ਕੈਪਟਨ ਦੇ ਐਲਾਨ ਨੇ ਪਾਈਆਂ ਭਾਜੜਾਂ, ਕਿਹਾ ਛੱਡਾਂਗਾ ਮੁੱਖ ਮੰਤਰੀ ਦੀ ਕੁਰਸੀ… ਨਵਜੋਤ ਸਿੱਧੂ ਹੋਣਗੇ ਅਗਲੇ ਮੁੱਖ ਮੰਤਰੀ?

TeamGlobalPunjab
5 Min Read

ਕੁਲਵੰਤ ਸਿੰਘ

ਚੰਡੀਗੜ੍ਹ : ਸੂਬਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਅਜਿਹਾ ਐਲਾਨ ਕੀਤਾ ਹੈ, ਜਿਸ ਨੇ ਪੰਜਾਬ ਦੀ ਸਿਆਸਤ ਵਿੱਚ ਵੱਡਾ ਭੂਚਾਲ ਲੈ ਆਂਦਾ ਹੈ। ਕੈਪਟਨ ਦਾ ਕਹਿਣਾ ਹੈ, ਕਿ ਜੇਕਰ ਉਨ੍ਹਾਂ ਦੀ ਅਗਵਾਈ ਅੰਦਰ ਮੌਜੂਦਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦਾ ਸਫਾਇਆ ਹੁੰਦਾ ਹੈ, ਤਾਂ ਉਹ ਆਪਣੇ ਆਹੁਦੇ ਤੋਂ ਅਸਤੀਫਾ ਦੇ ਦੇਣਗੇ। ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਵਿੱਚ ਗਜ਼ਬ ਦਾ ਆਤਮ ਵਿਸ਼ਵਾਸ ਝਲਕ ਰਿਹਾ ਸੀ, ਕਿ ਉਨ੍ਹਾਂ ਦੀ ਪਾਰਟੀ ਕਿਸੇ ਹਾਲਤ ਵਿੱਚ ਸੂਬੇ ਅੰਦਰੋਂ ਹਾਰ ਨਹੀਂ ਸਕਦੀ, ਪਰ ਇਸ ਦੇ ਬਾਵਜੂਦ ਕੈਪਟਨ ਦੀ ਇਸ ਗੱਲ ਨੇ ਕੀ ਆਪਣਿਆਂ, ਤੇ ਕੀ ਬੇਗਾਨਿਆਂ ਅੰਦਰ ਇੱਕ ਅਜੀਬ ਜਿਹੀ ਬੇਚੈਨੀ ਪੈਦਾ ਕਰ ਦਿੱਤੀ ਹੈ। ਮੁੱਖ ਮੰਤਰੀ ਦੇ ਇਸ ਕਥਨ ਤੋਂ ਬਾਅਦ ਜਿੱਥੇ ਪੰਜਾਬ ਕਾਂਗਰਸ ਅੰਦਰ ਹਰ ਕੋਈ ਆਪਣੀ ਜੋੜ-ਤੋੜ ਦੀ ਰਾਜਨੀਤੀ ਵਾਲੇ ਜਮਾਂ-ਘਟਾਓ ਵਿੱਚ ਲੱਗ ਗਿਆ ਹੈ, ਉੱਥੇ ਦੂਜੇ ਪਾਸੇ ਵਿਰੋਧੀਆਂ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਹੈ ਕਿ, ਕੀ ਉਨ੍ਹਾਂ ਲਈ ਕੈਪਟਨ ਅਮਰਿੰਦਰ ਸਿੰਘ ਫਾਇਦੇਮੰਦ ਮੁੱਖ ਮੰਤਰੀ ਸੀ, ਜਾਂ ਨਵਜੋਤ ਸਿੰਘ ਸਿੱਧੂ ਵਰਗਾ ਝੋਲੀਆਂ ਅੱਡ ਕੇ ਇਨਸਾਫ ਮੰਗਣ ਵਾਲਾ ਬੰਦਾ?

