ਲੁਧਿਆਣਾ : ਇੰਨੀ ਦਿਨੀਂ ਨਿੱਜੀ ਵਲਵਲੇ ਬਾਹਰ ਕੱਢਣ ਲਈ ਸੋਸ਼ਲ ਮੀਡੀਆ ਇੱਕ ਵੱਡੇ ਹਥਿਆਰ ਦੇ ਰੂਪ ‘ਚ ਉੱਭਰ ਕੇ ਸਾਹਮਣੇ ਆਇਆ ਹੈ। ਪੀੜਤ ਤਾਂ ਪੀੜਤ ਹੁਣ ਹਾਲਾਤ ਇਹ ਹਨ ਕਿ ਲੋਕਾਂ ਨਾਲ ਵਧੀਕੀਆਂ ਕਰਨ ਵਾਲੇ ਲੋਕ ਵੀ ਸੋਸ਼ਲ ਮੀਡੀਆ ‘ਤੇ ਆਪਣੇ ਬਿਆਨ ਪਾ ਕੇ ਆਪਣੇ ਕੀਤੇ ਗਏ ਜ਼ੁਰਮਾਂ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹਾ ਕਿਹਾ ਜਾ ਰਿਹਾ ਹੈ ਇੱਕ ਐਸੀ ਘਟਨਾ ਵਾਪਰਨ ਤੋਂ ਬਾਅਦ ਜਿਸ ਵਿੱਚ ਰਾਹ ਜਾਂਦੀਆਂ ਔਰਤਾਂ ਤੋਂ ਪਰਸ ਖੋਹ ਕੇ ਭੱਜਣ ਵਾਲੇ ਇੱਕ ਵਿਅਕਤੀ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਸੰਦੇਸ਼ ਪਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਸ ਨੇ ਇਹ ਵਾਰਦਾਤ ਕਿੰਨ੍ਹਾਂ ਮਜਬੂਰੀਆਂ ਤਹਿਤ ਕੀਤੀ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਇੱਕ ਨੌਜਵਾਨ ਵੱਲੋਂ ਰਾਹ ਜਾਂਦੀ ਇੱਕ ਔਰਤ ਦਾ ਪਰਸ ਖੋਹਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਉਸ ਵੀਡੀਓ ‘ਚ ਪਰਸ ਖੋਹਣ ਦੀ ਵਾਰਦਾਤ ਕਰਦਾ ਦਿਖਾਈ ਦੇਣ ਵਾਲਾ ਸਖ਼ਸ਼ ਸੋਸ਼ਲ ਮੀਡੀਆ ਰਾਹੀਂ ਲੋਕਾਂ ਸਾਹਮਣੇ ਆਇਆ ਹੈ। ਇਸ ਨੌਜਵਾਨ ਵੱਲੋਂ ਸੋਸ਼ਲ ਮੀਡੀਆ ‘ਤੇ ਪਾਈ ਗਈ ਵੀਡੀਓ ਵਿੱਚ ਉਸ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਸ਼ਹਿਰ ਲੁਧਿਆਣਾ ਦਾ ਰਹਿਣ ਵਾਲਾ ਹੈ ਤੇ ਉਸ ਨੂੰ ਪਿਛਲੇ 5-6 ਸਾਲਾਂ ਤੋਂ ਨਸ਼ੇ ਦੀ ਭੈੜੀ ਆਦਤ ਪੈ ਗਈ ਹੈ। ਵੀਡੀਓ ‘ਚ ਬੋਲਣ ਵਾਲਾ ਸਖ਼ਸ ਇਹ ਦਸਦਾ ਹੈ ਕਿ ਉਸ ਨੂੰ ਨਸ਼ੇ ਦੀ ਇਹ ਭੈੜੀ ਆਦਤ ਉਸ ਦੇ ਇੱਕ ਦੋਸਤ ਨੇ ਪਾਈ ਹੈ ਤੇ ਹੁਣ ਉਸ ਦੀ ਹਾਲਤ ਇਹ ਹੋ ਚੁਕੀ ਹੈ ਕਿ ਨਸ਼ਾ ਉਸ ਦੀ ਰਗ ਰਗ ‘ਚ ਵਸ ਗਿਆ ਹੈ। ਨੌਜਵਾਨ ਨੇ ਇਸ ਵੀਡੀਓ ਵਿੱਚ ਦੁਖੀ ਹੁੰਦਿਆਂ ਕਿਹਾ ਕਿ ਉਹ ਇਹ ਭੈੜੀ ਆਦਤ ਛੱਡਣਾ ਚਾਹੁੰਦਾ ਹੈ ਪਰ ਉਸ ਕੋਲੋਂ ਛੱਡੀ ਨਹੀਂ ਜਾ ਰਹੀ। ਨੌਜਵਾਨ ਕਹਿੰਦਾ ਹੈ ਕਿ ਇਸੇ ਭੈੜੀ ਆਦਤ ਕਾਰਨ ਹੀ ਉਸ ਨੇ ਉਸ ਔਰਤ ਦਾ ਪਰਸ ਖੋਹਿਆ ਸੀ।
