ਪੰਜਾਬ ਅਤੇ ਭਾਜਪਾ ਦਾ ਏਜੰਡਾ!

Global Team
3 Min Read

ਜਗਤਾਰ ਸਿੰਘ ਸਿੱਧੂ,

ਦੇਸ਼ ਦੀ ਸ਼ਕਤੀਸ਼ਾਲੀ ਰਾਜਸੀ ਧਿਰ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਏਜੰਡਾ ਪੰਜਾਬੀਆਂ ਦਾ ਦਿਲ ਕਿਵੇਂ ਜਿੱਤੇਗਾ? ਕੇਂਦਰ ਵਲੋ ਅੱਜ ਹਰਿਆਣਾ ਲਈ ਨਵੀਂ ਵਿਧਾਨ ਸਭਾ ਬਨਾਉਣ ਵਾਸਤੇ ਦਸ ਏਕੜ ਜਮੀਨ ਚੰਡੀਗੜ੍ਹ ਦੀ ਦੇਣ ਦਾ ਫੈਸਲਾ ਕਰ ਲਿਆ ਹੈ। ਬੇਸ਼ਕ ਹਰਿਆਣਾ ਨੇ ਇਸ ਦੇ ਬਦਲੇ ਪੰਚਕੂਲਾ ਦੀ ਬਾਰਾਂ ਏਕੜ ਜਮੀਨ ਚੰਡੀਗੜ੍ਹ ਨੂੰ ਦੇਣੀ ਹੈ ਪਰ ਪੰਜਾਬ ਲਈ ਬਣੀ ਰਾਜਧਾਨੀ ਵਿੱਚੋਂ ਹਰਿਆਣਾ ਨੂੰ ਦਸ ਏਕੜ ਜਮੀਨ ਦੇਣ ਨਾਲ ਪੰਜਾਬੀਆਂ ਉੱਪਰ ਕਿਹੋ ਜਿਹਾ ਪ੍ਰਭਾਵ ਪਵੇਗਾ ? ਇਸ ਬਾਰੇ ਭਾਜਪਾ ਨੇ ਜਾਨਣ ਦੀ ਕੋਸ਼ਿਸ਼ ਕੀਤੀ ਹੈ? ਪੰਜਾਬ ਦੇ ਪਿੰਡ ਉਜਾੜਕੇ ਬਣਿਆ ਚੰਡੀਗੜ੍ਹ।