ਦੱਸ ਦਈਏ ਕਿ ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇੱਕ ਸਵਾਲ ਦੇ ਜਵਾਬ ਵਿੱਚ ਇਹ ਕਹਿ ਦਿੱਤਾ ਹੈ, ਕਿ ਜੇਕਰ ਪੰਜਾਬ ਦੇ ਮੰਤਰੀਆਂ ਨੂੰ ਮੌਜੂਦਾ ਚੋਣਾਂ ਦੌਰਾਨ ਵਧੀਆ ਕਾਰਗੁਜਾਰੀ ਨਾ ਕਰਨ ‘ਤੇ ਆਪਣੇ ਆਹੁਦੇ ਛੱਡਣੇ ਪੈਣਗੇ, ਅਤੇ ਕਾਂਗਰਸ ਵਿਧਾਇਕਾਂ ਨੂੰ ਇਸ ਦੀ ਸਜ਼ਾ ਵਜੋਂ ਅਗਲੀਆਂ ਚੋਣਾਂ ਵਿੱਚ ਟਿਕਟ ਨਹੀਂ ਮਿਲੇਗੀ, ਤਾਂ ਪੂਰੇ ਪੰਜਾਬ ਵਿੱਚ ਕਾਂਗਰਸ ਦਾ ਸਫਾਇਆ ਹੋਣ ਦੀ ਜਿੰਮੇਵਾਰੀ ਵੀ ਉਹ ਆਪਣੇ ਸਿਰ ‘ਤੇ ਲੈਣਗੇ। ਉਨ੍ਹਾਂ ਕਿਹਾ ਕਿ, “ਜੇਕਰ ਕਾਂਗਰਸ ਪਾਰਟੀ ਦਾ ਮੇਰੀ ਅਗਵਾਈ ਹੇਠ ਸਫਾਇਆ ਹੋ ਗਿਆ ਤਾਂ ਇਹ ਮੇਰੀ ਜਿੰਮੇਵਾਰੀ ਹੋਵੇਗੀ।” ਕੈਪਟਨ ਅਨੁਸਾਰ, “ਜੇਕਰ ਪਾਰਟੀ ਸੂਬੇ ਅੰਦਰ ਬਿਲਕੁਲ ਤਬਾਹ ਹੋ ਜਾਵੇ, ਤਾਂ ਇਹ 100 ਪ੍ਰਤੀਸ਼ਤ ਮੇਰੀ ਜਿੰਮੇਵਾਰੀ ਹੈ, ਤੇ ਅਜਿਹੇ ਹਾਲਾਤਾਂ ਵਿੱਚ ਸਭ ਤੋਂ ਪਹਿਲਾਂ ਅਸਤੀਫਾ ਦੇਣ ਵਾਲਾ ਸਖ਼ਸ਼ ਮੈਂ ਹੋਵਾਂਗਾ।”

ਤੁਹਾਨੂੰ ਯਾਦ ਹੋਵੇਗਾ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਅੰਦਰ ਸੂਬੇ ਦੀਆਂ 13 ਸੀਟਾਂ ‘ਤੇ 177 ਲੋਕਾਂ ਨੇ ਦਾਅਵੇਦਾਰੀਆਂ ਪੇਸ਼ ਕੀਤੀਆਂ ਸਨ। ਜਿਸ ਤੋਂ ਬਾਅਦ ਦਾਅਵੇਦਾਰੀਆਂ ਪੇਸ਼ ਕਰਨ ਵਾਲੇ ਉਮੀਦਵਾਰਾਂ ਨੇ ਆਪੋ ਆਪਣੇ ਢੰਗ ਨਾਲ ਬਗਾਵਤ ਦਾ ਡਰਾਵਾ ਦੇ ਕੇ ਟਿਕਟ ਲੈਣ ਲਈ ਪਾਰਟੀ ਹਾਈ ਕਮਾਂਡ ‘ਤੇ ਦਬਾਅ ਪਾਉਣੇ ਸ਼ੁਰੂ ਕਰ ਦਿੱਤੇ ਸਨ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕੀਤਾ ਸੀ, ਕਿ ਪੰਜਾਬ ਵਿੱਚ ਜਿਸ ਮੰਤਰੀ ਜਾਂ ਵਿਧਾਇਕ ਦੇ ਹਲਕੇ ਵਿੱਚ ਪਾਰਟੀ ਦੀ ਹਾਰ ਹੋਈ, ਤਾਂ ਹਾਰ ਲਈ ਉਸ ਮੰਤਰੀ ਜਾਂ ਵਿਧਾਇਕ ਦੀ ਜਿੰਮੇਵਾਰੀ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਸੀ, ਕਿ ਉਸ ਤੋਂ ਬਾਅਦ ਨਾ ਸਿਰਫ ਉਸ ਮੰਤਰੀ ਨੂੰ ਆਹੁਦੇ ਤੋਂ ਅਸਤੀਫਾ ਦੇਣਾ ਪਵੇਗਾ, ਬਲਕਿ ਹਾਰਨ ਵਾਲੇ ਵਿਧਾਇਕ ਨੂੰ ਪਾਰਟੀ ਮੁੜ ਚੋਣ ਲੜਨ ਲਈ ਟਿਕਟ ਨਹੀਂ ਦੇਵੇਗੀ।

- Advertisement -

ਕੈਪਟਨ ਦੇ ਇਸ ਬਿਆਨ ਤੋਂ ਬਾਅਦ ਭਾਵੇਂ ਕਿ ਪਾਰਟੀ ਵਿਰੁੱਧ ਉਠਣ ਵਾਲੀਆਂ ਬਗਾਵਤੀ ਸੁਰਾਂ ਤੁਰੰਤ ਦਬ ਗਈਆਂ ਸਨ, ਪਰ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਸ ਲਈ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਸਵਾਲ ਕੀਤਾ ਸੀ, ਕਿ ਜੇਕਰ ਹਾਰ ਦੀ ਜਿੰਮੇਵਾਰੀ ਵਿਧਾਇਕਾਂ ਤੇ ਮੰਤਰੀਆਂ ‘ਤੇ ਪਾਈ ਜਾ ਰਹੀ ਹੈ, ਤਾਂ ਸੂਬੇ ਵਿੱਚੋਂ ਪਾਰਟੀ ਦੀ ਹਾਰ ਲਈ ਕੀ ਕੈਪਟਨ ਅਮਰਿੰਦਰ ਸਿੰਘ ਆਪ ਖੁਦ ਜਿੰਮੇਵਾਰੀ ਲੈਣਗੇ? ਕੀ ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੀ ਆਪਣਾ ਮੁੱਖ ਮੰਤਰੀ ਵਾਲਾ ਆਹੁਦਾ ਛੱਡਣਗੇ? ਮੁੱਖ ਮੰਤਰੀ ਨੇ ਇਨ੍ਹਾਂ ਹੀ ਸਵਾਲਾਂ ਦੇ ਜਵਾਬ ਦੇ ਕੇ ਵਿਰੋਧੀਆਂ ਨੂੰ ਸ਼ਾਂਤ ਕਰਨ ਤੇ ਸੂਬੇ ਦੇ ਲੋਕਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਮਜਬੂਤ ਸਥਿਤੀ ਵਿੱਚ ਹੈ।