ਵੀਡੀਓ ‘ਚ ਬੋਲ ਰਿਹਾ ਨੌਜਵਾਨ ਨੇ ਦੋਸ਼ ਲਾਉਂਦਾ ਹੈ ਕਿ ਅੱਜ ਇੱਥੇ ਨਸ਼ਾ ਇੰਝ ਵਿਕ ਰਿਹੈ ਜਿਵੇਂ ਆਲੂ ਪਿਆਜ ਵਿਕਦੇ ਹੋਣ। ਇਹ ਨੌਜਵਾਨ ਵੀਡੀਓ ‘ਚ ਅੱਗੇ ਦਾਅਵਾ ਕਰਦਾ ਹੈ ਕਿ ਉਹ ਆਪਣੇ ‘ਤੇ ਪਰਚੇ ਦਰਜ ਕਰਵਾ ਕੇ ਵੀ ਨਸ਼ੇ ਦੇ ਇਨ੍ਹਾਂ ਤਸਕਰਾਂ ਨੂੰ ਫੜਾਉਣ ਲਈ ਤਿਆਰ ਹੈ, ਤਾਂ ਕਿ ਸਮਾਜ ਵਿੱਚ ਉਨ੍ਹਾਂ ਵਰਗੇ ਹੋਰ ਲੋਕਾਂ ਨੂੰ ਨਸ਼ੇ ਦੀ ਦਲਦਲ ਵਿੱਚ ਫਸਣੋਂ ਬਚਾਇਆ ਜਾ ਸਕੇ। ਇਹ ਨੌਜਵਾਨ ਕੈਪਟਨ ਸਰਕਾਰ ‘ਤੇ ਵੀ ਦੋਸ਼ ਲਾਉਂਦਾ ਹੈ ਕਿ ਸਰਕਾਰ ਹਰ ਦਿਨ ਦਾਅਵੇ ਤਾਂ ਕਰਦੀ ਹੈ ਕਿ ਉਨ੍ਹਾਂ ਨੇ ਨਸ਼ੇ ਨੂੰ ਠੱਲ ਪਾ ਦਿੱਤੀ ਹੈ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਨਸ਼ੇ ਦੀ ਤਸਕਰੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਇਹ ਨੌਜਵਾਨ ਨੇ ਤਾਂ ਵੀਡੀਓ ਵਿੱਚ ਇੱਥੋਂ ਤੱਕ ਦੋਸ਼ ਲਾਇਆ ਹੈ ਕਿ ਕੈਪਟਨ ਸਰਕਾਰ ਦੇ ਆਉਣ ਨਾਲ ਪੰਜਾਬ ‘ਚ ਨਸ਼ਾ ਹੋਰ ਵਧ ਗਿਆ ਹੈ। ਵੀਡੀਓ ‘ਚ ਬੋਲ ਰਿਹਾ ਨੌਜਵਾਨ ਕਹਿੰਦਾ ਹੈ ਕਿ ਜੇਕਰ ਉਸ ‘ਤੇ ਪਰਚਾ ਦਰਜ ਕਰਨ ਨਾਲ ਜਾਂ ਫਿਰ ਜਾਨ ਤੋਂ ਮਾਰਨ ਨਾਲ ਇਸ ਮਸਲੇ ਦਾ ਕੋਈ ਹੱਲ ਨਿੱਕਲੇਗਾ ਤਾਂ ਉਹ ਤਿਆਰ ਹੈ।
ਇਸ ਤੋਂ ਇਲਾਵਾ ਨੌਜਵਾਨ ਨੇ ਇਸ ਵੀਡੀਓ ‘ਚ ਅੱਗੇ ਬੋਲਦਿਆਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ‘ਤੇ ਭਰੋਸਾ ਜਤਾਉਂਦਿਆਂ ਕਿਹਾ ਕਿ ਉਹ ਪੰਜਾਬ ਦੇ ਆਉਣ ਵਾਲੇ ਮੁੱਖ ਮੰਤਰੀ ਹਨ ਤੇ ਉਹ ਹੀ ਉਨ੍ਹਾਂ ਨੂੰ ਬਚਾ ਸਕਦੇ ਹਨ। ਨੌਜਵਾਨ ਨੇ ਰੋਂਦਿਆਂ ਕਿਹਾ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਬੇਘਰ ਹੋ ਗਿਆ ਹੈ ਅਤੇ ਉਹ ਬੈਂਸ ਦੇ ਦਫਤਰ ਪਹੁੰਚ ਕੇ ਉਸ ਨਾਲ ਮਿਲ ਕੇ ਨਸ਼ੇ ਦੇ ਤਸਕਰਾਂ ਨੂੰ ਫੜਾਉਣ ਲਈ ਤਿਆਰ ਹਨ, ਪਰ ਬੈਂਸ ਉਸ (ਵੀਡੀਓ ਵਾਲੇ ਨੌਜਵਾਨ) ਦਾ ਬਚਾਅ ਕਰਨ। ਨੌਜਵਾਨ ਨੇ ਕਿਹਾ ਕਿ ਜੇਕਰ ਉਸ ਦੀ ਮੌਤ ਹੁੰਦੀ ਹੈ ਤਾਂ ਇਸ ਦਾ ਜਿੰਮੇਵਾਰ ਸਿਰਫ ਤੇ ਸਿਰਫ ਸਥਾਨਕ ਪ੍ਰਸ਼ਾਸਨ ਹੋਵੇਗਾ। ਨੌਜਵਾਨ ਦਾ ਕਹਿਣਾ ਹੈ ਕਿ ਜਿਹੜੇ ਲੋਕ ਨਸ਼ਾ ਕਰਦੇ ਹਨ ਉਨ੍ਹਾਂ ‘ਤੇ ਪਰਚੇ ਪਾ ਕੇ ਜੇਲ੍ਹਾਂ ‘ਚ ਸੁੱਟ ਦਿੱਤਾ ਜਾਂਦਾ ਹੈ, ਪਰ ਨਸ਼ਾ ਜਿਉਂ ਦਾ ਤਿਉਂ ਹੀ ਵਿਕ ਰਿਹਾ ਹੈ।