ਕੈਪਟਨ ਦੀ ਖਾਸ ਰਣਨੀਤੀ ਤਹਿਤ ਨਹੀਂ ਹੋਣ ਦੇ ਰਹੀ ‘ਆਪ’ ਵਿਧਾਇਕਾਂ ਦੇ ਅਸਤੀਫੇ ਮਨਜ਼ੂਰ? ਆਹ ਦੇਖੋ ਅੰਦਰੋ ਅੰਦਰੀ ਕੀ ਪੱਕ ਰਹੀ ਹੈ ਸਿਆਸੀ ਖਿਚੜੀ?

TeamGlobalPunjab
3 Min Read

ਚੰਡੀਗੜ੍ਹ : ਇੰਨੀ ਦਿਨੀਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਦਿੱਤੇ ਅਸਤੀਫਿਆਂ ‘ਤੇ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਜਿਸ ਦੇ ਚਲਦਿਆਂ ਭਾਵੇਂ ਐਚਐਸ ਫੂਲਕਾ ਦਾ ਅਸਤੀਫਾ ਤਾਂ ਮਨਜ਼ੂਰ ਕਰ ਲਿਆ ਗਿਆ ਹੈ ਪਰ ‘ਆਪ’ ਦੇ 4 ਵਿਧਾਇਕ ਅਜੇ ਵੀ ਅਜਿਹੇ ਹਨ ਜਿੰਨਾਂ ਬਾਰੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਚੁੱਪੀ ਸਾਧੀ ਹੋਈ ਹੈ। ਇਹ ਵਿਧਾਇਕ ਹਨ ਸੁਖਪਾਲ ਸਿੰਘ ਖਹਿਰਾ, ਅਮਰਜੀਤ ਸਿੰਘ ਸੰਦੋਆ, ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਮਾਸਟਰ ਬਲਦੇਵ ਸਿੰਘ। ਜਿੱਥੇ ਇਨ੍ਹਾਂ ਦੇ ਸਿਆਸੀ ਭਵਿੱਖ ਬਾਰੇ ਫੈਸਲਾ ਅਜੇ ਤੱਕ ਵੀ ਨਹੀਂ ਹੋ ਪਾਇਆ। ਜਿਸ ‘ਤੇ ਵਿਰੋਧੀਧਿਰ ‘ਚ ਬੈਠੇ ਅਕਾਲੀਆਂ ਵੱਲੋਂ ਰੌਲਾ ਪਾਉਣ ਤੋਂ ਬਾਅਦ ਨਵੀਂ ਚਰਚਾ ਛਿੜ ਗਈ ਹੈ। ਦੋਸ਼ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਸਿਰਫ ਜਲਾਲਾਬਾਦ , ਫਗਵਾੜਾ ਅਤੇ ਦਾਖਾ ਹਲਕੇ ‘ਚ ਹੀ ਜ਼ਿਮਨੀ ਚੋਣ ਕਰਵਾਉਣ ਦੇ ਹੱਕ ਵਿੱਚ ਹਨ ਕਿਉਂਕਿ ਜੇਕਰ ਸਿਰਫ 3 ਹਲਕਿਆਂ ਵਿੱਚ ਹੀ ਜ਼ਿਮਨੀ ਚੋਣਾਂ ਹੁੰਦੀਆਂ ਹਨ ਤਾਂ ਇਸ ਦਾ ਫਾਇਦਾ ਸੱਤਾਧਾਰੀਆਂ ਨੂੰ ਵੱਧ ਹੁੰਦਾ ਹੈ ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਅਜਿਹਾ ਹੋਣ ਨਾਲ ਜੇਕਰ ਕਾਂਗਰਸ ਸਿਰਫ 3 ਹਲਕਿਆਂ ਵਿੱਚ ਹੀ ਆਪਣਾ ਸਾਰਾ ਜੋਰ ਲਾਉਂਦੀ ਹੈ ਤਾਂ ਪਾਰਟੀ ਦੀ ਜਿੱਤ ਪੱਕੀ ਮੰਨੀ  ਜਾਵੇਗੀ ਪਰ ਜੇਕਰ ਜਿਮਨੀ ਚੋਣਾਂ ਵਧ ਸੀਟਾਂ ‘ਤੇ ਕਰਵਾਈਆਂ ਜਾਂਦੀਆਂ ਹਨ ਤਾਂ ਸੱਤਾਧਾਰੀਆਂ ਦੀ ਤਾਕਤ ਵੰਡੀ ਜਾਵੇਗੀ ਤੇ ਉਨ੍ਹਾਂ ਹਾਲਾਤਾਂ ਵਿੱਚ ਚੋਣਾਂ ਦੇ ਨਤੀਜੇ ਉਹੋ ਜਿਹੇ ਨਹੀਂ ਹੋਣਗੇ ਜਿਹੋ ਜਿਹੇ ਤਿੰਨ ਹਲਕਿਆਂ ਵਿੱਚ ਚੋਣ ਲੜਨ ਲੱਗਿਆਂ ਮਿਲਣੇ ਹਨ। ਦੋਸ਼ ਲਾਉਂਦਿਆਂ ਕਿਹਾ ਜਾ ਰਿਹਾ ਹੈ ਕਿ ਸੱਤਾਧਾਰੀ ਇਸੇ ਲਈ ਜਾਣ ਬੁੱਝ ਕੇ ਨਾ ਤਾਂ ਬਾਕੀ ਵਿਧਾਇਕਾਂ ਦੇ ਅਸਤੀਫੇ ਮਨਜ਼ੂਰ ਹੋਣ ਦੇ ਰਹੇ ਹਨ ਤੇ ਨਾ ਹੀ ਮਾਸਟਰ ਬਲਦੇਵ ਸਿੰਘ ਵਰਗੇ ਉਸ ਵਿਧਾਇਕ ਦੀ ਵਿਧਾਇਕੀ ਰੱਦ ਕਰ ਰਹੇ ਹਨ ਜਿਸ ਵੱਲੋਂ ‘ਆਪ’ ਦੀ ਮੁੱਢਲੀ ਲੀਡਰਸ਼ਿੱਪ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਉਸ ਦੀ ਵਿਧਾਇਕੀ ਰੱਦ ਕੀਤੇ ਜਾਣ ਵਾਲੇ ਦਾਇਰੇ ਅੰਦਰ ਆ ਗਈ ਹੈ।

