ਨਾਭਾ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ 1984 ਵਿੱਚ ਹੋਏ ਸਿੱਖ ਕਤਲੇਆਮ ਦੌਰਾਨ ਸਿਰਫ 5 ਕਾਂਗਰਸੀਆਂ ਦੀ ਹੀ ਸ਼ਮੂਲੀਅਤ ਸੀ, ਜਦਕਿ ਬਾਕੀ ਹੋਰ ਦੰਗਾਕਾਰੀਆਂ ਨਾਲ ਭਾਰਤੀ ਜਨਤਾ ਪਾਰਟੀ ਦੇ ਲੋਕ ਆਏ ਸਨ। ਉਨ੍ਹਾਂ ਕਿਹਾ ਕਿ ਜਿਸ ਵੇਲੇ ਇਹ ਮੰਦਭਾਗੀ ਘਟਨਾ ਵਾਪਰੀ, ਉਸ ਵੇਲੇ ਉਹ ਆਪਣੇ ਭਰਾਵਾਂ ਸਣੇ 4 ਦਿਨ ਦਿੱਲੀ ਅੰਦਰ ਹੀ ਕੈਂਪਾ ‘ਚ ਘੁੰਮਦੇ ਪੀੜਤਾਂ ਦਾ ਹਾਲ-ਚਾਲ ਜਾਣਦੇ ਰਹੇ ਸਨ। ਕੈਪਟਨ ਅਮਰਿੰਦਰ ਸਿੰਘ ਇੱਥੇ ਕਾਂਗਰਸ ਉਮੀਦਵਾਰ ਮਹਾਰਾਣੀ ਪਰੀਨੀਤ ਕੌਰ ਦੇ ਹੱਕ ਵਿੱਚ ਇੱਕ ਚੋਣ ਰੈਲੀ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ 1984 ਸਿੱਖ ਕਤਲੇਆਮ ਇੱਕ ਵੱਡੇ ਪੱਧਰ ਦੀ ਘਟਨਾ ਸੀ, ਜਿਸ ਵਿੱਚ ਦਿੱਲੀ ਤੋਂ ਇਲਾਵਾ ਬਾਹਰਲੇ ਪਿੰਡਾਂ ਤੋਂ ਆਏ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ ਸੀ। ਉਨ੍ਹਾਂ ਕਿਹਾ ਕਿ ਬਾਦਲਾਂ ਵੱਲੋਂ ਵਾਰ ਵਾਰ ਇਹ ਮੁੱਦਾ ਸਿਆਸਤ ਤੋਂ ਪ੍ਰੇਰਿਤ ਹੋ ਕੇ ਚੁੱਕਿਆ ਜਾਂਦਾ ਹੈ, ਕਿਉਂਕਿ ਸੱਤਾ ‘ਚੋਂ ਬਾਹਰ ਹੁੰਦਿਆਂ ਹੀ ਉਨ੍ਹਾਂ ਨੂੰ 84 ਕਤਲੇਆਮ ਦੇ ਪੀੜਤ ਯਾਦ ਆਉਂਦੇ ਹਨ, ਜਦਕਿ ਸੱਤਾ ‘ਚ ਰਹਿੰਦੇ ਉਹ ਇਹ ਸਭ ਭੁੱਲ ਜਾਂਦੇ ਹਨ। ਕੈਪਟਨ ਨੇ ਕਿਹਾ ਕਿ ਇਹ ਕਾਂਡ ਵੱਡੇ ਪੱਧਰ ‘ਤੇ ਵਾਪਰਿਆ ਸੀ। ਜਿਸ ਦਾ ਕਿਸੇ ਪਾਰਟੀ ਜਾਂ ਕੁਝ ਲੋਕਾਂ ਨਾਲ ਕੋਈ ਸਬੰਧ ਨਹੀਂ ਸੀ।