ਹਰਿਆਣਾ ਨੂੰ ਨਵੀਂ ਰਾਜਧਾਨੀ ਦਿੱਤੀ ਜਾ ਸਕਦੀ ਸੀ ਪਰ ਉਸ ਬਾਰੇ ਤਾਂ ਕੋਈ ਫੈਸਲਾ ਨਹੀਂ ਲਿਆ ਗਿਆ ਸਗੋਂ ਹਰਿਆਣਾ ਨੂੰ ਚੰਡੀਗੜ੍ਹ ਦੀ ਜਮੀਨ ਦੇਕੇ ਪੰਜਾਬ ਦੇ ਹੱਕ ਉੱਤੇ ਲਕੀਰ ਫੇਰ ਦਿੱਤੀ ਹੈ । ਇਹ ਫੈਸਲਾ ਉਸ ਵੇਲੇਂ ਆਇਆ ਜਦੋ ਪੰਜਾਬ ਦੀਆਂ ਚਾਰ ਜਿਮਨੀ ਚੋਣਾਂ ਹੋ ਰਹੀਆਂ ਹਨ। ਬਰਨਾਲਾ, ਗਿੱਦੜਬਾਹਾ ਅਤੇ ਚੱਬੇਵਾਲ ਵਿੱਚ ਭਾਜਪਾ ਦੇ ਉਮੀਦਵਾਰ ਤਿੰਨ ਸਾਬਕਾ ਕੈਬਨਿਟ ਮੰਤਰੀ ਰਹੇ ਹਨ ।ਇਨਾਂ ਵਿਚੋਂ ਇਕ ਬਰਨਾਲਾ ਤੋਂ ਕਾਂਗਰਸ ਨਾਲ ਸਬੰਧਤ ਰਿਹਾ ਹੈ ਅਤੇ ਦੋ ਉਨਾਂ ਦੇ ਪੁਰਾਣੇ ਸਾਥੀ ਅਕਾਲੀ ਦਲ ਗਿੱਦੜਬਾਹਾ ਅਤੇ ਚੱਬੇਵਾਲ ਨਾਲ ਸਬੰਧਤ ਰਹੇ ਹਨ। ਇਕ ਡੇਰਾ ਬਾਬਾ ਨਾਨਕ ਤੋਂ ਵੀ ਮਜਬੂਤ ਉਮੀਦਵਾਰ ਅਕਾਲੀ ਪਿਛੋਕੜ ਤੋਂ ਹੈ। ਜੇਕਰ ਪੰਜਾਬ ਦੀਆਂ ਚਾਰ ਜਿਮਨੀ ਚੋਣਾਂ ਦੇ ਉਮੀਦਵਾਰਾਂ ਨੂੰ ਵੇਖਿਆ ਜਾਵੇ ਤਾਂ ਕਈ ਲਿਹਾਜ਼ ਨਾਲ ਉਮੀਦਵਾਰਾਂ ਦੀ ਚੋਣ ਦੂਜੀਆਂ ਧਿਰਾਂ ਦੇ ਮੁਕਾਬਲੇ ਦੀ ਹੈ ਪਰ ਜਦੋਂ ਅਜ ਦੇ ਚੰਡੀਗੜ੍ਹ ਦੀ ਜਮੀਨ ਹਰਿਆਣਾ ਨੂੰ ਦੇਣ ਦੇ ਫੈਸਲੇ ਨੂੰ ਵੇਖਿਆ ਜਾਵੇ ਤਾਂ ਇਸ ਤਰ੍ਹਾਂ ਲਗਦਾ ਹੈ ਕਿ ਭਾਜਪਾ ਆਪਣੇ ਪੰਜਾਬ ਦੇ ਉਮੀਦਵਾਰਾਂ ਦਾ ਹੀ ਇਮਤਿਹਾਨ ਲੈ ਰਹੀ ਹੈ। ਪਹਿਲਾ ਇਮਤਿਹਾਨ ਤਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦਾ ਹੀ ਲਿਆ ਗਿਆ । ਜਾਖੜ ਨੂੰ ਪ੍ਰਧਾਨ ਬਣਾ ਦਿੱਤਾ ਪਰ ਪੰਜਾਬੀਆਂ ਦਾ ਦਿਲ ਜਿੱਤਣ ਲਈ ਗੱਲ ਕੋਈ ਮੰਨੀ ਨਾ ਗਈ। ਜਾਖੜ ਆਪਣੀ ਪੁਰਾਣੀ ਪਾਰਟੀ ਕਾਂਗਰਸ ਨੂੰ ਬੁਰਾ ਭਲਾ ਕਹਿੰਦੇ ਰਹੇ ਪਰ ਜੇ ਕੇਵਲ ਇਹ ਗੱਲ ਪੰਜਾਬੀਆਂ ਨੂੰ ਜਿੱਤਣ ਲਈ ਕਾਫੀ ਹੁੰਦੀ ਤਾਂ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨਾਲੋਂ ਤੋ ਵਿਰੋਧੀ ਧਿਰਾਂ ਨੂੰ ਨਿਸ਼ਾਨੇ ਤੇ ਲੈਣ ਵਾਲਾ ਵੱਡਾ ਕੋਈ ਨਹੀਂ। ਉਸ ਨੇ ਕਿਸਾਨਾ ਨਾਲ ਲੜਾਈਆਂ ਲੈ ਕੇ ਨੁਕਸਾਨ ਵੀ ਕਰਵਾਇਆ। ਹੁਣ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਪੰਜਾਬ ਦੀ ਜਿੰਮੇਵਾਰੀ ਸੰਭਾਲੀ ਹੈ।ਨੌਜਵਾਨ ਆਗੂ ਹੋਣ ਕਰਕੇ ਵਿਰੋਧੀ ਪਾਰਟੀਆਂ ਨੂੰ ਤਕੜੇ ਰਗੜੇ ਲਾ ਰਿਹਾ ਹੈ ਅਤੇ ਕਿਸਾਨ ਆਗੂਆਂ ਨੂੰ ਤਾਂ ਮੂਹਰੇ ਹੋਕੇ ਟੱਕਰਦਾ ਹੈ। ਕੀ ਟਕਰਾਅ ਦਾ ਏਜੰਡਾ ਲੈ ਕੇ ਭਾਜਪਾ ਆਗੂ ਪੰਜਾਬੀਆਂ ਦਾ ਦਿਲ ਜਿੱਤ ਸਕਣਗੇ? ਸਿਰੋਪੇ ਪਾਕੇ ਚੌਧਰਾਂ ਦੇਣਾ ਇਕ ਏਜੰਡਾ ਹੈ ਅਤੇ ਕਿਸਾਨੀ ਸਣੇ ਪੰਜਾਬ ਦੇ ਹਿੱਤ ਵਿੱਚ ਪਹਿਰੇਦਾਰੀ ਕਰਨਾ ਦੂਜਾ ਏਜੰਡਾ ਹੈ ।ਕੀ ਭਾਜਪਾ ਪਿਛਲੇ ਸਮੇਂ ਦੀਆਂ ਗਲਤੀਆਂ ਤੋਂ ਸਬਕ ਲਏਗੀ?
ਸੰਪਰਕ/ 9814002186

Share This Article
Leave a Comment