ਕੈਪਟਨ ਬਾਰੇ ਸਿੱਧੂ ਨੇ ਕੀਤਾ ਸੀ ਵੱਡਾ ਖੁਲਾਸਾ, ਅੱਜ ਸਿੱਧੂ ਫੇਰ ਲੈ ਗਿਆ ਸਟੈਂਡ, ਜਵਾਬ ਸੁਣ ਪੱਤਰਕਾਰ ਹੋ ਗਏ ਸੁੰਨ

TeamGlobalPunjab
5 Min Read

ਚੰਡੀਗਡ੍ਹ : ਜਿਉਂ ਜਿਉਂ ਲੋਕ ਸਭਾ ਚੋਣਾਂ ਦੀਆਂ ਵੋਟਾਂ ਪਾਉਣ ਵਾਲਾ ਦਿਨ ਨਜ਼ਦੀਕ ਆਉਂਦਾ ਜਾ ਰਿਹਾ ਹੈ, ਤਿਉਂ ਤਿਉਂ ਸੂਬੇ ਦੀ ਸਿਆਸਤ ਦਾ ਪਾਰ ਸੱਤਵੇਂ ਆਸਮਾਨ ‘ਤੇ ਪਹੁੰਚਦਾ ਜਾ ਰਿਹਾ ਹੈ। ਹਰ ਪਾਰਟੀ ਜਿੱਥੇ ਇਸ ਪਾਰੇ ਨੂੰ ਵਧਾ ਕੇ ਸੇਕ ਵਿਰੋਧੀਆਂ ਨੂੰ ਪਹੁੰਚਾਉਣ ਦੇ ਯਤਨਾਂ ਵਿੱਚ ਹੈ, ਉੱਥੇ ਸੱਤਾਧਾਰੀ ਕਾਂਗਰਸ ਅੰਦਰ ਕਿਤੇ ਕਿਤੇ ਇਹ ਵਧਿਆ ਪਾਰਾ ਆਪਣਿਆ ਨੂੰ ਵੀ ਝੁਲਸਾਉਣ ਲਈ ਅੱਗੇ ਵਧ ਰਿਹਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ, ਕਿਉਂਕਿ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੀ ਬਜਾਏ ਪਾਰਟੀ ਵੱਲੋਂ ਚੰਡੀਗੜ੍ਹ ਤੋਂ ਪਵਨ ਬਾਂਸਲ ਨੂੰ ਟਿਕਟ ਦੇਣ ਦਾ ਮਾਮਲਾ ਠੰਡਾ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ। ਵੋਟਾਂ ਪੈਣ ਤੋਂ ਚੰਦ ਘੰਟੇ ਪਹਿਲਾਂ ਵਾਲੇ ਇਸ ਨਾਜ਼ੁਕ ਦੌਰ ਅੰਦਰ ਵੀ ਆਪਣੀ ਟਿਕਟ ਕੱਟੇ ਜਾਣ ਦਾ ਦੁੱਖ ਸਿੱਧੂ ਜੋੜਾ ਬਰਦਾਸ਼ਤ ਨਹੀਂ ਕਰ ਪਾ ਰਿਹਾ। ਸ਼ਾਇਦ ਇਸੇ ਲਈ ਇਹ ਦੁੱਖ ਆਨੇ-ਬਹਾਨੇ ਕਿਸੇ ਬਿਆਨ ਦੇ ਰੂਪ ਵਿੱਚ ਪੱਤਰਕਾਰਾਂ ਸਾਹਮਣੇ ਆ ਹੀ ਜਾਂਦਾ ਹੈ। ਇੱਕ ਵਾਰ ਫਿਰ ਨਵਜੋਤ ਕੌਰ ਸਿੱਧੂ ਦੇ ਉਸ ਬਿਆਨ ਨੇ ਸੂਬੇ ਦੀ ਸਿਆਸਤ ਗਰਮਾ ਦਿੱਤੀ ਹੈ, ਜਿਸ ਵਿੱਚ ਡਾ. ਸਿੱਧੂ ਨੇ ਇਹ ਕਹਿ ਦਿੱਤਾ, ਕਿ ਉਨ੍ਹਾਂ ਦੀ ਚੰਡੀਗੜ੍ਹ ਤੋਂ ਟਿਕਟ ਕੈਪਟਨ ਅਮਰਿੰਦਰ ਸਿੰਘ ਤੇ ਆਸ਼ਾ ਕੁਮਾਰੀ ਨੇ ਕਟਵਾਈ ਸੀ, ਤੇ ਹੁਣ ਜਿਹੜਾ ਕੈਪਟਨ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੇ ਮੈਨੂੰ ਅੰਮ੍ਰਿਤਸਰ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਸੀ, ਉਹ ਬਿਲਕੁਲ ਗਲਤ ਹੈ, ਕਿਉਂਕਿ ਉਨ੍ਹਾਂ ਦੀ ਟਿਕਟ ਝੂਠ  ਬੋਲ ਕੇ ਕਟਵਾਈ ਗਈ ਸੀ। ਇੱਥੇ ਹੀ ਬੱਸ ਨਹੀਂ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੀ ਪਤਨੀ ਦੇ ਬਿਆਨ ਦੀ ਦੱਬ ਕੇ ਹਿਮਾਇਤ ਕਰਦਿਆਂ ਕਿਹਾ ਕਿ, “ਮੇਰੀ ਘਰਵਾਲੀ ਅੰਦਰ ਇੰਨਾ ਦਮ ਅਤੇ ਇੰਨੀ ਨੈਤਕਿਤਾ ਹੈ ਕਿ ਉਹ ਕਦੇ ਝੂਠ ਨਹੀਂ ਬੋਲਦੀ।” ਉਨ੍ਹਾਂ ਕਿਹਾ ਕਿ, “ਮੈਨੂੰ ਮੇਰੀ ਪਤਨੀ ‘ਤੇ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਨੇ ਜੋ ਕਿਹਾ ਹੈ ਉਹ ਸਹੀ ਕਿਹਾ ਹੈ।”

ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਨੇ ਕੈਪਟਨ ਅਤੇ ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ‘ਤੇ ਇਹ ਦੋਸ਼ ਲਾਇਆ ਸੀ ਕਿ ਇਨ੍ਹਾਂ ਨੇ ਤਾਂ ਉਲਟਾ ਰੇਲ ਹਾਦਸੇ ਦਾ ਜਿਕਰ ਕਰਕੇ ਇਹ ਕਹਿ ਦਿੱਤਾ ਸੀ, ਕਿ ਮੈਡਮ ਸਿੱਧੂ ਅੰਮ੍ਰਿਤਸਰ ਤੋਂ ਜਿੱਤ ਨਹੀਂ ਸਕਦੇ। ਇਸ ਤੋਂ ਬਾਅਦ ਹੀ ਉਨ੍ਹਾਂ (ਡਾ. ਸਿੱਧੂ) ਦੀ ਟਿਕਟ ਕੱਟੀ ਗਈ। ਦੂਜੇ ਪਾਸੇ ਇਸ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ, ਕਿ ਡਾ. ਨਵਜੋਤ ਕੌਰ ਸਿੱਧੂ ਚੰਡੀਗੜ੍ਹ ਤੋਂ ਟਿਕਟ ਮੰਗ ਰਹੇ ਸਨ, ਜਿਸ ਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕੈਪਟਨ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਇਹ ਪੁੱਛਿਆ ਜਾਂਦਾ ਕਿ ਟਿਕਟ ਕਿਸ ਨੂੰ ਦੇਣੀ ਹੈ? ਤਾਂ ਮੈਂ ਹਰ ਹਾਲਤ ਵਿੱਚ ਇਹ ਕਹਿੰਦਾ ਕਿ ਟਿਕਟ ਪਵਨ ਬਾਂਸਲ ਨੂੰ ਦਿਓ ਕਿਉਂਕਿ ਉਹ ਉੱਥੇ ਮੌਜੂਦਾ ਵਿਧਾਇਕ ਹਨ ਤੇ ਚੰਡੀਗੜ੍ਹ ਦੀ ਸਿਆਸਤ ਦਾ ਉਨ੍ਹਾਂ ਨੂੰ ਤਜ਼ਰਬਾ ਹੈ। ਮੁੱਖ ਮੰਤਰੀ ਅਨੁਸਾਰ ਜਿਸ ਵੇਲੇ ਡਾ. ਸਿੱਧੂ ਦੀ ਚੰਡੀਗੜ੍ਹ ਤੋਂ ਟਿਕਟ ਕੱਟੀ ਗਈ ਸੀ ਤਾਂ ਉਸ ਵੇਲੇ ਉਨ੍ਹਾਂ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਅੰਮ੍ਰਿਤਸਰ ਜਾਂ ਬਠਿੰਡਾ ਤੋਂ ਚੋਣ ਲੜਨ ਲਈ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੇ ਇਨ੍ਹਾਂ ਦੋਵਾਂ ਥਾਵਾਂ ਤੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ।

ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਦਾ ਕੈਪਟਨ ਅਮਰਿੰਦਰ ਸਿੰਘ ਨਾਲ ਇਹ ਸਿਆਸੀ ਵਿਵਾਦ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਦੇ ਕੈਪਟਨ ਤੇ ਕਦੇ ਸਿੱਧੂ ਜੋੜਾ ਇੱਕ ਦੂਜੇ ਦੇ ਵਿਰੁੱਧ ਬਿਆਨਬਾਜ਼ੀ ਕਰਦੇ ਰਹਿੰਦੇ ਹਨ, ਪਰ ਪੰਜਾਬ ਅੰਦਰ ਵੋਟਾਂ ਪਾਏ ਜਾਣ ਤੋਂ ਚੰਦ ਘੰਟੇ ਪਹਿਲਾਂ ਸ਼ੁਰੂ ਹੋਇਆ ਇਹ ਠੰਡਾ ਯੁੱਧ ਕੀ ਰੰਗ ਲਿਆਵੇਗਾ ਤੇ ਇਸ ਦਾ ਅਸਰ ਵੋਟਰਾਂ ਦੇ ਦਿਮਾਗ ‘ਤੇ ਕੀ ਹੋਵੇਗਾ? ਇਹ ਤਾਂ 23 ਮਈ ਵਾਲੇ ਦਿਨ ਹੀ ਪਤਾ ਲੱਗੇਗਾ, ਪਰ ਇੰਨਾ ਜਰੂਰ ਹੈ ਕਿ ਸਿਆਸੀ ਜੰਗ ਵਿੱਚ ਇਸ ਫੈਸਲੇ ਦੀ ਘੜੀ ਤੋਂ ਐਨ ਪਹਿਲਾਂ ਪਾਰਟੀ ਦੇ ਵੱਡੇ ਜਰਨੈਲਾਂ ਦੇ ਆਪਸ ਵਿੱਚ ਸ਼ੁਰੂ ਹੋਏ, ਇਸ ਵਾਕ ਯੁੱਧ ਨੇ ਪਾਰਟੀ ਹਾਈ ਕਮਾਂਡ ਨੂੰ ਆਪਣੀਆਂ ਉਂਗਲਾਂ ਉੱਤੇ ਉਂਗਲਾਂ ਚਾੜ੍ਹਨ ‘ਤੇ ਮਜ਼ਬੂਰ ਕਰ ਦਿੱਤਾ ਹੈ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਹ ਵਾਕ ਯੁੱਧ ਪਾਰਟੀ ਨੂੰ ਕਿਸ ਦਿਸ਼ਾ ਵੱਲ ਲੈ ਜਾਵੇਗਾ।

 

- Advertisement -

https://youtu.be/fDB4HcBM0vc

Share this Article
Leave a comment