ਗੁਰਦਾਸਪੁਰ : ਅੱਤਵਾਦੀਆਂ ਵੱਲੋਂ ਪਠਾਨਕੋਟ ਹਵਾਈ ਅੱਡੇ ਤੇ ਕੀਤੇ ਗਏ ਹਮਲੇ ਤੋਂ ਬਾਅਦ ਸੁਰਖੀਆ ‘ਚ ਆਇਆ ਐਸ ਪੀ ਸਲਵਿੰਦਰ ਸਿੰਘ ਭਾਵੇਂ ਉਸ ਵੇਲੇ ਜਾਂਚ ਦੌਰਾਨ ਬੇਗੁਨਾਹ ਸਾਬਤ ਹੋ ਗਿਆ ਹੋਵੇ ਪਰ ਉਸ ਤੋਂ ਬਾਅਦ ਉਸ ਦੇ ਖਿਲਾਫ ਦਰਜ਼ ਕੀਤੇ ਬਲਾਤਕਾਰ ਦੇ ਮਾਮਲੇ ‘ਚ ਗੁਰਦਾਸਪੁਰ ਅਦਾਲਤ ਨੇ ਅੱਜ ਉਸ ਨੂੰ 10 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਲਵਿੰਦਰ ਦਾ ਕਹਿਣਾ ਸੀ ਕਿ ਉਸ ਨਾਲ ਸ਼ਰੇਆਮ ਧੱਕਾ ਹੋਇਆ ਹੈ ਤੇ ਇਸ ਦੇ ਖਿਲਾਫ ਉਹ ਹਾਈਕੋਰਟ ਵਿੱਚ ਅਪੀਲ ਕਰਨਗੇ।
ਦੱਸ ਦਈਏ ਕਿ ਐਸ ਪੀ ਸਲਵਿੰਦਰ ਸਿੰਘ ਦੇ ਖਿਲਾਫ ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਇੱਕ ਔਰਤ ਅਤੇ ਉਸ ਦੇ ਪਤੀ ਨੇ 3 ਅਗਸਤ 2016 ਨੂੰ ਰਿਸ਼ਵਤ ਲੈਣ ਅਤੇ ਬਲਾਤਕਾਰ ਕਰਨ ਦੇ ਦੋਸ਼ ਲਾਏ ਸਨ। ਸਲਵਿੰਦਰ ਸਿੰਘ ਦੇ ਖਿਲਾਫ ਪੀੜ੍ਹਤ ਔਰਤ ਦੇ ਪਤੀ ਨੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਵਿੱਚ ਇਹ ਮਾਮਲਾ ਧਿਆਨ ਹੇਠ ਲਿਆਂਦਾ ਸੀ ਜਿਸ ਤੋਂ ਬਾਅਦ ਐਸ ਪੀ ਸਲਵਿੰਦਰ ਸਿੰਘ ਦੇ ਖਿਲਾਫ ਬਲਾਤਕਾਰ ਅਤੇ ਕਈ ਹੋਰ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਸੀ।ਐਸ ਪੀ ਸਲਵਿੰਦਰ ਸਿੰਘ ਖਿਲਾਫ ਦੋਸ਼ ਸੀ ਕਿ ਉਸ ਨੇ ਇੱਕ ਪਰਚਾ ਰੱਦ ਕਰਨ ਬਦਲੇ ਨਾ ਸਿਰਫ ਪੀੜ੍ਹਤ ਔਰਤ ਤੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ ਬਲਕਿ ਉਸ ਔਰਤ ਦਾ ਬਲਾਤਕਾਰ ਵੀ ਕੀਤਾ ਸੀ।
ਕੇਸ ਦਰਜ਼ ਕਰਨ ਤੋਂ ਬਾਅਦ ਪੁਲਿਸ ਨੇ ਐਸ ਪੀ ਸਲਵਿੰਦਰ ਸਿੰਘ ਦੇ ਖਿਲਾਫ ਅਦਾਲਤ ਵਿੱਚ ਚਲਾਨ ਪੇਸ਼ ਕਰਕੇ ਔਰਤ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਾਬਤ ਕਰਨ ਲਈ ਸਬੂਤ,ਗਵਾਹ ਅਤੇ ਦਸਤਾਵੇਜ ਪੇਸ਼ ਕੀਤੇ ਸਨ। ਇਨ੍ਹਾਂ ਸਾਰੇ ਤੱਥਾਂ ‘ਤੇ ਵਿਚਾਰ ਕਰਨ ਤੇ ਵਕੀਲਾਂ ਦੀ ਬਹਿਸ ਸੁਣਨ ਤੋਂ ਬਾਅਦ ਅਦਾਲਤ ਨੇ ਅੱਜ ਐਸਪੀ ਸਲਵਿੰਦਰ ਸਿੰਘ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ ਸਲਵਿੰਦਰ ਸਿੰਘ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।
ਪਰ ਉਕਤ ਦੋਸ਼ਾਂ ਨੂੰ ਐਸ ਪੀ ਸਲਵਿੰਦਰ ਸਿੰਘ ਮੰਨਣ ਲਈ ਤਿਆਰ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਮੈਂ ਕੋਈ ਬਲਾਤਕਾਰ ਨਹੀਂ ਕੀਤਾ ਮੈਨੂੰ ਫਸਾਇਆ ਗਿਆ ਹੈ। ਉਸ ਨੇ ਕਿਹਾ ਕਿਸ ਨੇ ਫਸਾਇਆ ਹੈ ਇਹ ਰੱਬ ਜਾਣਦਾ ਹੈ ਪਰ ਤੁਸੀਂ ਆਪ ਸੋਚੋ ਕਿ, ਕੀ ਕਦੇ ਫੋਨ ‘ਤੇ ਵੀ ਕਿਸੇ ਨਾਲ ਬਲਾਤਕਾਰ ਹੋਇਐ? ਅਦਾਲਤ ਵੱਲੋਂ ਸਲਵਿੰਦਰ ਨੂੰ 10 ਸਾਲ ਦੀ ਸਜ਼ਾ ਦੇ ਨਾਲ ਨਾਲ 50 ਹਜ਼ਾਰ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਪੰਜਾਬ ਵਿੱਚ ਪੁਲਿਸ ਦੇ ਕਿਸੇ ਉੱਚ ਅਧਿਕਾਰੀ ਨੂੰ ਬਲਾਤਕਾਰ ਦੇ ਕੇਸ ਵਿੱਚ ਸਜ਼ਾ ਸੁਣਾਉਣ ਦਾ ਇਹ ਪਹਿਲਾ ਮਾਮਲਾ ਹੈ।