ਬਠਿੰਡਾ : ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ, ਕਿ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੇ ਐਸਆਈਟੀ ਮੈਂਬਰ ਆਈ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਜਾਂਚ ਵਿੱਚ ਬਾਦਲਾਂ ਨੇ ਜਦੋਂ ਆਪਣੇ ਆਪ ਨੂੰ ਫਸਦਾ ਦੇਖਿਆ ਤਾਂ ਉਨ੍ਹਾਂ ਨੇ ਆਈਜੀ ਨੂੰ ਇੱਥੋਂ ਤਬਦੀਲ ਕਰਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਰਨ ਲੈ ਲਈ। ਜਿਨ੍ਹਾਂ ਨੇ ਚੋਣ ਕਮਿਸ਼ਨ ਰਾਹੀਂ ਇਸ ਜਾਂਚ ਅਧਿਕਾਰੀ ਦੀ ਇੱਥੋਂ ਬਦਲੀ ਕਰਵਾ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਭ ਤਾਂ ਕੀਤਾ ਗਿਆ ਤਾਂ ਕਿ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਤਹਿ ਤੱਕ ਆਈ ਜੀ ਨੂੰ ਪਹੁੰਚਣ ਤੋਂ ਰੋਕਿਆ ਜਾਵੇ।
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਆਈ ਜੀ ਦੀ ਬਦਲੀ ਸਾਜ਼ਿਸ਼ ਤਹਿਤ ਕਰਵਾਈ ਗਈ ਹੈ ਤੇ ਇਹ ਪੋਲ ਖੁੱਲ੍ਹ ਚੁਕੀ ਹੈ, ਕਿਉਂਕਿ ਇਸ ਤੋਂ ਬਾਅਦ ਪੰਜਾਬ ਹੀ ਨਹੀਂ ਪੂਰੇ ਦੇਸ਼ ਦੀ ਸਿੱਖ ਸੰਗਤ ਨੇ ਇਸ ਬਦਲੀ ਦਾ ਵਿਰੋਧ ਕੀਤਾ ਸੀ, ਤੇ ਕਰ ਰਹੀ ਹੈ। ਬਿੱਟੂ ਅਨੁਸਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਭਾਵੇਂ ਕਿ ਨਾ ਤਾਂ ਪੰਜਾਬੀ ਹਨ ਤੇ ਨਾ ਹੀ ਸਿੱਖ, ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਸਿੱਖ ਧਰਮ ਪ੍ਰਤੀ ਸ਼ਰਧਾ ਰੱਖਦਿਆਂ ਜਾਂਚ ਨਿਰਪੱਖ ਢੰਗ ਨਾਲ ਕੀਤੀ, ਪਰ ਬਾਦਲਾਂ ਨੂੰ ਇਹ ਸਭ ਰਾਸ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਹ ਲੋਕ ਹੁਣ ਬਚ ਸਕਦੇ ਹਨ, ਪਰ ਵੋਟਾਂ ਤੋਂ ਬਾਅਦ ਕਿਵੇਂ ਬਚਣਗੇ।