ਅੰਮ੍ਰਿਤਸਰ : ਸਿੱਖ ਸੰਗਤ ਵੱਲੋਂ ਸਾਲਾਂ ਤੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਪੂਰੀਆਂ ਹੋਣ ਜਾ ਰਹੀਆਂ ਹਨ ਤੇ ਭਾਰਤ ਪਾਕਿਸਤਾਨ ਵਿਚਕਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਜਾਣ ਲਈ ਬਣਾਇਆ ਜਾ ਰਿਹਾ ਲਾਂਘਾ ਜਲਦ ਖੁੱਲ੍ਹਣ ਜਾ ਰਿਹਾ ਹੈ। ਇਸ ਨੂੰ ਲੈ ਕੇ ਦੋਵਾਂ ਮੁਲਕਾਂ ਵੱਲੋਂ ਸਰਗਰਮੀਆਂ ਤੇਜ ਕਰਦਿਆਂ ਕੰਮ ਤੇਜ਼ੀ ਨਾਲ ਨੇਪਰੇ ਚਾੜ੍ਹਨ ਦੇ ਯਤਨ ਕੀਤੇ ਜਾ ਰਹੇ ਹਨ। ਜਿੱਥੇ ਭਾਰਤ ਨੇ ਆਪਣੇ ਵਾਲੇ ਪਾਸੇ ਇਸ ਲਾਂਗੇ ਦੀ ਉਸਾਰੀ ਦਾ ਲਗਭਗ 60 ਫ਼ੀਸਦੀ ਕੰਮ ਪੂਰਾ ਕਰ ਲਿਆ ਹੈ ਤਾਂ ਉੱਥੇ ਪਾਕਿਸਤਾਨ ਵਾਲੇ ਪਾਸੇ ਇਸ ਤੋਂ ਜਿਆਦਾ ਤੇਜੀ ਦਿਖਾਈ ਜਾ ਰਹੀ ਹੈ। ਗੁਆਂਢੀ ਮੁਲਕ ਦੀ ਸਰਕਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਸ ਲਾਂਘੇ ਦੀ ਉਸਾਰੀ ਦਾ 80 ਫ਼ੀਸਦੀ ਕੰਮ ਮੁਕੰਮਲ ਕਰ ਲਿਆ ਹੈ। ਇਸ ਦਰਮਿਆਨ ਦੋਵਾਂ ਦੇਸ਼ਾਂ ‘ਚ ਇਕ ਮਹੱਤਵਪੂਰਨ ਪਹਿਲੂ ‘ਤੇ ਰੁਕਾਵਟ ਪੈਦਾ ਹੋ ਗਈ ਹੈ। ਉਹ ਇਸ ਲਈ ਕਿਉਂਕਿ ਭਾਰਤ ਚਾਹੁੰਦਾ ਹੈ ਕਿ ਪਾਕਿਸਤਾਨ ਕਰਤਾਰਪੁਰ ਲਾਂਘੇ ਦੇ ਆਪਣੇ ਹਿੱਸੇ ‘ਚ ਪੈਂਦੇ ਕ੍ਰੀਕ ਖੇਤਰ ਅੰਦਰ ਰਾਵੀ ਦਰਿਆ ‘ਤੇ ਪੁਲ ਦਾ ਨਿਰਮਾਣ ਕਰੇ, ਜਦਕਿ ਪਾਕਿਸਤਾਨ ਇਸ ਤੋਂ ਇਨਕਾਰ ਕਰਦਿਆਂ ਦਰਿਆ ਅੰਦਰੋਂ ਹੀ ‘ਕਾਜਵੇ’ ਬਣਾਉਣ ਦੀਆਂ ਗੱਲਾਂ ਕਰ ਰਿਹਾ ਹੈ। ਇੱਥੇ ਹੀ ਆ ਕੇ ਫਸੇ ਇਸ ਪੇਚ ਨੂੰ ਕੱਢਣ ਲਈ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਅੱਜ ਵਾਹਗਾ ਬਾਰਡਰ ‘ਤੇ ਇੱਕ ਮਹੱਤਵਪੂਰਨ ਬੈਠਕ ਹੋਣ ਜਾ ਰਹੀ ਹੈ। ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਜੇਕਰ ਇਸ ਬੈਠਕ ‘ਚ ਇਸ ਮਸਲੇ ਦਾ ਕੋਈ ਸਾਰਥਕ ਹੱਲ ਨਾ ਨਿੱਕਲਿਆ ਤਾਂ ਲਾਂਘੇ ਦੀ ਉਸਾਰੀ ਦਾ ਕੰਮ ਮਿੱਥੇ ਗਏ ਸਮੇਂ ‘ਚ ਪੂਰਾ ਹੋਣਾ ਸੰਭਵ ਨਹੀਂ ਹੋਵੇਗਾ।
