ਕਾਮੇਡੀਅਨ ਦੀ ਸ਼ੋਅ ਦੌਰਾਨ ਹਾਰਟ ਅਟੈਕ ਕਾਰਨ ਮੌਤ, ਲੋਕ ਸਮਝਦੇ ਰਹੇ ਮਜ਼ਾਕ

TeamGlobalPunjab
2 Min Read

ਦੁਬਈ: ਕਹਿੰਦੇ ਨੇ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਤੇ ਮੌਤ ਕਦੀ ਵੀ ਆ ਸਕਦੀ ਹੈ ਅਤੇ ਜਦੋਂ ਆ ਗਈ ਉਸਨੂੰ ਕੋਈ ਰੋਕ ਨਹੀਂ ਸਕਦਾ। ਅਜਿਹਾ ਹੀ ਕੁਝ ਵਾਪਰਿਆ ਕਾਮੇਡੀਅਨ ਨਾਲ ਜਿਸ ਦੀ ਲੋਕਾਂ ਨੂੰ ਹਸਾਉਂਦੇ-ਹਸਾਉਂਦੇ ਮੌਤ ਹੋ ਗਈ। ਭਾਰਤੀ ਮੂਲ ਦੇ 36 ਸਾਲਾ ਹਾਸਰਸ ਕਲਾਕਾਰ ਦੀ ਉਸ ਦੇ ਪ੍ਰੋਗਰਾਮ ਦੌਰਾਨ ਸਟੇਜ ਹੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਜਿਸਦੀ ਪਛਾਣ ਮੰਜੂਨਾਥ ਨਾਇਡੂ ਵਜੋਂ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਦ ਉਸ ਦੀ ਮੌਤ ਹੋ ਰਹੀ ਸੀ ਤਾਂ ਲੋਕ ਸਮਝ ਰਹੇ ਸਨ ਕਿ ਇਹ ਕਲਾਕਾਰ ਦੀ ਪੇਸ਼ਕਾਰੀ ਦਾ ਹੀ ਹਿੱਸਾ ਹੈ।

ਸ਼ੁੱਕਰਵਾਰ ਨੂੰ ਜਦ ਨਾਇਡੂ ਆਪਣਾ ਪ੍ਰੋਗਰਾਮ ਪੇਸ਼ ਕਰ ਰਿਹਾ ਸੀ ਤਾਂ ਇਸੇ ਦੌਰਾਨ ਉਹ ਬੇਹੋਸ਼ ਹੋ ਕੇ ਫਰਸ਼ ‘ਤੇ ਡਿੱਗ ਪਿਆ। ਲੋਕ ਸੋਚ ਰਹੇ ਸਨ ਉਹ ਆਪਣੀ ਕਲਾ ਦੀ ਪੇਸ਼ਕਾਰੀ ਕਰ ਰਿਹਾ ਹੈ, ਪਰ ਉਸ ਨੂੰ ਦਿਲ ਦੌਰਾ ਪੈ ਗਿਆ ਸੀ। ਉੱਥੇ ਮੌਜੂਦ ਪ੍ਰਤੱਖਦਰਸ਼ੀਆਂ ਅਨੁਸਾਰ ਉਸ ਦੇ ਸਰੀਰ ‘ਚ ਕੋਈ ਹਲਚਲ ਨਾ ਹੋਣ ਤੋਂ ਬਾਅਦ ਕੁਝ ਕਲਾਕਾਰ ਤੇ ਹੋਟਲ ਦੇ ਕਰਮਚਾਰੀ ਉਸ ਨੂੰ ਸੀਪੀਆਰ ਦੇਣ ਸਟੇਜ ‘ਤੇ ਪਹੁੰਚੇ। ਜਦ ਨਾਇਡੂ ਨਾ ਉੱਠਿਆ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਮੰਜੂਨਾਥ ਆਬੂਧਾਬੀ ਦਾ ਜੰਮਪਲ ਸੀ ਪਰ ਬਾਅਦ ਵਿੱਚ ਉਹ ਦੁਬਈ ਵੱਸ ਗਿਆ ਸੀ। ਨਾਇਡੂ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਕੋਈ ਹੋਰ ਰਿਸ਼ਤੇਦਾਰ ਇੱਥੇ ਨਹੀਂ ਰਹਿੰਦਾ।

Share this Article
Leave a comment