ਦੱਸ ਦਈਏ ਕਿ ‘ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਦਿੱਤੇ ਗਏ ਅਸਤੀਫਿਆਂ ‘ਤੇ ਵਿਰੋਧੀਆਂ ਵੱਲੋਂ ਮੁੱਖ ਮੰਤਰੀ ਕੈਪਟਨ ਸਿੰਘ ਅਤੇ ਵਿਧਾਨ ਸਭਾ ਸਪੀਕਰ ਨੂੰ ਘੇਰਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਤਾਂ ਇਸ ਬਾਰੇ ਬੋਲਦਿਆਂ ਬੀਤੇ ਦਿਨੀਂ ਇੱਥੋਂ ਤੱਕ ਕਿਹਾ ਸੀ ਕਿ ਕੈਪਟਨ ਅਤੇ ਸਪੀਕਰ ਮਿਲ ਕੇ ਕਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ ਅਤੇ ਜਾਣ ਬੁੱਝ ਕੇ ਅਸਤੀਫੇ ਮਨਜ਼ੂਰ ਨਹੀਂ ਕਰ ਰਹੇ। ਜਿਸ ਕਾਰਨ ਵਿਧਾਇਕ ਅਸਤੀਫੇ ਦੇਣ ਦੇ ਬਾਵਜੂਦ ਵੀ ਤਨਖਾਹਾਂ ਅਤੇ ਭੱਤੇ ਹਾਸਲ ਕਰ ਰਹੇ ਹਨ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਮਰਜੀਤ ਸਿੰਘ ਸੰਦੋਆ ਅਤੇ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ ਦਾ ਪੱਲਾ ਫੜ ਲਿਆ ਸੀ ਤੇ ਉਨ੍ਹਾਂ ਨੇ ਆਪਣਾ ਅਸਤੀਫਾ ਵੀ ਵਿਧਾਨ ਸਭਾ ਸਪੀਕਰ ਨੂੰ ਭੇਜ ਦਿੱਤਾ ਸੀ, ਪਰ ਅਜੇ ਤੱਕ ਵੀ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ। ਚਰਚਾ ਇਹ ਵੀ ਹੈ ਕਿ ਐਚਐਸ ਫੂਲਕਾ ਦਾ ਅਸਤੀਫਾ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਨਾਲ ਹੀ ਵਿਧਾਨ ਸਭਾ ਸਪੀਕਰ ਵੱਲੋਂ ਮਨਜ਼ੂਰ ਕੀਤਾ ਗਿਆ ਹੈ। ਧਿਆਨਦੇਣ ਯੋਗ ਹੈ ਕਿ ਵਿਧਾਇਕ ਸੁਖਪਾਲ ਖਹਿਰਾ ਅਤੇ ਮਾਸਟਰ ਬਦਲੇਵ ਸਿੰਘ ਤਾਂ ਲੋਕ ਸਭਾ ਚੋਣਾਂ ਵੀ ਲੜ ਚੁਕੇ ਹਨ ।

Share this Article
Leave a comment