ਬੇਅਦਬੀ ਕਾਂਡ ਦੇ ਸਬੰਧ ਵਿੱਚ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ, ” ਮੈਂ ਕਿਸੇ ਨੂੰ ਅੰਦਰ ਨਹੀਂ ਕਰਾਂਗਾ, ਇਹ ਮੈਂ 10 ਵਾਰ ਕਹਿ ਚੁੱਕਿਆ ਹਾਂ, ਕਿ ਸਾਡਾ ਕੋਈ ਸਿਸਟਮ ਹੈ, ਸੰਵਿਧਾਨ ਹੈ, ਕਾਨੂੰਨ ਹੈ।” ਉਨ੍ਹਾਂ ਕਿਹਾ ਕਿ, “ਅਸੀਂ ਐਸਆਈਟੀ ਬਣਾਈ ਹੈ, ਜੋ ਕਿ ਪਹਿਲਾਂ ਆਪਣੀ ਜਾਂਚ ਕਰੇਗੀ, ਤੇ ਫਿਰ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ, ਤੇ ਉਸ ਤੋਂ ਬਾਅਦ ਕਾਸੂਰਵਾਰਾਂ ਨੂੰ ਅਦਾਲਤ ਜੇਲ੍ਹ ਭੇਜੇਗੀ।”
ਚੋਣਾਂ ਨੇੜੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿੱਥੇ 84 ਕਤਲੇਆਮ ਦੇ ਸਬੰਧ ਵਿੱਚ ਵੱਡੇ ਖੁਲਾਸੇ ਕਰਕੇ ਬਾਦਲਾਂ ਦੇ ਦੋਸ਼ਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਉੱਥੇ ਦੂਜੇ ਪਾਸੇ ਉਹ ਬੇਅਦਬੀ ਕਾਂਡ ਦੀਆਂ ਘਟਨਾਵਾਂ ਸਬੰਧੀ ਫੈਸਲਾ ਅਦਾਲਤ ‘ਤੇ ਛੱਡ ਕੇ ਬਦਲਾਖੋਰੀ ਦੀ ਰਾਜਨੀਤੀ ਦੇ ਦੋਸ਼ਾਂ ਤੋਂ ਵੀ ਬਚਦੇ ਨਜ਼ਰ ਆਏ ਹਨ। ਹੁਣ ਵੇਖਣਾ ਇਹ ਹੋਵੇਗਾ, ਕਿ ਕੈਪਟਨ ਅਤੇ ਬਾਦਲਾਂ ਦੇ ਇਨ੍ਹਾਂ ਦਾਅਵਿਆਂ ਅਤੇ ਸਿਆਸੀ ਦਾਅ-ਪੇਚਾਂ ਦਾ ਅਸਰ ਆਮ ਵੋਟਰਾਂ ‘ਤੇ ਕੀ ਹੋਵੇਗਾ? ਕਿਉਂਕਿ ਅਸਲ ਫੈਸਲਾ ਤਾਂ ਵੋਟਰਾਂ ਨੇ ਹੀ ਕਰਨਾ ਹੈ ਜਿਨ੍ਹਾਂ ਦਾ ਦਿਨ 19 ਮਈ ਮੁਕਰਰ ਹੈ। ਉਸ ਦਿਨ ਵੋਟਰ ਰਾਜਾ ਦੇ ਹੁਕਮ ‘ਤੇ ਕਿਸ ਨੂੰ ਕਸੂਰਵਾਰ ਠਹਿਰਾ ਕੇ ਸਜ਼ਾ ਮਿਲੇਗੀ, ਤੇ ਕਿਸ ਦੇ ਸਿਰ ‘ਤੇ ਸਜ਼ੇਗਾ ਸੱਤਾ ਦਾ ਤਾਜ਼, ਇਹ ਵੇਖਣ ਲਈ ਲੋਕਾਂ ਨੇ 19 ਤਾਰੀਖ ਵਾਲੇ ਦਿਨ ‘ਤੇ ਆਪੇ-ਆਪਣੇ ਦੀਦੇ ਲਾ ਰੱਖੇ ਹਨ।