਤਰੀ ਤਿਆਰ ਨਹੀਂ ਹਨ। ਇਸ ਤੋਂ ਇਲਾਵਾ ਸੂਤਰਾਂ ਅਨੁਸਾਰ ਕੈਪਟਨ ਵਜ਼ਾਰਤ ਦਾ ਵੀ ਕੋਈ ਮੰਤਰੀ ਸਿੱਧੂ ਦਾ ਅਸਤੀਫਾ ਨਾ ਮਨਜੂਰ ਕਰਨ ਦੇ ਹੱਕ ਵਿੱਚ ਨਹੀਂ ਹੈ। ਅਜਿਹੇ ਵਿੱਚ ਜੇਕਰ ਕੈਪਟਨ ਸਿੱਧੂ ਗੱਲਬਾਤ ਟੁੱਟਦੀ ਹੈ ਤੇ ਨਵਜੋਤ ਸਿੰਘ ਸਿੱਧੂ ਆਪਣੀ ਗੱਲ ਨਾ ਮੰਨੇ ਜਾਣ ‘ਤੇ ਆਪਣਾ ਅਸਤੀਫਾ ਮਨਜੂਰ ਕੀਤੇ ਜਾਣ ਦੀ ਜਿੱਦ ਫੜੀ ਰਖਦੇ ਹਨ ਤਾਂ ਅਕਾਲੀਆਂ ਨਾਲ ਤਾਂ ਪਤਾ ਨਹੀਂ ਪਰ ਨਵਜੋਤ ਸਿੰਘ ਸਿੱਧੂ ਰਾਜਨੀਤਕ ਰੰਜਿਸ਼ ਦੇ ਸ਼ਿਕਾਰ ਜਰੂਰ ਹੋ ਸਕਦੇ ਹਨ।