ਕੀ ਟਕਸਾਲੀ ਵਾਕਿਆ ਹੀ “ਟੀਸੀ ਵਾਲੇ ਬੇਰ” ਬਣ ਚੁੱਕੇ ਹਨ ? ਜਿਹੜਾ ਆਉਂਦੈ ਭੱਜ ਭੱਜ ਜੱਫੀਆਂ ਪਾਉਂਦੈ

Prabhjot Kaur
3 Min Read

ਕਲਵੰਤ ਸਿੰਘ

ਅੰਮ੍ਰਿਤਸਰ : ਜਿਸ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ ਹੋਇਆ ਹੈ ਅਤੇ ਟਕਸਾਲੀਆਂ ਨੇ ਆਪਣੀ ਰਾਜਨੀਤਕ ਤਾਕਤ ਦਾ ਪ੍ਰਦਰਸ਼ਣ ਕੀਤਾ ਹੈ ਉਸ ਦਿਨ ਤੋਂ ਬਾਅਦ ਅਕਾਲੀ ਦਲ ਅਤੇ ਕਾਂਗਰਸ ਨੂੰ ਛੱਡ ਕੇ ਖਹਿਰਾ ਤੇ ਆਪ ਧੜ੍ਹੇ ਵਾਲੇ ਲੋਕਾਂ ਲਈ ਇਹ ਪਾਰਟੀ ਇੱਕ ਐਸਾ “ਟੀਸੀ ਵਾਲਾ ਬੇਰ” ਬਣ ਚੁੱਕੀ ਹੈ ਜਿਸ ਨੂੰ ਹੜੱਪਣ ਲਈ ਕੀ ਭਗਵੰਤ ਮਾਨ ਤੇ ਕੀ ਖਹਿਰਾ, ਪੱਬਾਂ ਭਾਰ ਹੋਏ ਪਏ ਹਨ। ਹਾਲਾਤ ਇਹ ਹਨ ਕਿ ਭਗਵੰਤ ਮਾਨ ਨੇ ਤਾਂ ਇਸ ਟੀਸੀ ਵਾਲੇ ਬੇਰ ਨੂੰ ਹੜੱਪਣ ਲਈ ਆਪਣੀ ਪਾਰਟੀ ਦੇ ਡਾ ਬਲਬੀਰ ਵਰਗੇ ਉਨ੍ਹਾਂ ਆਗੂਆਂ ਨੂੰ ਵੀ ਨਾਰਾਜ਼ ਕਰ ਲਿਆ ਹੈ ਜਿਨ੍ਹਾਂ ਤੇ ਇਲਜ਼ਾਮ ਹੈ ਕਿ ਉਨ੍ਹਾਂ ਦੀ ਨਾਰਾਜ਼ਗੀ ਨੇ ਸੁਖਪਾਲ ਖਹਿਰਾ ਨੂੰ ਵੀ ਪਾਰਟੀ ‘ਚੋਂ ਬਾਹਰ ਕਢਵਾ ਦਿੱਤਾ ਸੀ। ਤੇਜ਼ੀ ਨਾਲ ਘਟਿਤ ਹੋ ਰਹੇ ਇੰਨ੍ਹਾਂ ਘਟਨਾਕ੍ਰਮਾਂ ਤਹਿਤ ਅੱਜ ਪੰਜਾਬੀ ਏਕਤਾ ਪਾਰਟੀ ਦੇ ਸੁਪਰੀਮੋਂ ਅਤੇ ਮਾਸਟਰ ਬਲਦੇਵ ਸਿੰਘ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਮਿਲਣ ਉਨ੍ਹਾਂ ਦੇ ਘਰ ਜਾ ਪੁੱਜੇ।