ਇਹ ਤਾਂ ਸੀ ਉਹ ਬਿਆਨਬਾਜੀਆਂ ਜਿਹੜੀਆਂ ਪ੍ਰਤੱਖ ਰੂਪ ਵਿੱਚ ਹੋਈਆਂ ਤੇ ਇਨ੍ਹਾਂ ਦੇ ਸਵਾਲ ਜਵਾਬ ਵੀ ਅਸੀਂ ਤੁਹਾਡੇ ਸਾਹਮਣੇ ਰੱਖ ਦਿੱਤੇ ਹਨ, ਪਰ ਸੂਤਰਾਂ ਅਨੁਸਾਰ ਕੈਪਟਨ ਦੇ ਨਵੇਂ ਬਿਆਨ ਤੋਂ ਬਾਅਦ ਅੰਦਰੋ ਅੰਦਰੀ ਸਿਆਸੀ ਲਾਵਾ ਬੜੀ ਤੇਜੀ ਨਾਲ ਉਬਾਲੇ ਖਾਣਾ ਲੱਗ ਪਿਆ ਹੈ। ਜਿੱਥੇ ਕਾਂਗਰਸ ਅੰਦਰ ਕੈਪਟਨ ਵਿਰੋਧੀ ਧਿਰਾਂ ਮੁਗੇਰੀ ਲਾਲ ਵਾਂਗ ਦਿਨ ਦਿਹਾੜੇ ਮੁੱਖ ਮੰਤਰੀ ਦੀ ਕੁਰਸੀ ‘ਤੇ ਆਪਣੇ ਮਨ ਪਸੰਦ ਆਗੂ ਨੂੰ ਬਿਠਾਉਣ ਦੇ ਸੁਫਨੇ ਲੈਣ ਲੱਗ ਪਈਆਂ ਹਨ, ਉੱਥੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਵਾਲੇ ਇਸ ਸੋਚੀਂ ਪਏ ਹੋਏ ਹਨ, ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਲਈ ਚੰਗਾ ਮੁੱਖ ਮੰਤਰੀ ਹੈ, ਜਾਂ ਨਵਜੋਤ ਸਿੰਘ ਸਿੱਧੂ ਵਰਗਾ ਉਹ ਬੰਦਾ ਜਿਹੜਾ ਮੁੱਖ ਮੰਤਰੀ ਨਾ ਹੁੰਦਿਆਂ ਵੀ ਝੋਲੀਆਂ ਅੱਡ ਅੱਡ ਕੇ ਵਿਰੋਧੀਆਂ ਖਿਲਾਫ ਕਾਰਵਾਈ ਦੀ ਮੰਗ ਕਰਦਾ ਹੈ, ਜਿਹੜਾ ਬੰਦਾ ਵਿਧਾਨ ਸਭਾ ਵਿੱਚ ਵਿਰੋਧੀਆਂ ਵਿਰੁੱਧ ਇਕੱਲਾ ਹੀ ਬੱਬਰ ਸ਼ੇਰ ਵਾਂਗ ਦਹਾੜਦਾ ਹੈ। ਉਸ ਨੂੰ ਜੇਕਰ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਠਾ ਦਿੱਤਾ ਗਿਆ ਤਾਂ ਉਹ ਕੀ ਹਾਲ ਕਰੇਗਾ? ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਲਿਹਾਜਾ ਹੁਣ ਜੇਕਰ ਵੋਟਾਂ ਵਾਲੇ ਦਿਨ ਕੈਪਟਨ ਦੇ ਆਹੁਦਾ ਛੱਡਣ ਵਾਲੇ ਬਿਆਨ ਨੇ ਕਈ ਤਰ੍ਹਾਂ ਦੇ ਸਮੀਕਰਣ ਬਦਲ ਦਿੱਤੇ, ਤਾਂ ਇਸ ਵਿੱਚ ਕਿਸੇ ਨੂੰ ਹੈਰਾਨੀ ਨਹੀਂ ਹੋਣਾ ਚਾਹੀਦੀ ਕਿਉਂਕਿ ਕਿਹਾ ਜਾਂਦਾ ਹੈ, ਕਿ ਪਾਰਟੀ ਬਚਾਉਣ ਨਾਲੋਂ ਆਪਾ ਬਚਾਉਣਾ ਹਰ ਕੋਈ ਚਾਹੇਗਾ। ਬਾਕੀ ਸਮਝ ਤਾਂ ਤੁਸੀਂ ਗਏ ਹੀ ਹੋਣੇ?

https://youtu.be/DPvCEQux9tU

Share this Article
Leave a comment