ਦੱਸ ਦਈਏ ਕਿ ਭਾਰਤ ਦਾ ਇਹ ਤਰਕ ਹੈ ਕਿ ਜੇਕਰ ਰਾਵੀ ਦਰਿਆ ਅੰਦਰੋ ‘ਕਾਜਵੇ’ ਬਣਾਇਆ ਗਿਆ ਤਾਂ ਇਸ ਮਗਰੋਂ ਜੇਕਰ ਦਰਿਆ ਵਿੱਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਭਾਰਤ ਵਾਲੇ ਪਾਸੇ ਨਿਵਾਣ ਹੋਣ ਕਾਰਨ ਹੜ੍ਹਾਂ ਦੀ ਮਾਰ ਹਿੰਦੁਸਤਾਨ ਨੂੰ ਸਹਿਣੀ ਪਵੇਗੀ। ਜਿਸ ਲਈ ਕੇਂਦਰ ਸਰਕਾਰ ਬਿਲਕੁਲ ਤਿਆਰ ਨਹੀਂ ਹੈ। ਦੂਜੇ ਪਾਸੇ ਪਾਕਿਸਤਾਨ ਸਰਕਾਰ ਦਰਿਆ ਉੱਤੇ ਇਕ ਕਿਲੋਮੀਟਰ ਲੰਬਾ ਪੁਲ ਬਣਾਉਣ ਦੇ ਪੱਖ ‘ਚ ਇਸ ਲਈ ਨਹੀਂ ਕਿਉਂਕਿ ਜੇਕਰ ਭਵਿੱਖ ਵਿੱਚ ਕਦੇ ਭਾਰਤ ਨਾਲ ਪਾਕਿਸਤਾਨ ਦੇ ਜੰਗ ਵਰਗੇ ਹਾਲਾਤ ਪੈਦਾ ਹੁੰਦੇ ਹਨ ਤਾਂ ‘ਕਾਜਵੇ’ ਨੂੰ ਹਟਾਉਣਾ ਉਨ੍ਹਾਂ ਲਈ ਸੌਖਾ ਹੋਵੇਗਾ ਜਦਕਿ ਪੁਲ ਉਨ੍ਹਾਂ ਹਾਲਾਤਾਂ ਵਿੱਚ ਪਾਕਿਸਤਾਨੀ ਫੌਜ ਲਈ ਵੱਡੀ ਸਿਰਦਰਦੀ ਬਣੇਗਾ।
ਸੂਤਰਾਂ ਦੇ ਹਵਾਲੇ ਨਾਲ ਕੁਝ ਅਪੁੱਸ਼ਟ ਖ਼ਬਰਾਂ ਇਹ ਵੀ ਆਈਆਂ ਹਨ ਕਿ ਇੱਧਰ ਭਾਰਤ ਵਾਲੇ ਪਾਸੇ ਕੁਝ ਲੋਕ ਇਹ ਵੀ ਚਾਹੁੰਦੇ ਹਨ ਕਿ ਇਸ ਲਾਂਘੇ ਅੰਦਰ ਪੁਲ ਅਤੇ ਸੜਕਾਂ ਵਿੱਚ ਕੁਝ ਅਜਿਹੇ ਬੰਬ ਫਿੱਟ ਕੀਤੇ ਜਾਣ ਜਿਹੜੇ ਕਿ ਜੰਗ ਦੇ ਹਾਲਾਤਾਂ ਵਿੱਚ ਰਿਮੋਟ ਦਾ ਇੱਕ ਬਟਨ ਦੱਬਣ ‘ਤੇ ਇਸ ਲਾਂਘੇ ਨੂੰ ਉਡਾ ਕੇ ਹਿੰਦੁਸਤਾਨ ਨੂੰ ਦੁਸ਼ਮਣ ਤੋਂ ਸੁਰੱਖਿਅਤ ਕਰ ਸਕਣ। ਜਿਸ ਬਾਰੇ ਲਾਂਘੇ ਦੀ ਉਸਾਰੀ ਕਰਨ ਵਾਲੇ ਲੋਕਾਂ ਨੇ ਹਾਮੀਭਰਨ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਹੈ ਕਿ ਅਜਿਹਾ ਸੰਭਵ ਨਹੀਂ ਹੈ। ਹੁਣ ਇਹ ਵੇਖਣਾ ਹੋਵੇਗਾ ਕਿ ਇਨ੍ਹਾਂ ਹਾਲਾਤਾਂ ਵਿੱਚ ਭਾਰਤ ਪਾਕਿਸਤਾਨ ਦਰਮਿਆਨ ਤਾਜਾ ਹੋਣ ਜਾ ਰਹੀ ਇਸ ਮੀਟਿੰਗ ਵਿੱਚ ਕੀ ਫੈਸਲੇ ਲਏ ਜਾਂਦੇ ਹਨ। ਕੀ ਪਾਕਿਸਤਾਨ ਭਾਰਤ ਦੀ ਗੱਲ ਮੰਨ ਕੇ ਨਦੀ ‘ਤੇ ਪੁਲ ਬਣਾਉਣ ਲਈ ਰਾਜ਼ੀ ਹੋ ਜਾਂਦਾ ਹੈ ਜਾਂ ਦੋਵੇਂ ਮੁਲਕ ਆਪੋ ਆਪਣੀ ਅੜੀ ‘ਤੇ ਕਾਇਮ ਹੋ ਕੇ ਇਹ ਭੁੱਲ ਬੈਠਣਗੇ ਕਿ ਗੁਰੂ ਨਾਨਕ ਸਾਹਿਬ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਸੀ ਤੇ ਇਹ ਲੋਕ ਉਸੇ ਬਾਬੇ ਨਾਨਕ ਦੇ ਘਰ ਨੂੰ ਜਾਣ ਵਾਲੇ ਰਸਤੇ ਨੂੰ ਜੋੜਨ ਲਈ ਲੱਗੇ ਹੋਏ ਹਨ।