ਭਾਵੇਂ ਕਿ ਇਸ ਮੁਲਾਕਾਤ ਸਬੰਧੀ ਅਜੇ ਤੱਕ ਦੋਵਾਂ ਆਗੂਆਂ ਨੇ ਮੀਡੀਆ ਅੱਗੇ ਕੋਈ ਖੁਲਾਸਾ ਨਹੀਂ ਕੀਤਾ ਹੈ ਪਰ ਇਨ੍ਹਾਂ ਵੱਲੋਂ ਇਸ ਮਿਲਣੀ ਦੀਆਂ ਮੀਡੀਆ ਅੱਗੇ ਫੋਟੋਆਂ ਖਿੱਚਵਾਉਣ ਲੱਗਿਆਂ ਜਿਹੜੀ ਗੱਲਬਾਤ ਕੀਤੀ, ਉਸ ਤੋਂ ਇਹ ਸਪੱਸ਼ਟ ਹੋ ਗਿਆ ਕਿ ਇਹ ਮਿਲਣੀ ਆਉਂਦੀਆਂ 2019 ਦੀਆਂ ਲੋਕ ਸਭਾ ਚੋਣਾ ਨੂੰ ਲੈ ਕੇ ਕੀਤੀ ਗਈ ਹੈ, ਤੇ ਇਸ ਦੌਰਾਨ ਇੱਕ ਦੂਜੇ ਦੇ ਸਹਾਰੇ ਆਪਣੀ ਰਾਜਨੀਤਕ ਕਿਸਤੀ ਚੋਣ ਸਮੁੰਦਰ ਵਿੱਚੋਂ ਪਾਰ ਲਘਾਉਣ ਦੇ ਮਨਸੂਬੇ ਬਣਾਏ ਜਾਣੇ ਹਨ। ਖਹਿਰਾ ਤੇ ਭਗਵੰਤ ਮਾਨ ਦੀਆਂ ਟਕਸਾਲੀਆਂ ਨਾਲ ਮੀਟਿੰਗਾਂ ‘ਤੇ ਬੜੇ ਨੇੜੇ ਤੋਂ ਨਜ਼ਰ ਰੱਖ ਰਹੇ ਰਾਜਨੀਤਕ ਮਾਹਿਰਾਂ ਅਨੁਸਾਰ ਜਿੱਥੇ ਇਸ ਵੇਲੇ ਆਉਂਦੀਆਂ ਚੋਣਾਂ ਵਿੱਚ ਖਹਿਰਾ ਦੀ ਨਵੀਂ ਪਾਰਟੀ ਦੀ ਅਗਨੀ ਪ੍ਰੀਖੀਆ ਹੋਵੇਗੀ, ਉੱਥੇ ਆਮ ਆਦਮੀ ਪਾਰਟੀ ਵਿੱਚੋਂ ਖਹਿਰਾ ਸਣੇ 6 ਹੋਰ ਵਿਧਾਇਕਾਂ ਦੇ ਨਿੱਕਲ ਜਾਣ ਨਾਲ ਇਸ ਪਾਰਟੀ ਦਾ ਲੋਟਾ ਵੀ ਰਾਜਨੀਤੀ ਦੇ ਸਮੁੰਦਰ ਵਿੱਚ ਡੁੱਬਦਾ ਨਜ਼ਰ ਆਉਂਦਾ ਹੈ। ਲਿਹਾਜ਼ਾ ਦੋਵੇਂ ਪਾਰਟੀਆਂ ਟਕਸਾਲੀਆਂ ਦੇ ਸਹਾਰੇ ਚੋਣ ਮੈਦਾਨ ਵਿੱਚ ਉਤਰਣ ਦੀ ਫਿਰਾਕ ਵਿੱਚ ਹਨ। ਅਜਿਹੇ ਵਿੱਚ ਸਿਮਰਜੀਤ ਸਿੰਘ ਬੈਂਸ ਵਰਗੇ ਖਹਿਰਾ ਦੇ ਦੋਸਤ ਭਾਵੇਂ ਟਕਸਾਲੀਆਂ ਨੂੰ ਲੱਖ ਇਹ ਕਹੀ ਜਾਣ ਕਿ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਸ਼ਰਾਬ ਪੀ ਕੇ ਜਾਣ ਵਾਲੇ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਗਲਤ ਕੀਤਾ ਹੈ ਪਰ ਜਿਹੜੇ ਟਕਸਾਲੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਅਕਾਲੀ ਸਰਕਾਰ ਦੀਆਂ ਗੋਲੀਆਂ ਨਾਲ ਨਿਹੱਥੇ ਸਿੰਘਾਂ ਦੇ ਸ਼ਹੀਦ ਹੋਣ ਤੇ ਵੀ ਸਾਢੇ 3 ਸਾਲ ਤੱਕ ਚੁੱਪ ਕਰਕੇ ਬੈਠੇ ਰਹੇ ਉਹ ਟਕਸਾਲੀ ਅਕਾਲੀ ਹੁਣ ਆਪਣਾ ਰਾਜਨੀਤਕ ਫਾਇਦਾ ਨਹੀਂ ਦੇਖਣਗੇ ਇਸ ਵਿੱਚ ਸਾਰਿਆਂ ਨੂੰ ਸ਼ੱਕ ਹੈ।

 

- Advertisement -

Share this Article
Leave a comment