ਪਠਾਨਕੋਟ : ਨਸ਼ਿਆਂ ਦੇ ਖਾਤਮੇ ਲਈ ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਤਾਂ ਆਮ ਲੋਕਾਂ ਦੇ ਨਾਲ ਨਾਲ ਪੁਲਿਸ ਮੁਲਾਜ਼ਮਾਂ ਦਾ ਵੀ ਸਾਥ ਮੰਗ ਰਹੀ ਹੈ, ਪਰ ਇੰਝ ਜਾਪਦਾ ਹੈ ਜਿਵੇਂ ਹਮੇਸ਼ਾ ਵਾਂਗ ਪੁਲਿਸ ਵਾਲਿਆਂ ‘ਤੇ ਸਰਕਾਰ ਦੀ ਇਸ ਬੇਨਤੀ ਦਾ ਕੋਈ ਬਹੁਤ ਅਸਰ ਨਹੀਂ ਹੋਇਆ। ਘੱਟੋ ਘੱਟ ਜਿਸ ਮਾਮਲੇ ਦਾ ਅਸੀਂ ਜ਼ਿਕਰ ਕਰਨ ਜਾ ਰਹੇ ਹਾਂ ਉਸ ਨੂੰ ਦੇਖਦਿਆਂ ਤਾਂ ਅਜਿਹਾ ਬਿਲਕੁਲ ਨਹੀਂ ਲਗਦਾ। ਜੀ ਹਾਂ ਇਹ ਸੱਚ ਹੈ, ਕਿਉਂਕਿ ਇੱਥੋਂ ਦੇ ਇੱਕ ਨਾਕੇ ਦੌਰਾਨ ਪੁਲਿਸ ਨੇ ਆਪਣੇ ਵਿਭਾਗ ਦਾ ਇੱਕ ਅਜਿਹਾ ਮੁਲਾਜ਼ਮ ਫੜਨ ਦਾ ਦਾਅਵਾ ਕੀਤਾ ਹੈ ਜੋ ਹੋਰਾਂ ਨੂੰ ਨਸ਼ਾ ਕਰਨ ਤੋਂ ਰੋਕਣ ਦੀ ਬਜਾਏ ਆਪ ਖੁਦ ਨਸ਼ੇ ਦੀ ਦਲਦਲ ‘ਚ ਫਸਿਆ ਦਿਖਾਈ ਦਿੱਤਾ। ਪਠਾਨਕੋਟ ਪੁਲਿਸ ਵੱਲੋਂ ਫੜਿਆ ਗਿਆ ਇਹ ਪੁਲਿਸ ਮੁਲਾਜ਼ਮ ਸਰਦਾਰਾ ਸਿੰਘ ਕਿਸ ਬੁਰੀ ਤਰ੍ਹਾਂ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਇਸ ਗੱਲ ਦਾ ਅੰਦਾਜਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋਂ ਕਿ ਇਸ ਨੂੰ ਪੁਲਿਸ ਨੇ ਜਦੋਂ ਇਸ ਦੇ ਇੱਕ ਹੋਰ ਸਾਥੀ ਸਮੇਤ ਗ੍ਰਿਫਤਾਰ ਕੀਤਾ ਤਾਂ ਉਸ ਵੇਲੇ ਇਨ੍ਹਾਂ ਕੋਲੋਂ ਨਸ਼ੇ ਤੋਂ ਇਲਾਵਾ ਤੋਲਣ ਵਾਲਾ ਬਿਜਲਈ ਕੰਡਾ, ਦੋ ਲਾਈਟਰ ਤੇ ਕੁਝ ਹੋਰ ਅਜਿਹਾ ਸਮਾਨ ਵੀ ਬਰਾਮਦ ਹੋਇਆ ਜਿਹੜਾ ਕਿ ਸਰਦਾਰਾ ਸਿੰਘ ਵੱਲੋਂ ਨਾਪ ਤੋਲਕੇ ਕੀਤੇ ਜਾਣ ਵਾਲੇ ਨਸ਼ੇ ਦੀ ਕਹਾਣੀ ਖੁਦ ਬਿਆਨ ਕਰ ਰਿਹਾ ਸੀ। ਪੁਲਿਸ ਨੇ ਸਰਦਾਰਾ ਸਿੰਘ ਤੋਂ ਇਲਾਵਾ ਉਸ ਦੇ ਇੱਕ ਸਾਥੀ ਅਮਨ ਨੂੰ ਐਨਡੀਪੀਐਸ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਗ੍ਰਿਫਤਾਰ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਐਸਐਚਓ ਪ੍ਰਮੋਧ ਸ਼ਰਮਾਂ ਨੇ ਦੱਸਿਆ ਕਿ ਏਐਸਆਈ ਧਰਮਪਾਲ ਆਪਣੀ ਪੁਲਿਸ ਪਾਰਟੀ ਸਮੇਤ ਗਸਤ ਕਰ ਰਹੇ ਸਨ ਤਾਂ ਗਊਸਾਲਾ ਰੋਡ ‘ਤੇ ਉਨ੍ਹਾਂ ਨੇ ਇੱਕ ਗੱਡੀ ਦੀ ਚੈਕਿੰਗ ਕੀਤੀ ਤਾਂ ਉਨ੍ਹਾਂ ਨੂੰ ਸ਼ੱਕ ਪਿਆ ਕਿ ਕਾਰ ‘ਚ ਸਵਾਰ ਵਿਅਕਤੀਆਂ ਦਾ ਨਸ਼ਾ ਕੀਤਾ ਹੋਇਆ ਹੈ ਜਿਨ੍ਹਾਂ ਦੀ ਜਦੋਂ ਮੌਕੇ ਜਾਂਚ ਕੀਤੀ ਗਈ ਤਾਂ ਉਨ੍ਹਾਂ ਕੋਲੋਂ ਨਸ਼ਾ ਬਰਾਮਦ ਹੋਇਆ ਜਿਨ੍ਹਾਂ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ।