ਇਕੱਲੇ ਬੰਦੇ ਨੇ ਚਿੱਟੇ ਦਿਨੀਂ ਲੁੱਟੀ ਸੁਨਿਆਰੇ ਦੀ ਦੁਕਾਨ, ਮੂੰਹ ਵੱਲ ਦੇਖਦਾ ਰਹਿ ਗਿਆ ਦੁਕਾਨਦਾਰ, ਦੇਖੋ ਵੀਡੀਓ

TeamGlobalPunjab
3 Min Read

ਅੰਮ੍ਰਿਤਸਰ : ਸੂਬੇ ਅੰਦਰ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਹਰ ਦਿਨ ਕਿਤੇ ਨਾ ਕਿਤੇ ਕੋਈ ਅਜਿਹੀ ਵਾਰਦਾਤ ਸਾਹਮਣੇ ਆਉਂਦੀ ਹੈ ਜਿਸ ਨੂੰ ਪੜ੍ਹ, ਸੁਣ ਜਾਂ ਦੇਖ ਕੇ ਤੁਹਾਨੂੰ ਹਰ ਵਾਰ ਨਵਾਂ ਤਜ਼ਰਬਾ ਹੁੰਦਾ ਹੈ। ਤਾਜਾ ਮਾਮਲਾ ਇੱਥੋਂ ਦੇ ਇੱਕ ਸੁਨੀਆਰੇ ਦੀ ਦੁਕਾਨ ਦਾ ਹੈ ਜਿੱਥੇ ਗ੍ਰਾਹਕ ਬਣ ਕੇ ਦੁਕਾਨ ਅੰਦਰ ਆਏ ਵਿਅਕਤੀ ਨੇ ਦੁਕਾਨਦਾਰ ਨੂੰ ਅਜਿਹਾ ਮੂਰਖ ਬਣਾਇਆ ਕਿ ਉਹ ਲੁਟੇਰਾ ਵਿਅਕਤੀ ਉਸ ਦੁਕਾਨਦਾਰ ਦੀਆਂ ਅੱਖਾਂ ਸਾਹਮਣੇ ਉਸ ਨੂੰ ਲੁੱਟ ਕੇ ਲੈ ਗਿਆ ਤੇ ਉਹ ਕੁਝ ਕਦਮ ਲੁਟੇਰੇ ਪਿੱਛੇ ਭੱਜਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਿਆ। ਗਨੀਮਤ ਇਹ ਰਹੀ ਕਿ ਇਹ ਸਾਰਾ ਮਾਮਲਾ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਿਆ। ਜਿਸ ਦੇ ਅਧਾਰ ‘ਤੇ ਪੁਲਿਸ ਹੁਣ ਇਹ ਪੁਣ-ਛਾਣ ਕਰਨ ਲੱਗੀ ਹੋਈ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਕੌਣ ਹੈ, ਤੇ ਕਿੱਥੋਂ ਦਾ ਰਹਿਣ ਵਾਲਾ ਹੈ।

ਇਸ ਵਾਰਦਾਤ ਦੌਰਾਨ ਸੀਸੀਟੀਵ ਕੈਮਰੇ ‘ਚ ਰਿਕਾਰਡ ਹੋਈ ਉਸ ਵੀਡੀਓ ‘ਚ ਸਾਫ ਦਿਖਾਈ ਦਿੰਦਾ ਹੈ ਕਿ ਇੱਕ ਵਿਅਕਤੀ ਜੋ ਗ੍ਰਾਹਕ ਬਣ ਕੇ ਦੁਕਾਨ ਅੰਦਰ ਆਉਂਦਾ ਹੈ ਉਹ ਦੁਕਾਨਦਾਰ ਕੋਲੋ ਦੋ ਸੋਨੇ ਅਤੇ ਚਾਂਦੀ ਦੀਆਂ ਮੁੰਦਰੀਆਂ ਅਤੇ ਇੱਕ ਚਾਂਦੀ ਦਾ ਕੜਾ ਦਿਖਾਉਣ ਦੀ ਮੰਗ ਕਰਦਾ ਹੈ। ਦੁਕਾਨਦਾਰ ਉਸ ਨੂੰ ਇਹ ਦੋਵੇਂ ਚੀਜ਼ਾਂ ਦੇ ਦਿੰਦਾ ਹੈ ਜਿਨ੍ਹਾਂ ਦੀ ਕੀਮਤ 15 ਹਜ਼ਾਰ ਦੇ ਕਰੀਬ ਬਣਦੀ ਹੈ। ਮੁੰਦਰੀ ਅਤੇ ਕੜਾ ਦੇਖਦਿਆਂ ਹੀ ਇਹ ਲੁਟੇਰਾ ਦੁਕਾਨਦਾਰ ਨੂੰ ਕਹਿੰਦਾ ਹੈ ਕਿ ਮੈਂ ਇਹ ਸਮਾਨ ਬਾਹਰ ਖੜ੍ਹੀ ਆਪਣੀ ਪਤਨੀ ਨੂੰ ਦਿਖਾ ਦੇਵਾਂ। ਇਸ ਦੌਰਾਨ ਉਹ ਲੁਟੇਰਾ ਦੁਕਾਨਦਾਰ ਨੂੰ ਯਕੀਨ ਦਵਾਉਣ ਲਈ ਦਰਵਾਜ਼ਾ ਵੀ ਖੁੱਲ੍ਹਾ ਰਖਦਾ ਹੈ। ਵੀਡੀਓ ‘ਚ ਦਿਖਾਈ ਦਿੰਦਾ ਹੈ ਕਿ ਪਹਿਲਾਂ ਤਾਂ ਇਹ ਵਿਅਕਤੀ ਸਮਾਨ ਬਾਹਰ ਕਿਸੇ ਸਖ਼ਸ ਨੂੰ ਦਿਖਾਉਂਦਾ ਹੈ, ਪਰ ਫਿਰ ਕੁਝ ਪਲਾਂ ‘ਚ ਹੀ ਬਾਹਰ ਖੜ੍ਹੇ ਆਪਣੇ ਦੋਸਤਾਂ ਦੇ ਮੋਟਰ ਸਾਈਕਲ ‘ਤੇ ਬੈਠ ਸਮਾਨ ਲੈ ਕੇ ਫਰਾਰ ਹੋ ਜਾਂਦਾ ਹੈ। ਇਸ ਦੌਰਾਨ ਦੁਕਾਨਦਾਰ ਉਸ ਨੂੰ ਫੜਨ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਉਦੋਂ ਤੱਕ ਦੇਰ ਹੋ ਚੁਕੀ ਸੀ।

ਇਸ ਸਬੰਧੀ ਦੁਕਾਨਦਾਰ ਸੁਭਾਸ਼ ਨਾਲ ਗੱਲਬਾਤ ਕਰਨ ‘ਤੇ ਉਸ ਨੇ ਜਾਣਕਾਰੀ ਦਿੰਦਿਆਂ ਉਕਤ ਮਾਮਲੇ ਦੀ ਪੁਸ਼ਟੀ ਕੀਤੀ। ਦੁਕਾਨਦਾਰ ਅਨੁਸਾਰ ਉਸ ਨੇ ਨਜਦੀਕੀ ਥਾਣੇ ‘ਚ ਇਹ ਮਾਮਲਾ ਦਰਜ਼ ਕਰਵਾ ਦਿੱਤਾ ਹੈ ਅਤੇ ਪੁਲਿਸ ਹੁਣ ਤਫਤੀਸ਼ ਕਰ ਰਹੀ ਹੈ ਤੇ ਥਾਣੇ ਵਾਲਿਆਂ ਨੇ ਉਸ ਨੂੰ ਭਰੋਸਾ ਦਿੱਤਾ ਹੈ ਕਿ ਲੁਟੇਰਿਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

ਇੱਧਰ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੂਟੇਜ਼ ਨੂੰ ਕਬਜੇ ‘ਚ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਸ ਅਧਾਰ ‘ਤੇ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

- Advertisement -

ਕੀ ਹੈ ਇਹ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

https://youtu.be/KkAFd6UMOPI

Share this Article
Leave a comment